Sunday, December 22, 2024

ਸਥਾਨਕ ਆਗੂ ਨੂੰ ਜਿਤਾਉਣ ਦੇ ਰੌਂਅ `ਚ ਹਨ ਅੰਮ੍ਰਿਤਸਰ ਵਾਸੀ ?

    19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਆਮ ਚੋਣਾਂ ਲਈ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ।ਜਿਥੇ ਸਿਆਸੀ ਆਗੂ ਦਾਅਵੇਦਾਰੀਆਂ ਜਤਾ ਰਹੇ ਹਨ, ਉਥੇ Chhinaਜਿਲੇ ਦੇ ਵੋਟਰਾਂ ਵਲੋਂ ਵੀ ਉਮੀਦਵਾਰਾਂ ਸਬੰਧੀ ਚਰਚਾਵਾਂ ਦਾ ਦੌਰ ਜਾਰੀ ਹੈ। ਆਮ ਗੱਲਬਾਤ ਤੋਂ ਇਹ ਗੱਲ ਉਭਰ ਕੇ ਸਾਹਮਣੇ ਆ ਰਹੀ ਹੈ ਕਿ ਇਸ ਵਾਰ ਜਨਤਾ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਸਥਾਨਕ ਉਮੀਦਵਾਰ ਨੂੰ ਜਿਤਾਉਣ ਦੇ ਰੌਂਅ `ਚ ਦਿਖਾਈ ਦੇ ਰਹੇ ਹਨ।
    ਆਮ ਲੋਕਾਂ ਤੋਂ ਇਲਾਵਾ ਸਮਾਜਿਕ ਤੇ ਧਾਰਮਿਕ ਖੇਤਰ `ਚ `ਚ ਵਿੱਚਰ ਰਹੇ ਆਗੂ ਵੀ ਕਿਸੇ ਬਾਹਰਲੇ ਸੀਨੀਅਰ ਆਗੂ ਜਾਂ ਸੈਲੀਬ੍ਰਿਟੀ ਦੀ ਹਮਾਇਤ ਕਰਦੇ ਦਿਖਾਈ ਨਹੀਂ ਦੇ ਰਹੇ।ਉਨਾਂ ਦਾ ਮੰਨਣਾ ਹੈ ਕਿ ਜਿੱਤ ਹਾਸਲ ਕਰਨ ਉਪਰੰਤ ਪੈਰਾਸ਼ੂਟ ਨਾਲ ਚੋਣ ਮੈਦਾਨ ਵਿੱਚ ਉਤਾਰੇ ਸੈਲੀਬ੍ਰਿਟੀ ਜਾਂ ਹੋਰ ਸੀਨੀਅਰ ਸਥਾਨਕ ਆਗੂ ਇਲਾਕੇ ਦੀਆਂ ਮੁਸ਼ਕਿਲਾਂ ਅਤੇ ਮੁੱਦਿਆਂ ਨੂੰ ਉਸ ਢੰਗ ਨਾਲ ਪਾਰਲੀਮੈਂਟ ’ਚ ਪੇਸ਼ ਨਹੀਂ ਕਰ ਸਕਦੇ, ਜਿਸ ਤਰਾਂ ਲੋਕਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਸਥਾਨਕ ਨੇਤਾ ਇਲਾਕੇ ਦੀ ਪ੍ਰਤੀਨਿਧਤਾ ਕਰ ਸਕਦੇ ਹਨ।
ਵੱਖ-ਵੱਖ ਅਦਾਰਿਆਂ ਤੇ ਸੋਸਾਇਟੀਆਂ ਦੇ ਮੈਂਬਰਾਂ ਨੇ ਵਿਚਾਰ ਚਰਚਾ ਦੌਰਾਨ ਬਾਹਰਲੇੇ ਉਮੀਦਵਾਰਾਂ ਨੂੰ ਸ਼ਹਿਰ ਵਾਸੀਆਂ `ਤੇ ਥੋਪਣ ਦੀ ਨੀਤੀ `ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।ਉਨ੍ਹਾਂ ਕਿਹਾ ਕਿ ਇਹ ਪੈਰਾਟਰੂਪਰਜ਼ ਦੀ ਸਥਾਨਕ ਲੋਕਾਂ ਤੱਕ ਪਹੁੰਚ ਨਾ ਹੋਣ ਕਰਕੇ ਉਹ ਉਨਾਂ ਮੁੱਦਿਆਂ ਪ੍ਰਤੀ ਸੰਵੇਦਨਸ਼ੀਲ ਨਹੀਂ ਹੁੰਦੇ।ਨੋਲਿਜ਼ ਵਿਲਾ ਇਨਟੈਗ੍ਰੇਟਿਵ ਐਜ਼ੂਕੇਸ਼ਨ ਐਂਡ ਵੈਲਫ਼ੇਅਰ ਸੋਸਾਇਟੀ ਦੇ ਪ੍ਰਧਾਨ ਬਿਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਬੀਤੇ ਸਮੇਂ ਦੌਰਾਨ ਬਾਹਰਲੇ ਉਮੀਦਵਾਰਾਂ ਦੀ ਕਾਰਗੁਜ਼ਾਰੀ ਨੂੰ ਦੇਖਦਿਆਂ ਹਲਕੇ ਦੇ ਲੋਕ ਬਾਹਰੋ ਲਿਆਂਦੇ ਗਏ ਉਮੀਦਵਾਰਾਂ ਤੋਂ ਨਾਖੁਸ਼ ਹਨ।ਇਸ ਲਈ ਉਹ ਵੀ ਹਰੇਕ ਪਾਰਟੀ ਨੂੰ ਅਪੀਲ ਕਰਦੇ ਹਨ ਕਿ ਸਥਾਨਕ ਨੇਤਾਵਾਂ ਨੂੰ ਹੀ ਟਿਕਟ ਅਲਾਟ ਕਰਨ।
ਪਿਛਲੀ ਦਿਨੀਂ ਫ਼ੇਸਬੁੱਕ ’ਤੇ ਆਪਣਾ ਪੇਜ਼ ਬਣਾ ਕੇ ਲੋਕਾਂ ਦੀ ਰਾਏ ਹਾਸਲ ਕੀਤੀ ਗਈ, ਤਾਂ ਬਹੁਤਾਤ ’ਚ ਲੋਕਾਂ ਨੇ ਟਿਕਟ ਦੇਣ ਵੇਲੇ ਸਥਾਨਕ ਉਮੀਦਵਾਰਾਂ ਨੂੰ ਪਹਿਲ ਦੇਣ ਦੀ ਗੱਲ ਕਹੀ ਹੈ।ਉਨ੍ਹਾਂ ਕਿਹਾ ਕਿ ਪਿਛਲੇ ਦਹਾਕੇ ’ਚ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਜੋ ਕਿ 3 ਵਾਰ ਇੱਥੋਂ ਐਮ.ਪੀ ਰਹੇ, ਆਮ ਲੋਕਾਂ ’ਚ ਵਿੱਚਰ ਨਹੀਂ ਸਕੇ।ਉਹ ਮੁੰਬਈ ਵਿਖੇ ਟੀ.ਵੀ ਚੈਨਲਾਂ ’ਤੇ ਮਸ਼ਰੂਫ਼ ਰਹੇ।ਉਨ੍ਹਾਂ ਇਹ ਵੀ ਕਿਹਾ ਕਿ ਸਿੱਧੂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਆਪਣੇ 3 ਸਾਲ ਦੇ ਕਾਰਜਕਾਲ ਦੌਰਾਨ ਵੋਟਰਾਂ ਤੋਂ ਦੂਰੀ ਬਣਾਈ ਰੱਖੀ।ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਵੀ ਇਥੋਂ ਟਿਕਟ ਦੇਣ ਦਾ ਆਮ ਲੋਕਾਂ ਨੇ ਵਿਰੋਧ ਕੀਤਾ।ਕੌਂਸਲਰ ਅਮਰਬੀਰ ਸਿੰਘ ਢੋਟ ਅਤੇ ਸ਼ੋਸ਼ਲ ਵਰਕਰ ਸ਼ੁਸ਼ੀਲ ਦੇਵਗਨ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ  ਕਿਹਾ ਕਿ ਕੁੱਝ ਪਾਰਟੀਆਂ ਅਜੇ ਵੀ ਕਿਸੇ ਮੁੰਬਈ ਦੇ ਅਦਾਕਾਰ ਜਾਂ ਹੋਰ ਸੈਲੀਬ੍ਰਿਟੀ ਨੂੰ ਅੰਮ੍ਰਿਤਸਰ ਤੋਂ ਚੋਣ ਮੈਦਾਨ ’ਚ ਉਤਾਰਣ ਦੇ ਚਾਹਵਾਨ ਹਨ।ਲੇਕਿਨ ਇਹ ਆਮ ਸ਼ਹਿਰੀਆਂ ਨਾਲ ਸਰਾਸਰ ਧੋਖਾ ਹੈ।ਉਨ੍ਹਾਂ ਸਵਾਲ ਕੀਤਾ ਕਿ  ਕੁੱਝ ਪਾਰਟੀਆਂ ਜਿੰਨਾਂ ਕੋਲ ਸਥਾਨਕ ਉਮੀਦਵਾਰ ਜਾਂ ਸਮਰੱਥ ਨੇਤਾ ਨਹੀਂ ਹਨ, ਉਹਨਾਂ ਨੂੰ ਹੀ ਬਾਹਰਲੇ ਉਮੀਦਵਾਰਾਂ ’ਤੇ ਟੇਕ ਲਗਾਉਣੀ ਪੈ ਰਹੀ ਹੈ।ਇਕ ਹੋਰ ਸ਼ੋਸ਼ਲ ਵਰਕਰ ਅਤੇ ਐਡਵੋਕੇਟ ਪੀ.ਸੀ ਸ਼ਰਮਾ ਨੇ ਕਿਹਾ ਕਿ ਹਲਕੇ ਨੇ ਬਹੁਤ ਸਾਰੇ ਬਾਹਰਲੇ ਉਮੀਦਵਾਰ ਪਿਛਲੇ ਸਮੇਂ ’ਚ ਵੇਖੇ ਹਨ ਅਤੇ ਆਸ ਹੈ ਕਿ ਸਾਰੀਆਂ ਪਾਰਟੀਆਂ ਇਥੋਂ ਜਾਣੇ ਪਛਾਣੇ ਚਿਹਰਿਆਂ ਨੂੰ ਟਿਕਟ ਦੇਣਗੀਆਂ, ਜੋ ਕਿ ਜਿੱਤ ਹਾਸਲ ਕਰਕੇ ਲੋਕ ਸਭਾ `ਚ ਪਹੁੰਚ ਕੇ ਗੁਰੂ ਨਗਰੀ ਦੇ ਭੱਖਦੇ ਮੁੱਦਿਆਂ ਦੇ ਹੱਲ ਲਈ ਉਪਰਾਲੇ ਕਰਨਗੇ।

ਪੇਸ਼ਕਸ਼ –
ਰੂਗੁਲਾਬ ਸਿੰਘ ਰਾਜਾ
ਮੋ – 96460 46066

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply