ਸਕੂਲ ਲੱਗਣ ਤੋਂ ਕੁੱਝ ਸਮਾਂ ਪਹਿਲਾਂ ਤੇਜ਼ ਸਕੂਟਰ ਭਜਾਈ ਜਾਂਦੇ ਅਮਰ ਸਿੰਘ ਨੇ ਸਾਹਮਣੇ ਤੋਂ ਕਾਹਲੀ ਨਾਲ ਆ ਰਹੇ ਸ਼ਮਸ਼ੇਰ ਸਿੰਘ ਨੂੰ ਇਸ਼ਾਰਾ ਕਰਕੇ ਰੋਕ ਲਿਆ ਤੇ ਪੁੱਛਿਆ, ਕਿ ਭਾਈ! ਕੀ ਹਾਲ ਚਾਲ ਹੈ? ਅੱਗੋਂ ਸਹਿਮਿਆ ਹੋਇਆ ਸ਼ਮਸ਼ੇਰ ਸਿੰਘ ਬੋਲਿਆ, ਅਮਰ ਸਿਹਾਂ, ਹਾਲ ਕੀ ਹੋਣੇ, ਜਦੋਂ ਦਾ ਡੀ.ਜੀ.ਐਸ.ਈ ਸਾਹਿਬ ਨੇ ਛਾਪੇਮਾਰ ਟੀਮਾਂ ਦਾ ਗਠਨ ਕੀਤਾ ਸਾਡੇ ਤਾਂ ਨੱਕ ਵਿੱਚ ਦਮ ਆਇਆ ਪਿਆ।ਉਹ ਵੀ ਸਮਾਂ ਸੀ ਸਕੂਲ ਜਾਣ ਤੋਂ ਪਹਿਲਾਂ ਘਰ ਦਾ ਸਾਰਾ ਕੰਮ ਕਰ ਲਈਦਾ ਸੀ।ਸਕੂਲ ਵਿੱਚ ਪਹੁੰਚ ਕੇ ਗੱਪਾਂ-ਛੱਪਾਂ ਮਾਰ ਚਾਹ ਪਾਣੀ ਪੀ ਕੇ ਵਾਪਸੀ ਦੀਆਂ ਤਿਆਰੀਆਂ ਕਰ ਲਈਦੀਆਂ ਸਨ।ਪਰ ਹੁਣ ਤਾਂ ਬਹੁਤ ਮੁਸ਼ਕਿਲ ਹੋ ਗਈ।ਮਨ `ਤੇ ਸਾਰਾ ਦਿਨ ਬੋਝ ਬਣਿਆ ਰਹਿੰਦਾ। ਮਨ ਟਿਕਾਣੇ ਰੱਖਣ ਲਈ ਦਵਾਈ ਲੈਣੀ ਪੈਂਦੀ ਹੈ।
ਅਮਰ ਸਿੰਘ ਕਹਿੰਦਾ ਮਿੱਤਰਾ, ਹੈ ਤਾਂ ਤੇਰੀ ਗੱਲ ਸੋਲਾਂ ਆਨੇ ਸੱਚੀ।ਮੈਂ ਵੀ ਆੜ੍ਹਤ ਦਾ ਮਾੜਾ ਮੋਟਾ ਜੁਗਾੜ ਬਣਾਇਆ ਸੀ।ਸਕੂਲੋਂ ਹਾਜ਼ਰੀ ਲਾ ਕੇ ਕੇ ਖਿਸਕ ਜਾਂਦਾ ਸੀ, ਜਾਪਦਾ ਇਸ ਵਾਰੀ ਫਰਲੋ ਮਾਰਨ ਵਿੱਚ ਵੀ ਢਿੱਲਮਠ ਰਹੂ।ਜਦੋਂ ਛਾਪੇ ਮਾਰ ਟੀਮ ਹਰਲ ਹਰਲ ਕਰਦੀ ਸਕੂਲ ਵਿੱਚ ਆਉਂਦੀ ਤਾਂ ਵਾਪਸ ਜਾਣ ਦਾ ਨਾ ਹੀ ਨਹੀਂ ਲੈਂਦੀ।
ਅੱਗੋਂ ਸ਼ਮਸ਼ੇਰ ਸਿੰਘ ਕਹਿੰਦਾ ਯਾਰ ਲੱਗਦਾ ਸਾਨੂੰ ਵੀ ਮੁਖਤਿਆਰ ਸਿੰਘ ਹੋਰਾਂ ਵਾਂਗ ਰੈਗੂਲਰ ਹੋਣਾ ਹੀ ਪੈਣਾ।ਚੱਲੋ ਕੋਸ਼ਿਸ਼ ਕਰਦੇ ਹਾਂ, ਨੌਕਰੀ ਵੀ ਬਚਾਉਣੀ ਆ, ਆਪਣਾ ਆਪਣਾ ਦੁੱਖ ਸਾਂਝਾ ਕਰਦੇ ਹੋਏ ਦੋਵੇਂ ਭਰੇ ਮਨ ਨਾਲ ਆਪੋ ਆਪਣੇ ਸਕੂਲਾਂ ਵੱਲ ਨੂੰ ਚੱਲ ਪਏ।
ਕੁਲਵੰਤ ਸਿੰਘ ਸੰਧੂ
ਛੇਹਰਟਾ, ਅੰਮ੍ਰਿਤਸਰ।
ਮੋ – 0183 2257185