ਲੌਂਗੋਵਾਲ, 21 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਸਿਮਰਨਜੀਤ ਸਿੰਘ ਮਾਨ ਜੋ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਵੀ ਹਨ, ਨੇ ਆਪਣੀ ਚੋਣ ਮੁਹਿੰਮ ਪੂਰੀ ਤਰ੍ਹਾਂ ਭਖਾਈ ਹੋਈ ਹੈ।ਇਸੇ ਲੜੀ ਤਹਿਤ ਉਨ੍ਹਾਂ ਨੇ ਪਿੰਡ ਮੰਡੇਰ ਖੁਰਦ, ਸਾਹੋਕੇ, ਢੱਡਰੀਆਂ, ਰੱਤੋਕੇ ਅਤੇ ਪਿੰਡ ਲੌਂਗੋਵਾਲ ਵਿਖੇ ਆਪਣੀ ਚੋਣ ਰੈਲੀ ਕੀਤੀ। ਲੌਂਗੋਵਾਲ ਵਿਖੇ ਉਨ੍ਹਾਂ ਨੂੰ ਸੰਗਤਾਂ ਵਲੋਂ ਲੱਡੂਆਂ ਨਾਲ ਵੀ ਤੋਲਿਆ ਗਿਆ ।
ਆਪਣੇ ਭਾਸ਼ਣ ਦੌਰਾਨ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਸਰਬਉੱਚ ਧਾਰਮਿਕ ਸੰਸਥਾ ਹੈ ਨਾ ਕਿ ਕਿਸੇ ਇੱਕ ਸਿਆਸੀ ਪਾਰਟੀ ਦੀ ਇਸ ਲਈ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਾ ਸਿੱਖ ਕੌਮ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ ਅਤੇ ਕੌਮਾਂਤਰੀ ਪੱਧਰ `ਤੇ ਸਿੱਖਾਂ ਦੇ ਸਤਿਕਾਰ ਨੂੰ ਘਟਾਉਣ ਵਾਲੀ ਕਾਰਵਾਈ ਹੈ।ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਦੇ ਪਿਤਾ ਅਤੇ ਬਜ਼ੁਰਗ ਸਿਆਸਤਦਾਨ ਸੁਖਦੇਵ ਸਿੰਘ ਢੀਂਡਸਾ ਆਪਣੇ ਪੁੱਤਰ ਦੇ ਇਹ ਚੋਣ ਲੜਨ ਦੇ ਬਿਲਕੁਲ ਹੱਕ ਵਿਚ ਨਹੀਂ ਹਨ ਅਤੇ ਜਦੋਂ ਅਜਿਹੇ ਤਜਰਬੇਕਾਰ ਸਿਆਸਤਦਾਨ ਇੱਕ ਦੂਰ ਅੰਦੇਸ਼ੀ ਵਾਲਾ ਫੈਸਲਾ ਲੈ ਰਹੇ ਹਨ ਤਾਂ ਸਿੱਖ ਕੌਮ ਦੀ ਸਰਬਉੱਚ ਸੰਸਥਾ ਐਸ.ਜੀ.ਪੀ.ਸੀ ਦੇ ਮੁਖੀ ਵਲੋਂ ਅਜਿਹਾ ਅਮਲ ਕਰਨਾ ਹੋਰ ਵੀ ਨਮੋਸ਼ੀ ਵਾਲਾ ਤੇ ਦੁੱਖਦਾਇਕ ਵਰਤਾਰਾ ਹੈ।
ਪਿੰਡ ਲੌਂਗੋਵਾਲ ਦੀ ਤਰਸਯੋਗ ਹਾਲਤ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਕਸਬੇ ਵਿੱਚ ਜਗ੍ਹਾ ਜਗ੍ਹਾ ਤੋਂ ਗਲੀਆਂ ਟੁੱਟੀਆਂ ਪਈਆਂ ਹਨ ਅਤੇ ਨਾਲੀਆਂ ਦਾ ਗੰਦਾ ਪਾਣੀ ਸੜਕਾਂ ਉੱਪਰ ਫਿਰ ਰਿਹਾ ਹੈ।ਗੋਬਿੰਦ ਸਿੰਘ ਲੌਂਗੋਵਾਲ ਵਲੋਂ ਇਸ ਇਲਾਕੇ ਵਿੱਚ ਕੋਈ ਵੀ ਸਕੂਲ ਕਾਲਜ ਨਹੀਂ ਖੋਲ੍ਹਿਆ ਗਿਆ ਅਤੇ ਸ਼ਹੀਦਾਂ ਦੀ ਇਸ ਪਵਿੱਤਰ ਧਰਤੀ `ਤੇ ਸ਼੍ਰੋਮਣੀ ਕਮੇਟੀ ਵਲੋਂ ਸੰਗਤਾਂ ਨੂੰ ਸਿੱਖੀ ਨਾਲ ਜੋੜਨ ਲਈ ਕੋਈ ਪ੍ਰਚਾਰ ਪ੍ਰਸਾਰ ਦਾ ਸਾਧਨ ਨਹੀਂ ਅਪਣਾਇਆ ਗਿਆ।ਸਿਮਰਨਜੀਤ ਸਿੰਘ ਮਾਨ ਵਲੋਂ ਕਾਲਾ ਰਾਮ ਮਿੱਤਲ ਨੂੰ ਆਪਣੀ ਪਾਰਟੀ ਦਾ ਸ਼ਹਿਰੀ ਪ੍ਰਧਾਨ ਵੀ ਨਿਯੱਕਤ ਕੀਤਾ ਗਿਆ।
ਇਸ ਮੌਕੇ ਅਮਰੀਕ ਸਿੰਘ ਬੱਲੋਵਾਲ ਜਨਰਲ ਸਕੱਤਰ ਪੰਜਾਬ, ਸ਼ਹਿਬਾਜ਼ ਸਿੰਘ ਡਸਕਾ ਹਲਕਾ ਇੰਚਾਰਜ ਸੁਨਾਮ, ਅੰਮ੍ਰਿਤਪਾਲ ਸਿੰਘ ਸਿੱਧੂ ਸਰਕਲ ਪ੍ਰਧਾਨ, ਅਮਰਜੀਤ ਸਿੰਘ ਗਿੱਲ ਸਰਕਲ ਪ੍ਰੈਸ ਸਕੱਤਰ, ਜਥੇਦਾਰ ਛੱਜੂ ਸਿੰਘ, ਦਰਸ਼ਨ ਸਿੰਘ ਖ਼ਾਲਸਾ ਜਿਲ੍ਹਾ ਵਰਕਿੰਗ ਕਮੇਟੀ ਮੈਂਬਰ, ਰਾਜ ਸਿੰਘ ਤਿਹਾੜੀਆ, ਗੁਰਪ੍ਰੀਤ ਸਿੰਘ ਦੁੱਗਾਂ, ਜਗਤਾਰ ਸਿੰਘ ਮੰਡੇਰ ਕਲਾਂ, ਮੇਵਾ ਸਿੰਘ ਮੰਡੇਰ ਕਲਾਂ, ਪਾਲ ਸਿੰਘ ਮੰਡੇਰ ਖੁਰਦ, ਦਰਸ਼ਨ ਸਿੰਘ ਮੰਡੇਰ ਖੁਰਦ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …