ਵਾਤਾਵਰਣ ਬਚਾਉਣ ਵਾਲੇ ਕਿਸਾਨਾਂ ਨੂੰ ਅਜ਼ਾਦੀ ਦਿਹਾੜੇ ਉਤੇ ਕਰਾਂਗੇ ਸਨਮਾਨਿਤ
ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਮੁੱਖ ਸਕੱਤਰ ਪੰਜਾਬ ਕਰਨ ਅਵਤਾਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਧਰਤੀ ਹੇਠਲੇ ਪਾਣੀ ਅਤੇ ਵਾਤਾਵਰਣ ਨੂੰ ਬਚਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਇਸ ਲੜੀ ਵਿਚ ਕਿਸਾਨਾਂ ਦਾ ਸਾਥ ਲੈਣ ਲਈ ‘ਪਾਣੀ ਬਚਾਓ-ਪੈਸਾ ਕਮਾਓ’ ਨਾਮ ਦੀ ਸਕੀਮ ਸ਼ੁੁਰੂ ਕੀਤੀ ਜਾ ਰਹੀ ਹੈ, ਜਿਸ ਦੇ ਪਾਇਲਟ ਪ੍ਰਾਜੈਕਟ ਤਹਿਤ 200 ਬਿਜਲੀ ਫੀਡਰਾਂ ਦੀ ਚੋਣ ਰਾਜ ਭਰ ਵਿਚ ਕੀਤੀ ਗਈ ਹੈ।ਉਨਾਂ ਦੱਸਿਆ ਕਿ ਇੰਨਾਂ ਫੀਡਰਾਂ ਵਿਚ ਕਿਸਾਨਾਂ ਦੀਆਂ ਮੋਟਰਾਂ ਉਤੇ ਲਗਾਏ ਗਏ ਮੀਟਰ ਦਾ ਬਿਜਲੀ ਬਿੱਲ ਪੰਜਾਬ ਸਰਕਾਰ ਵੱਲੋਂ ਅਗਾਊਂ ਹੀ ਕਿਸਾਨ ਦੇ ਖਾਤੇ ਵਿੱਚ ਪਾ ਦਿੱਤਾ ਜਾਵੇਗਾ ਅਤੇ ਜੋ ਕਿਸਾਨ ਘੱਟ ਪਾਣੀ ਵਰਤੇਗਾ, ਉਸ ਨੂੰ ਉਨੀ ਹੀ ਵੱਧ ਪੈਸੇ ਦੀ ਬਚਤ ਹੋਵੇਗੀ।ਉਨਾਂ ਦੱਸਿਆ ਕਿ ਇਸੇ ਤਰਾਂ ਵਾਤਾਵਰਣ ਲਈ ਕੰਮ ਕਰਨ ਵਾਲੇ ਕਿਸਾਨ, ਜੋ ਆਪਣਾ ਨਾੜ ਤੇ ਪਰਾਲੀ ਆਦਿ ਖੇਤਾਂ ਵਿਚ ਨਾ ਸਾੜ ਕੇ ਇਸ ਨੂੰ ਖੇਤ ਵਿਚ ਵਾਹ ਦਿੰਦੇ ਹਨ, ਨੂੰ ਆਜ਼ਾਦੀ ਦਿਹਾੜੇ ਮੌਕੇ ਸਨਮਾਨਿਤ ਕੀਤਾ ਜਾਵੇਗਾ।
ਅੰਮ੍ਰਿਤਸਰ ਜਿਲ੍ਹੇ ਵਿਚ ਸਰਕਾਰ ਦੁਆਰਾ ਚਲਾਏ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਦਾ ਲੇਖਾ-ਜੋਖਾ ਕਰਨ ਲਈ ਬੁਲਾਈ ਗਈ ਵਿਸ਼ੇਸ਼ ਮੀਟਿੰਗ ਦੀ ਪ੍ਰਧਾਨਗੀ ਕਰਦੇ ਕਰਨ ਅਵਤਾਰ ਸਿੰਘ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਡਾ ਕੰਮ ਲੋਕ ਸੇਵਾ ਹੈ ਅਤੇ ਇਸ ਨੂੰ ਤਰਜ਼ੀਹ ਦਿੱਤੀ ਜਾਵੇ।ਉਨਾਂ ਕਿਹਾ ਕਿ ਲੋਕ ਮਸਲੇ ਹੱਲ ਕਰਨ ਲਈ ਸਾਰੇ ਵਿਭਾਗਾਂ ਦੇ ਅਧਿਕਾਰੀ ਪੂਰਾ ਤਾਣ ਲਗਾਉਣ ਤੇ ਇਸ ਕੰਮ ਲਈ ਜੋ ਵੀ ਤੁਹਾਡੀਆਂ ਲੋੜਾਂ ਹਨ, ਉਹ ਸਰਕਾਰ ਪੂਰਾ ਕਰੇਗੀ।ਉਨਾਂ ਕਿਹਾ ਕਿ ਆਪਣੀ ਸਮਰੱਥਾ ਦੀ ਸਹੀ ਵਰਤੋਂ ਕਰਕੇ ਅਤੇ ਦਫਤਰ ਦੇ ਸਟਾਫ ਨੂੰ ਨਾਲ ਲੈ ਕੇ ਤੁਸੀਂ ਇਸ ਕੰਮ ਨੂੰ ਸੌਖੇ ਤਰੀਕੇ ਨਾਲ ਕਰ ਸਕਦੇ ਹੋ, ਜਿਸ ਦਾ ਲੋਕਾਂ ਨੂ ਵੀ ਲਾਭ ਹੋਵੇਗਾ।
ਜਿਲ੍ਹੇ ਵਿਚ ਸ਼ਾਮਲ ਕੀਤੀਆਂ ਜਾਣ ਵਾਲੀਆਂ ਰੇਤ ਦੀਆਂ 9 ਨਵੀਆਂ ਖੱਡਾਂ ਦਾ ਵੇਰਵਾ ਲੈਂਦੇ ਮੁੱਖ ਸਕੱਤਰ ਨੇ ਆਦੇਸ਼ ਦਿੱਤਾ ਕਿ ਉਕਤ ਖੱਡਾਂ ਦੇ ਟੈਂਡਰ ਜਲਦੀ ਜਾਰੀ ਕਰਕੇ ਬਰਸਾਤ ਤੋਂ ਤਰੁੰਤ ਬਾਅਦ ਇਹ ਖੱਡਾਂ ਚਾਲੂ ਕੀਤੀਆਂ ਜਾਣ, ਤਾਂ ਜੋ ਲੋਕਾਂ ਨੂੰ ਰੇਤ ਸੱਸਤੇ ਮੁੱਲ ਉਤੇ ਮਿਲਦੀ ਰਹੇ।
ਉਨਾਂ ਇਹ ਵੀ ਦੱਸਿਆ ਕਿ ਆਂਗਨਵਾੜੀ ਵਰਕਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਹੋਰ ਬਿਹਤਰ ਬਨਾਉਣ ਤੇ ਉਨਾਂ ਦੀ ਸੇਵਾ ਵਿਚ ਸੁਧਾਰ ਲਿਆਉਣ ਲਈ ਸਾਰੇ ਆਂਗਨਵਾੜੀ ਵਰਕਰਾਂ ਨੂੰ ਜਲਦੀ ਹੀ ਮੋਬਾਈਲ ਫੋਨ ਦਿੱਤੇ ਜਾਣਗੇ। ਉਨਾਂ ਹਦਾਇਤ ਕੀਤੀ ਕਿ ਹਰੇਕ ਪਿੰਡ ਵਿਚ 14 ਤਰੀਕ ਨੂੰ ਪੋਸ਼ਣ ਦਿਵਸ ਮਨਾਇਆ ਜਾਵੇ ਅਤੇ ਇਸ ਦਿਨ ਪਿੰਡਾਂ ਨਾਲ ਸਬੰਧਤ ਹੋਰ ਵਿਭਾਗ ਵੀ ਲੋਕਾਂ ਨੂੰ ਸੇਵਾਵਾਂ ਦੇਣ ਲਈ ਪਿੰਡਾਂ ਵਿਚ ਪਹੁੰਚ ਕਰਨ, ਤਾਂ ਜੋ ਲੋਕਾਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਲਈ ਦਫਤਰਾਂ ਵਿਚ ਚੱਕਰ ਨਾ ਲਗਾਉਣੇ ਪੈਣ।
ਨਸ਼ਾ ਮੁਕਤੀ ਲਈ ਸਰਕਾਰ ਵਲੋਂ ਚਲਾਏ ਜਾ ਰਹੇ ਡੈਪੋ ਪ੍ਰੋਗਰਾਮ ਬਾਰੇ ਬੋਲਦੇ ਉਨਾਂ ਕਿਹਾ ਕਿ ਇਹ ਸਵੈ ਇੱਛਾ ਨਾਲ ਕੀਤਾ ਜਾਣ ਵਾਲਾ ਕੰਮ ਹੈ ਅਤੇ ਇਸ ਲਈ ਆਪਾਂ ਸਾਰੇ ਪੰਜਾਬ ਦੇ ਗਲੋਂ ਨਸ਼ੇ ਦਾ ਕੋਹੜ ਲਾਹੁਣ ਲਈ ਨਸ਼ਾ ਪੀੜਤਾਂ ਨੂੰ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ਾ ਰੋਕੂ ਕੇਂਦਰਾਂ ਤੱਕ ਲਿਜਾਉਣ ਲਈ ਪਰਿਵਾਰਾਂ ਨੂੰ ਪ੍ਰੇਰਿਤ ਕਰੀਏ, ਤਾਂ ਹੀ ਇਹ ਪ੍ਰੋਗਰਾਮ ਸਫਲ ਹੋ ਸਕੇਗਾ।ਉਨਾਂ ਕਿਹਾ ਕਿ ਜੋ ਸਰਕਾਰੀ ਕਰਮਚਾਰੀ ਇਸ ਸੇਵਾ ਨੂੰ ਕਰਕੇ ਇਸ ਦੀ ਪ੍ਰਾਪਤੀ ਆਪਣੀ ਸਲਾਨਾ ਰਿਪੋਰਟ ਵਿਚ ਅੰਕਿਤ ਕਰਨਗੇ, ਉਨਾਂ ਨੂੰ ਵਿਸ਼ੇਸ਼ ਤਵਜੋਂ ਦਿੱਤੀ ਜਾਵੇਗੀ।
ਮੀਟਿੰਗ ਵਿਚ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ, ਪੁਲਿਸ ਕਮਿਸ਼ਨਰ ਐਸ ਸ੍ਰੀਵਾਸਤਾਵ, ਜਿਲ੍ਹਾ ਪੁਲਿਸ ਮੁੱਖੀ ਵਿਕਰਮਜੀਤ ਦੁੱਗਲ, ਵਧੀਕ ਡਿਪਟੀ ਕਮਿਸ਼ਨਰ ਜਨਰਲ ਹਿਮਾਸ਼ੂੰ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਐਸ.ਡੀਐਮ, ਨਗਰ ਨਿਗਮ, ਸਿਵਲ ਸਰਜਨ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …