ਕਸਬੇ ਦੀ ਆਵਾਜਾਈ ਮੁਕੰਮਲ ਬੰਦ ਰਹੀ
ਲੌਂਗੋਵਾਲ, 12 ਅਗਸਤ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਦਿੱਲੀ ਦੇ ਤੁਗਲਕਾਬਾਦ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਰ ਨੂੰ ਤੋੜਨ ਖਿਲਾਫ ਬਹੁਜਨ ਸਮਾਜ ਪਾਰਟੀ ਦੇ ਜਿਲ੍ਹਾ ਇੰਚਾਰਜ਼ ਡਾ. ਹਰਬੰਸ ਸਿੰਘ ਦੀ ਅਗਵਾਈ ਹੇਠ ਸਥਾਨਕ ਡਰੇਨ ਦੇ ਪੁੱਲ ਉਪਰ ਆਵਾਜਾਈ ਰੋਕ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ।ਔਰਤਾਂ ਸਮੇਤ ਵੱਡੀ ਗਿਣਤੀ `ਚ ਦਲਿਤ ਭਾਈਚਾਰੇ ਦੇ ਲੋਕਾਂ ਵਲੋਂ ਕੇਂਦਰ ਸਰਕਾਰ ਖਿਲਾਫ਼ ਜਬਰਦਸਤ ਨਾਅਰੇਬਾਜ਼ੀ ਕੀਤੀ ਗਈ।ਡਾ. ਹਰਬੰਸ ਸਿੰਘ ਨੇ ਕਿਹਾ ਕਿ ਦਿੱਲੀ ਵਿਖੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਇਹ ਪ੍ਰਾਚੀਨ ਮੰਦਰ 700 ਸਾਲ ਪੁਰਾਣਾ ਬਣਿਆ ਹੋਇਆ ਸੀ ਅਤੇ ਇਸ ਇਤਿਹਾਸਕ ਮੰਦਰ ਲਈ ਭਾਰਤ ਦੇ ਉਸ ਸਮੇਂ ਦੇ ਬਾਦਸ਼ਾਹ ਸਿਕੰਦਰ ਲੋਧੀ ਵਲੋਂ 700 ਕਨਾਲ ਜ਼ਮੀਨ ਵੀ ਦਿੱਤੀ ਗਈ ਸੀ, ਜੋ ਕਿ ਮੰਦਿਰ ਦੇ ਨਾਂ ਰਜਿਸਟਰਡ ਹੈ। ਪਰ ਹੁਣ ਸਾਜ਼ਿਸ਼ ਦੇ ਤਹਿਤ ਕੇਂਦਰ ਸਰਕਾਰ ਵਲੋਂ ਇਸ ਮੰਦਰ ਨੂੰ ਜ਼ਬਰਦਸਤੀ ਤੋੜਿਆ ਗਿਆ ਹੈ।ਮੰਦਰ ਵਿੱਚ ਸੁਸ਼ੋਭਿਤ ਗੁਰੂ ਰਵਿਦਾਸ ਮਹਾਰਾਜ ਦੀ ਮੂਰਤੀ ਦੀ ਵੀ ਬੇਅਦਬੀ ਕੀਤੀ ਗਈ ਹੈ ਅਤੇ ਉਥੇ ਗਏ ਰਵਿਦਾਸੀਆ ਸਮਾਜ ਦੇ ਸੰਤਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।ਉਨ੍ਹਾਂ ਕਿਹਾ ਕਿ ਕੇਂਦਰ ਦੇ ਇਸ ਧੱਕੇ ਕਾਰਨ ਦਲਿਤ ਭਾਈਚਾਰੇ ਵਿੱਚ ਗੁੱਸੇ ਦੀ ਲਹਿਰ ਹੈ ਅਤੇ ਪੂਰੇ ਭਾਰਤ `ਚ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਹੋ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਮੰਦਰ ਨੂੰ ਦੁਬਾਰਾ ਤੋਂ ਠੀਕ ਕਰਕੇ ਗੁਰੂ ਰਵੀਦਾਸ ਮਹਾਰਾਜ ਜੀ ਦੀ ਮੂਰਤੀ ਦੀ ਸਥਾਪਨਾ ਨਾ ਕੀਤੀ ਤਾਂ ਸਮੁੱਚੇ ਦਲਿਤ ਭਾਈਚਾਰੇ ਵਲੋਂ ਵੱਡਾ ਅੰਦੋਲਨ ਸ਼ੁਰੂ ਕਰ ਦਿੱਤਾ ਜਾਵੇਗਾ।
ਇਸ ਮੌਕੇ ਕਿਰਤੀ ਲੋਕ ਏਕਤਾ ਗਰੁੱਪ ਦੇ ਆਗੂ ਪ੍ਰਿਥੀ ਲੌਂਗੋਵਾਲ, ਰਾਮ ਸਿੰਘ, ਅਜੈਬ ਸਿੰਘ, ਬਲੌਰ ਸਿੰਘ, ਤਰਸੇਮ ਸਿੰਘ ਕਿਲਾ ਭਰੀਆਂ, ਸੁੱਖਵਿੰਦਰ ਸਿੰਘ ਗੁਲੂ, ਅੰਬੇਡਕਰ ਕਲੱਬ ਦੇ ਚੇਅਰਮੈਨ ਗੁਰਧਿਆਨ ਸਿੰਘ, ਏ.ਐਸ.ਆਈ ਬਲਦੇਵ ਸਿੰਘ, ਕਸ਼ਮੀਰਾ ਸਿੰਘ, ਗੁਰਚਰਨ ਸਿੰਘ ਅਤੇ ਵੱਡੀ ਗਿਣਤੀ `ਚ ਲੋਕ ਮੌਜੂਦ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …