“ਯਾਰ ਆ ਦਿਲਦਾਰ ਸਿੰਘ ਐਵੇਂ ਈ ਸਟੇਟਸ ਬਦਲ ਬਦਲ ਕੇ ਪਾਈ ਜਾਂਦਾ ਆਪਣੇ ਮੋਬਾਇਲ `ਤੇ ਹਰ ਰੋਜ਼! ਕਦੇ ਖਿਡਾਉਣ ਦਾ, ਕਦੇ ਸੈਮੀਨਾਰ ਲਗਾਉਣ ਦਾ, ਕਦੇ ਕੋਈ ਫ਼ਿਲਮ ਬਣਾਉਣ ਦਾ, ਕਦੇ ਭੰਗੜਾ ਪਵਾਉਣ ਦਾ, ਕਦੇ ਲੋੜਵੰਦਾਂ ਨੂੰ ਵਰਦੀਆਂ ਵੰਡਣ ਦਾ, ਕਦੇ ਕਿਸੇ ਆਲ੍ਹਾ ਅਫ਼ਸਰ ਵੱਲੋਂ ਸਨਮਾਨਿਤ ਹੋਣ ਦਾ, ਕਦੇ ਕਿਸੇ ਨੂੰ ਸਨਮਾਨਿਤ ਕਰਨ ਦਾ ਤੇ ਕਦੇ ਵੱਡੇ-ਵੱਡੇ ਲੈਕਚਰ ਦੇਣ ਦਾ…।”ਨਿਰਾਸ਼ਾ ਵਿੱਚ ਬੋਲਦਿਆਂ ਚਿੰਤਤ ਲੁਭਾਇਆ ਨੇ ਚਿੰਤਨ ਸਿੰਘ ਨੂੰ ਕਿਹਾ।
“ਯਾਰ ਲੁਭਾਇਆ, ਤੇਰਾ ਕੀ ਜਾਂਦਾ ਜੇ ਉਹ ਸਟੇਟਸ ਬਦਲ ਬਦਲ ਕੇ ਪਾਈ ਜਾਂਦਾ? ਤੂੰ ਐਵੇਂ ਰੋਜ਼ ਸੜ ਸੜ ਕੇ ਏਦਾਂ ਦਾ ਹੋਈ ਜਾਨਾਂ, ਜਿਵੇਂ ਟੀਕਾ ਲਾ ਕੇ ਕਿਸੇ ਨੇ ਤੇਰਾ ਖ਼ੂਨ ਕੱਢਿਆ ਹੋਵੇ”!
ਚਿੰਤਨ ਸਿੰਘ ਦੇ ਇਹ ਬੋਲ ਸੁਣ ਕੇ ਚਿੰਤਤ ਲੁਭਾਇਆ ਜ਼ਰਾ ਭੜਕ ਉੱਠਿਆ।ਅਖੇ, “ਮੈਂ ਕਦੀ ਸਟੇਟਸ ਪਾਇਆ ਆਪਣੇ ਮੋਬਾਇਲ ‘ਤੇ! ਐਵੇਂ ਦਿਖਾਵੇ ਦੀ ਦੁਨੀਆਂ! ਨਾਲੇ ਜੇ ਕੰਮ ਚੰਗੇ ਕੀਤੇ, ਤਾਂ ਦਿਖਾਉਣ ਦੀ ਕੀ ਲੋੜ? ਵੈਸੇ ਵੀ ਹੌਲਾ ਭਾਂਡਾ ਜ਼ਿਆਦਾ ਖੜਕਦਾ!” ਚਿੰਤਤ ਲੁਭਾਏ ਨੇ ਚਿੰਤਨ ਸਿੰਘ ਨੂੰ ਤਲਖ਼ੀ ਵਿੱਚ ਕਿਹਾ।
“ਅੱਜ ਮਾਡਰਨ ਯੁੱਗ ਆ ਗਿਆ।ਮਸ਼ੂਰੀ ਦਾ ਯੁੱਗ।ਪੁਰਾਣੀਆਂ ਧਾਰਨਾਵਾਂ ਛੱਡ।ਭਰਿਆ ਭਾਂਡਾ ਕਿਹੜਾ ਖੜਕਦਾ ਨਈਂ।ਉਸ ਨੇ ਤਾਂ ਤੈਨੂੰ ਨਈਂ ਕਿਹਾ ਕਿ ਤੂੰ ਉਸ ਦਾ ਸਟੇਟਸ ਦੇਖ? ਬਾਹਲ਼ੀ ਤਲਖ਼ੀ ਆ ਤਾਂ ਤੂੰ ਉਸ ਨੂੰ ਬਲਾਕ ਕਰ ਦੇ।ਤੂੰ ਈ ਦੇਖਦਾਂ ਉਸ ਦਾ ਸਟੇਟਸ, ਉਹ ਨੇ ਕਿਹੜਾ ਤੈਨੂੰ ਦੇਖਣ ਲਈ ਕਿਹਾ?” ਚਿੰਤਨ ਸਿੰਘ ਨੇ ਚਿੰਤਤ ਨੂੰ ਸਮਝਾਉਂਦਿਆਂ ਕਿਹਾ।
“ਹੂੰ…।ਆਏ ਵੱਡੇ ਸਟੇਟਸ ਵਾਲੇ।ਮੈਂ ਕਦੀ ਆਪਣੀ ਫੋਟੋ ਤੋਂ ਇਲਾਵਾ ਕਦੇ ਸਟੇਟਸ ਪਾਇਆ?” ਚਿੰਤਤ ਨੇ ਬੜੇ ਮਾਣ ਨਾਲ ਕਿਹਾ।“ਗੁੱਸਾ ਨਾ ਕਰੀਂ।ਤੂੰ ਕਿੰਨੇ ਲੋੜਵੰਦਾਂ ਦੀ ਮਦਦ ਕੀਤੀ, ਕਿੰਨੇ ਸੈਮੀਨਾਰ ਲਗਾਏ, ਕਿੰਨੀਆਂ ਫ਼ਿਲਮਾਂ ਬਣਾਈਆਂ, ਕਿੰਨੇ ਲੈਕਚਰ ਦਿੱਤੇ ਤੇ ਕਿੰਨੀ ਵਾਰੀ ਤੈਨੂੰ ਲੋਕਾਂ ਨੇ ਸਨਮਾਨਿਤ ਕੀਤਾ ?…ਟਿਊਸ਼ਨਾਂ ਪੜਾ੍ਹਉਣ ਤੋਂ ਤੇ ਘਰ ਦੇ ਕੰਮ ਕਰਨ ਤੋਂ ਤਾਂ ਤੈਨੂੰ ਕਦੇ ਵਿਹਲ ਨਹੀਂ ਮਿਲਿਆ, ਦਿਲਾਵਰ ਵਾਲੇ ਕੰਮ ਤੂੰ ਕਿੱਥੋਂ ਕਰਨੇ?
ਲੈ ਮੇਰੀ ਗੱਲ ‘ਤੇ ਗੌਰ ਕਰੀਂ ਜ਼ਰਾ…ਜੇ ਤੂੰ ਰੋਜ਼ ਸਟੇਟਸ ਬਦਲ ਬਦਲ ਕੇ ਪਾਉਣਾ ਹੋਵੇ ਤਾਂ ਕੀ ਪਾਵੇਂਗਾ? ਕੀ ਟਿਊਸ਼ਨ ਪੜ੍ਹਾਈ ਰੋਜ਼? ਕੀ ਆਪਣੇ ਬੱਚਿਆਂ ਦੇ ਘਰ ਦੇ ਕੰਮ ਕੀਤੇ ਜਾਂ ਆਪਣੀ ਸ਼ਕਲ ਜੋ ਕੁਦਰਤ ਨੇ ਦਿੱਤੀ ਹੈ, ਵੱਖ ਵੱਖ ਢੰਗਾਂ ਨਾਲ ਲੋਕਾਂ ਨੂੰ ਦਿਖਾਉਣ ਲਈ ਪਾਵੇਂਗਾ? ਵੈਸੇ ਗੁੱਸਾ ਨਾ ਕਰੀਂ, ਇਕ ਪਿੰਡ ਦੇ ਸਰਪੰਚ ਨੇ ਤੈਨੂੰ ਤੇਰੀ ਇਮਾਨਦਾਰੀ ਕਰਕੇ ਸਨਮਾਨਿਤ ਕੀਤਾ ਸੀ।ਮੈਨੂੰ ਯਾਦ ਹੈ ਕਿ ਤੂੰ ਕਰੀਬ ਦਸ ਦਿਨ ਆਪਣਾ ਸਟੇਟ ਉਹੀ ਰੱਖਿਆ ਸੀ!
ਦਿਲਰਾਜ ਸਿੰਘ ਤਾਂ ਹਰ ਰੋਜ਼ ਕੋਈ ਨਾ ਕੋਈ ਸਮਾਜ ਵਿਚ ਸਮਾਜ ਦੀ ਬਿਹਤਰੀ ਲਈ ਕੰਮ ਕਰਦਾ ਰਹਿੰਦਾ ਤੇ ਆਪਣੇ ਸਟੇਟਸ ਬਦਲਦਾ ਰਹਿੰਦਾ।ਵੈਸੇ ਵੀ ਆਪਣੀ ਸ਼ਕਲ ਨੂੰ ਵੱਖ-ਵੱਖ ਅੰਦਾਜ਼ਾਂ ਵਿਚ ਮੋਬਾਇਲ ਦੇ ਸਟੇਟਸ ‘ਤੇ ਪਾਉਣ ਨਾਲੋਂ ਉਹਨਾਂ ਕੰਮਾਂ ਦਾ ਸਟੇਟਸ ਲਾਉਣਾ ਸੌ ਗੁਣਾਂ ਚੰਗਾ ਜੋ ਦੂਜਿਆਂ ਨੂੰ ਮਨੁੱਖ ਤੇ ਸਮਾਜ ਦੀ ਬਿਹਤਰੀ ਦੀ ਪ੍ਰੇਰਨਾ ਦੇ ਸਕੇ, ਚਿੰਤਨ ਸਿੰਘ ਨੇ ਚਿੰਤਤ ਲੁਭਾਇਆ ਨੂੰ ਸਮਝਾਉਂਦਿਆਂ ਕਿਹਾ।
ਡਾ. ਪਰਮਜੀਤ ਸਿੰਘ ਕਲਸੀ (ਸਟੇਟ ਅਤੇ ਨੈਸ਼ਨਲ ਐਵਾਰਡੀ),
ਲੈਕਚਰਾਰ ਪੰਜਾਬੀ, ਪਿੰਡ ਤੇ ਡਾਕਖਾਨਾ ਊਧਨਵਾਲ,
ਤਹਿਸੀਲ ਬਟਾਲਾ।ਜ਼ਿਲਾ ਗੁਰਦਾਸਪੁਰ-143505
ਮੋ – 70689 00008
Email – kalsi19111@gmail.com