Thursday, November 21, 2024

ਹੋਰ ਸੁਣਾ……. (ਹਾਸ ਵਿਅੰਗ )

           ਨਿਮਾਣਾ ਸਿਹੁੰ ਦੀ ਜਿੰਦਗੀ ਬੁੱਢੇ ਵਾਰੇ ਬੜੀ ਸ਼ਾਂਤਮਈ ਗੁਜ਼ਰ ਰਹੀ ਸੀ।ਖੂੰਡੇ ਦੇ ਸਹਾਰੇ ਚੱਲ ਕੇ ਸੱਥ ਵਿੱਚ ਪਹੁੰਚ ਕੇ ਸਾਰਾ ਦਿਨ ਆਪਣੇ ਸਾਥੀਆਂ ਨਾਲ ਕੀਤੀਆਂ ਗੱਲਾਂ ਬਾਤਾਂ ਉਸ ਨੂੰ ਤਰੋ-ਤਾਜ਼ਾ ਕਰ ਦਿੰਦੀਆਂ।ਨਿਮਾਣੇ ਦੇ ਲੜਕੇ ਨੇ ਉਸ ਨੂੰ ਆਪਣੇ ਜਨਮ ਦਿਨ `ਤੇ ਮੋਬਾਈਲ ਫੋਨ ਲੈ ਦਿੱਤਾ।ਨਿਮਾਣੇ ਦੇ ਪੋਤਰੇ ਨੇ ਝੱਟ ਪਟ ਹੀ ਬਜ਼ਾਰੋਂ ਡੋਰੀ ਲਿਆ ਕੇ ਫੋਨ ਵਿਚ ਪਰੋ ਕੇ ਨਿਮਾਣੇ ਦੇ ਗਲ ਵਿੱਚ ਪਾ ਦਿੱਤਾ, ਅਖੇ ਬਹੁਤ ਮਹਿੰਗਾ ਹੈ, ਇਸ ਤਰ੍ਹਾਂ ਗੁਆਚਦਾ ਨਹੀਂ। ਨਿਮਾਣੇ ਦਾ ਨੰਬਰ ਸਾਰੇ ਸਾਕ ਸਨੇਹੀਆਂ ਵਿਚ ਇਸ ਤਰ੍ਹਾਂ ਘੁੰਮ ਗਿਆ ਜਿਵੇਂ ਗੁਲੂਕੋਜ਼ ਵਿੱਚ ਪਾਇਆ ਟੀਕਾ ਸਰੀਰ ਵਿੱਚ ਘੁੰਮਦਾ।ਮੋਬਾਇਲ ਕਰਕੇ ਨਿਮਾਣੇ ਦਾ ਸੁੱਖ ਚੈਨ ਇਸ ਤਰ੍ਹਾਂ ਗਾਇਬ ਹੋ ਗਿਆ, ਜਿਵੇਂ ਪੈਸੇ ਉਧਾਰ ਲੈ ਕੇ ਉਧਾਰ ਲੈਣ ਵਾਲਾ ਗਾਇਬ ਹੋ ਜਾਂਦਾ।ਮੋਬਾਇਲ ਫੋਨ `ਤੇ ਗੱਲਬਾਤ ਕਰਨ ਲੱਗਿਆਂ ਕਈ ਲੋਕ ਇਸ ਤਰ੍ਹਾਂ ਕੰਨ ਖਾਂਦੇ ਜਿਵੇਂ ਨਿੱਕੇ ਨਿਆਣੇ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰੀਏ ਤਾਂ ਉਹ ਹੋਰ ਉਚੀ ਉਚੀ ਰੋਂਦਾ ਹੋਵੇ।ਨਿਮਾਣੇ ਨੂੰ ਫੂਨ ਉਤੇ ਲੋਕਾਂ ਦੇ ਇੱਕ ਸੁਆਲ ਨੇ ਅਜਿਹੀਆਂ ਘੁੰਮਣ ਘੇਰੀਆਂ ਵਿੱਚ ਪਾਉਣਾ ਕਿ ਉਹ ਰਾਤ ਨੂੰ ਸੁੱਤਾ ਪਿਆ ਵੀ ਹੋਰ ਸੁਣਾ ਵਾਲੇ ਸੁਆਲਾਂ ਦੇ ਜੁਆਬ ਦੇਣ ਬਾਰੇ ਸੋਚਦਾ ਰਹਿੰਦਾ।ਗੱਲ ਕਰਨ ਵਾਲਾ `ਹੋਰ ਫਿਰ` ਜਾਂ `ਹੋਰ ਸੁਣਾਂ ਆਖ ਗੱਲ ਨੂੰ ਲਮਕਾਈ ਜਾਂਦਾ।ਸਭ ਦੀ ਸੁੱਖ ਸਾਂਦ ਪੁੱਛ ਕੇ ਫਿਰ ਹੋਰ ਸੁਣਾਂ ਵਾਲਾ ਸਿਲਸਿਲਾ ਸ਼ੁਰੂ ਹੋ ਜਾਂਦਾ।ਚੱਲ ਮੇਰੇ ਘੋੜੇ ਟਿੱਕ ਟਿੱਕ ਵਾਂਗ ਗੱਲਬਾਤ ਦਾ ਅੰਤ ਨਾ ਹੁੰਦਾ।ਨਿਮਾਣੇ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਉਸ ਦੇ ਘਰਦਿਆਂ ਨੇ ਉਸ ਦੇ ਗਲ੍ਹ ਵਿੱਚ ਬਹੁਤ ਭਾਰਾ ਸੰਗਲ ਪਾ ਦਿੱਤਾ ਹੋਵੇ।ਨਿਮਾਣੇ ਦੀ ਮਾਂ ਜਦ ਬਚਪਨ ਵਿਚ ਨਿਮਾਣੇ ਨੂੰ ਹਨੇਰਾ ਹੋਣ ਤੇ ਘਰੋਂ ਬਾਹਰ ਜਾਣ `ਤੇ ਡਰਾਵਾ ਦੇ ਕੇ ਡਰਾਉਂਦੀ ਸੀ ਤਾਂ ਨਿਮਾਣਾ ਡਰਦਾ ਨਹੀਂ ਸੀ, ਪਰ ਹੁਣ ਨਿਮਾਣਾ ਸਿਹਾਂ ਹੋਰ ਸੁਣਾਂ ਜਾਂ ਹੋਰ ਫਿਰ ਦਾ ਵਾਰ ਵਾਰ ਜੁਆਬ ਦੇਣਾ ਉਸ ਨੂੰ ਇੱਕ ਸੌ ਚਾਰ ਡਿਗਰੀ ਵਾਲਾ ਕਾਂਬਾ ਛੇੜ ਦਿੰਦਾ।
            ਇੱਕ ਵਾਕਿਆ ਨਿਮਾਣੇ ਨੂੰ ਯਾਦ ਆਉਂਦਾ ਜਦੋਂ ਅਧਿਆਪਕ ਨੇ ਬੱਚਿਆਂ ਨੂੰ ਵਾਰੀ ਵਾਰੀ ੳ,ਅ…. ਸੁਣਾਉਣ ਲਈ ਕਿਹਾ ਤਾਂ ਇੱਕ ਬੱਚਾ ੳ ਅ ਦੋ ਅੱਖਰ ਸੁਣਾ ਕੇ ਬੈਠ ਗਿਆ।ਅਧਿਆਪਕ ਨੇ ਕਿਹਾ ਕਿ ਹੋਰ ਸੁਣਾ, ਬੱਚਾ ਕਹਿੰਦਾ ੳ ਅ ਜੀ।ਅਧਿਆਪਕ ਥੋੜਾ ਜਿਹਾ ਗੁੱਸੇ ਵਿੱਚ ਆਇਆ ਤੇ ਫਿਰ ਕਹਿੰਦਾ ਮੈਂ ਤੈਨੂੰ ਕਿਹਾ ਹੋਰ ਸੁਣਾਂ, ੳ ਅ ਨਾਲ ਨਹੀਂ ਕੰਮ ਬਣਨਾ, ਬੱਚਾ ਵਿਚਾਰਾ ਡਰਦਾ ਡਰਦਾ ਬੋਲਿਆ ਸਰ ਜੀ, ਮੈਂ ਤਾਂ ਠੀਕ ਹਾਂ ਤੁਸੀਂ ਸੁਣਾਓ ਜੀ।
          
SUkhbir Khurmanian

 

 

ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ – 9855512677

 

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …

Leave a Reply