Friday, November 22, 2024

ਹੁਣ ਜਮਾਨਾ ਲੰਘ ਗਿਆ…

ਹੁਣ ਜਮਾਨਾ ਲੰਘ ਗਿਆ
ਪਰਾਲੀ ਦੇ ਢੇਰ `ਤੇ ਛਾਲਾਂ ਮਾਰਨ ਦਾ,
ਪਤੰਗਾਂ ਫੜਦੇ ਫੜਦੇ ਦੂਜੇ ਪਿੰਡ ਪਹੁੰਚ ਜਾਣ ਦਾ,
ਘਲਾੜੀ ਤੇ ਬਹਿ ਕੇ ਤੱਤਾ ਤੱਤਾ ਗੁੜ ਖਾਣ ਦਾ,
ਆਂਉਦੇ ਦਸ-ਬਾਰਾਂ ਗੰਨੇ ਘਰ ਨੂੰ ਲਿਆਉਣ ਦਾ,
ਬੁਰਾ ਨੀ ਮਨਾਉਣਾ ਪਿੰਡ ਦੇ ਸਿਆਣੇ ਬੰਦੇ ਦੀ ਘੂਰ ਦਾ
ਆਪ ਨਹਾਉਣਾ ਤੇ ਟੋਭਿਆਂ `ਚ ਮਹੀਆਂ ਨੂੰ ਨਵਾਉਣ ਦਾ
ਮਖਾਣੇ ਖਿੱਲਾਂ ਪਕੋੜੀਆਂ ਚ ਰਲਾ ਕੇ ਖਾਣ ਦਾ
ਅੱਠ ਵੱਜਦੇ ਨੂੰ ਰੋਟੀ-ਟੁੱਕ ਖਾ ਕੇ ਸੋਂ ਜਾਣ ਦਾ
ਕੈਂਚੀ ਸਾਈਕਲ ਸਿੱਖਣ ਲੱਗੇ ਰਗੜਾਂ ਲਵਾਉਣ ਦਾ
ਜਲੰਧਰ ਤੋਂ ਦੁਰਦਰਸ਼ਨ ਦੀਆਂ ਖਬਰਾਂ ਦਿਖਾਉਣ ਦਾ
ਸੈਲ ਧੁੱਪੇ ਰੱਖ ਰੇੜੂਏ `ਚ ਪਾਉਣ ਦਾ
ਬੀ.ਸੀ.ਆਰ ਕਿਰਾਏ ਤੇ ਲਿਆਉਣ ਦਾ।

ਹੁਣ ਜਮਾਨਾ ਲੰਘ ਗਿਆ
ਰਾਹ `ਚ ਸ਼ਰਾਬੀ ਪਏ ਬੰਦੇ ਨੂੰ ਉਹਦੇ ਘਰ ਛੱਡ ਕੇ ਆਉਣ ਦਾ
ਬਰਸੀਨ ਦੀਆਂ ਡੰਡੀਆਂ ਚੱਬ ਪੀਪਣੀਆਂ ਬਣਾਉਣ ਦਾ
ਆੜ ਚ ਨੱਕ ਬੰਦ ਕਰਕੇ ਲੰਬੀ ਤੋਂ ਲੰਬੀ ਚੁੱਭੀ ਲਾਉਣ ਦਾ
ਰੁਪਈਏ ਦੀਆਂ ਸੰਤਰੇ ਵਾਲੀਆਂ ਗੋਲੀਆਂ ਲਿਉਣ ਦਾ
ਗੁਆਂਡੀ ਦੇ ਘਰੋਂ ਚੋਰੀ ਮਰੂਦ ਤੋੜ ਕੇ ਭੱਜ ਜਾਣ ਦਾ
ਮੀਂਹ ਪੈਂਦੇ ਵੀਹਾਂ `ਚ ਭੱਜ-ਭੱਜ ਕੇ ਨਾਉਣ ਦਾ
ਬਾਪੂ ਦੇ ਸਾਇਕਲ ਦੇ ਮੂਹਰਲੇ ਡੰਡੇ ਬੈਠ ਝੂਟੇ ਲੈਣ ਦਾ
ਮੋਮ ਜਾਮੇ ਦੇ ਪਤੰਗ ਬਣਾ ਕੇ ਉਡਾਉਣ ਦਾ
ਖੇਤਾਂ `ਚ ਚਿੱਬੜ ਲੱਭ ਕੇ ਲਿਆਉਣ ਦਾ।

ਹੁਣ ਜਮਾਨਾ ਲੰਘ ਗਿਆ
ਆਉਂਦੇ ਜਾਂਦੇ ਹਰ ਸਿਆਣੇ ਨੂੰ ਸਿਰ ਨਿਵਾਉਣ ਦਾ
ਧਮਕ ਆਲੇ ਸਪੀਕਰਾਂ ਦੇ ਪੜਦੇ ਪਵਾਉਣ ਦਾ
ਗਵੰਤਰੀ ਦਾ ਬੋਹੜ ਥੱਲੇ ਅਖਾੜਾ ਲਵਾਉਣ ਦਾ
ਵਿਆਹਾਂ ਚ ਕਣਾਤਾਂ ਤੇ ਮੰਜੇ ਬਿਸਤਰੇ ਲਾਉਣ ਦਾ
ਮੰਜੇਆਂ ਨੂੰ ਜੋੜ ਸਪੀਕਰ ਉੱਚੇ ਕਰ ਲਾਉਣ ਦਾ
ਵਿਆਹ ਦੇ ਗਿੱਧੇ ਚ ਬੋਲੀਆਂ ਲਾ ਲਾ ਕੇ ਸੁਣਾਉਣ ਦਾ
ਰੋਟੀ `ਚ ਲਵੇਟ ਖੰਡ ਪੂਣੀ ਬਣਾ ਘਰੋਂ ਭੱਜਦੇ ਭੱਜਦੇ ਖਾਣ ਦਾ
ਕੱਚ ਦੀਆਂ ਗੋਲੀਆਂ ਜੇਬ ਚ ਪਾ ਕੇ ਖੜਕਾਉਣ ਦਾ
ਸਕੂਲ `ਚੋ਼ਂ ਘਰੋਂ ਬੋਰੀਆਂ ਲਿਆ ਕੇ ਬੈਠ ਜਾਣ ਦਾ ।

ਹੁਣ ਜਮਾਨਾ ਲੰਘ ਗਿਆ
ਡੈਕ ਦੀ ਰੀਲ ਕਿਸੇ ਤੋਂ ਮੰਗਵੀ ਲਿਆ ਕੇ ਸੁਨਣ ਦਾ
ਵਰਕੇ ਤੇ ਚੁਨਵੇ-ਚੁਨਵੇ ਗੀਤ ਲਿਖ, ਗੀਤ ਭਰਵਾਉਣ ਦਾ
ਵਿਹੜੇ, ਕੇਠੋਆਂ ਨੂੰ ਗੋਹੇ ਮਿੱਟੀ ਨਾਲ ਲਿੱਪਣ ਦਾ
ਉੱਤੇ ਫੇਰ ਮੋਰ ਅਤੇ ਘੁੱਗੀਆਂ ਬਣਾਉਣ ਦਾ
ਖੂਹਾਂ ਤੋਂ ਪਾਣੀ ਭਰ ਕੇ ਲਿਆਉਣ ਦਾ
ਇੱਕੇ ਕੋਠੇ ਪਰਿਵਾਰਾਂ ਦੇ ਰਲ ਕੇ ਜਿਉਣ ਦਾ।

ਹੁਣ ਜਮਾਨਾ ਲੰਘ ਗਿਆ
ਬਲਦਾਂ ਦੇ ਪਹਿਲੇ ਪਹਿਰ ਖੇਤਾਂ ਨੂੰ ਵਾਹੁਣ ਦਾ
ਪਿੰਡ ਦੇ ਬਾਹਰੋਂ ਕਿਤੋਂ ਦੂਰੋਂ ਪੀਟਰ ਦੀ ਆਵਾਜ
ਠੱਕ ਠੱਕ ਕਰਕੇ ਆਉਣ ਦਾ
ਭਰਮਾ ਰੁੱਗ ਲਾ ਕੇ ਟੋਕੇ ਨੂੰ ਕੱਲੇ ਹੱਥ ਨਾਲ ਗੇੜਨ ਦਾ
ਧੂਮੇ ਚਾਦਰੇ ਜਾਂ ਖੁੱਲੀ ਮੂਹਰੀ ਆਲੀ ਪੈਂਟ ਸਵਾਉਣ ਦਾ
ਜੇ ਖੇਡਣ ਨੂੰ ਦਿਲ ਨਾ ਕਰੇ ਤਾਂ ਬਈ ਅੱਜ ਤਾਂ ਹਾਰੇ ਆਂ, ਕਹਿਣ ਦਾ
ਪੈਹਲ, ਦੁੱਗ, ਤਿੱਗ ਅਤੇ ਫਾਡੀ ਆਉਣ ਦਾ
ਬਿਨਾ ਭੱਜ ਨੱਠ ਵਾਲੀ ਜਿੰਦਗੀ ਜਿਊਣ ਦਾ। 

Parveen-Garg-Dhuri

 

 

ਪ੍ਰਵੀਨ ਗਰਗ
ਧੂਰੀ।
ਮੋ – 90419-18486

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply