ਮੰਗਾਂ ਨਾ ਮੰਨੀਆਂ ਤਾਂ ਪਾਰਲੀਮਾਨੀ ਚੋਣਾਂ `ਚ ਹੋਵੇਗਾ ਵਿਰੋਧ
ਸਮਰਾਲਾ, 22 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਜੋ ਕਿ ਸੂਬਾ ਪੱਧਰੀ ਜੱਥੇਬੰਦੀ ਹੈ, ਦੀ ਇੱਕ ਮੀਟਿੰਗ ਸੂਬਾ ਪ੍ਰਧਾਨ ਪ੍ਰੇਮ ਸਾਗਰ ਸ਼ਰਮਾ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ਼ ਭਵਨ ਲੁਧਿਆਣਾ ਵਿਖੇ ਹੋਈ। ਜਿਸ ਵਿੱਚ ਸਬੰਧਿਤ ਜੱਥੇਬੰਦੀ ਦੇ ਯੂਨਿਟ ਪ੍ਰਧਾਨਾਂ ਅਤੇ ਜਰਨਲ ਸਕੱਤਰਾਂ ਨੇ ਸ਼ਮੂਲੀਅਤ ਕੀਤੀ। ਸਭ ਤੋਂ ਪਹਿਲਾਂ ਮਹਾਂਸੰਘ ਦੇ ਕਨਵੀਨਰ ਨਿਰਵੈਰ ਸਿੰਘ ਪੰਨੂੰ ਦੀ ਮੌਤ `ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ।
ਉਪਰੰਤ ਪੰਜਾਬ ਭਰ ਤੋਂ ਆਏ ਆਗੂਆਂ ਨੇ ਪੰਜਾਬ ਸਰਕਾਰ ਦੁਆਰਾ ਹੱਕੀ ਮੰਗਾਂ ਨਾ ਮੰਨਣ ਕਾਰਨ ਨਿਖੇਧੀ ਕਰਦਿਆਂ ਕਿਹਾ ਕਿ ਉਹਨਾਂ ਨੂੰ ਇਸ ਬੁਢਾਪੇ ਦੀ ਉਮਰੇ ਹੱਕਾਂ ਦੀ ਪ੍ਰਾਪਤੀ ਲਈ ਸੜਕਾਂ ’ਤੇ ਉਤਰ ਕੇ ਸੰਘਰਸ਼ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਕੈਪਟਨ ਸਰਕਾਰ ਚੋਣਾਂ ਤੋਂ ਪਹਿਲਾਂ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰ ਗਈ ਹੈ। ਜਿਸ ਦਾ ਖਮਿਆਜ਼ਾ ਇਹਨਾਂ ਨੂੰ ਪਾਰਲੀਮਾਨੀ ਚੋਣਾਂ ਵਿੱਚ ਭੁਗਤਣਾ ਪਵੇਗਾ। ਕਨਵੀਨਰ ਪ੍ਰੇਮ ਸਾਗਰ ਸ਼ਰਮਾ ਨੇ ਦੱਸਿਆ ਕਿ ਮੀਟਿੰਗ ਵਿੱਚ ਤਿੱਖਾ ਨੋਟਿਸ ਲੈਂਦਿਆਂ ਪੈਨਸ਼ਨਰਾਂ ਨੇ ਤਿੰਨ ਮਤੇ ਪਾਸ ਕੀਤੇ, ਪਹਿਲੇ ਮਤੇ ਵਿੱਚ ਸਬ ਡਵੀਜ਼ਨ ਪੱਧਰ `ਤੇ ਧਰਨੇ ਮਾਰ ਕੇ ਐਸ.ਡੀ.ਐਮ ਨੂੰ ਰੋਸ ਪੱਤਰ ਦੇ ਕੇ ਬਾਜ਼ਾਰਾਂ ਵਿੱਚ ਰੋਸ ਮਾਰਚ ਕੀਤੇ ਜਾਣਗੇ। ਦੂਜੇ ਮਤੇ ਵਿੱਚ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵਲੋਂ 27 ਮਾਰਚ ਨੂੰ ਲੁਧਿਆਣਾ ਵਿਖੇ ਕੀਤੀ ਜਾਵੇਗੀ ਜਿਸ ਵਿੱਚ ਤਿੱਖੇ ਸੰਘਰਸ਼ ਸਬੰਧੀ ਐਲਾਨ ਕੀਤਾ ਜਾਵੇਗਾ।ਤੀਜੇ ਮਤੇ ਵਿੱਚ ਪੰਜਾਬ ਪੱਧਰੀ ਮੁਲਾਜ਼ਮਾਂ ਦੀ ਜੱਥੇਬੰਦੀ ਵੱਲੋਂ ਜੋ ਸੰਘਰਸ਼ ਦਾ ਐਲਾਨ ਹੋਵੇਗਾ, ਉਸ ਵਿੱਚ ਵੀ ਮਹਾਸੰਘ ਦੇ ਪੈਨਸ਼ਨਰ ਗੱਜ-ਵੱਜ ਕੇ ਹਿੱਸਾ ਲੈਣਗੇ।ਜੇ ਫਿਰ ਵੀ ਸਰਕਾਰ ਕੁੰਭ ਕਰਨੀ ਨੀਂਦ ਸੁੱਤੀ ਰਹੀ ਤਾਂ ਦੁਬਾਰਾ ਮੀਟਿੰਗ ਕਰਨ ਉਪਰੰਤ ਇਸ ਤੋਂ ਵੀ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਇਹ ਵੀ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾਂ 01-01-2018, 01-07-2018 ਅਤੇ 01-01-2019 ਤੁਰੰਤ ਜਾਰੀ ਕਰੇ, ਜੇਕਰ ਸਰਕਾਰ ਇਨ੍ਹਾਂ ਕਿਸ਼ਤਾਂ ਨੂੰ ਜਾਰੀ ਕਰਨ ਵਿੱਚ ਦੇਰੀ ਕੀਤੀ ਤਾਂ ਸਮੁੱਚਾ ਮੁਲਾਜ਼ਮ ਭਾਈਚਾਰਾ ਪਾਰਲੀਮਾਨੀ ਚੋਣਾਂ ਵਿੱਚ ਮੌਜੂਦਾ ਸਰਕਾਰ ਦਾ ਵਿਰੋਧ ਕਰੇਗਾ।ਮੀਟਿੰਗ ਦੀ ਕਾਰਵਾਈ ਪੈਨਸ਼ਨਰਜ਼ ਮਹਾਂ ਸੰਘ ਦੇ ਜਰਨਲ ਸਕੱਤਰ ਰਣਬੀਰ ਢਿੱਲੋਂ ਨੇ ਬਾਖੂਬੀ ਨਿਭਾਈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …