ਕਿਸੇ ਵੀ ਹਲਾਤ ਵਿੱਚ ਪਾਰਕਿੰਗ ਐਨ.ਡੀ.ਐਮ.ਸੀ. ਨੂੰ ਨਹੀਂ ਦੇਵਾਂਗੇ – ਜੀ.ਕੇ
ਨਵੀਂ ਦਿੱਲੀ, 25 ਸਤੰਬਰ ( ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਗੁਰਦੁਆਰਾ ਬੰਗਲਾ ਸਾਹਿਬ ਦੀ ਮਾਸਟਰ ਤਾਰਾ ਸਿੰਘ ਕਾਰ ਪਾਰਕਿੰਗ ਨਵੀਂ ਦਿੱਲੀ ਨਗਰ ਪਾਲਿਕਾ ਪਰਿਸ਼ਦ (ਐਨ.ਡੀ.ਐਮ.ਸੀ.) ਨੂੰ 25 ਸਾਲ ਬਾਦ ਸਪੁਰਦ ਕਰਨ ਬਾਰੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਅਧਿਕਾਰਕ ਜਨਰਲ ਮੈਨੇਜਰ ਵੱਲੋਂ ਮਿਤੀ 10 ਫਰਵਰੀ 2005 ਨੂੰ ਕੀਤੇ ਗਏ ਕਰਾਰ ਨੂੰ ਅੱਜ ਜਨਤਕ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੀ.ਕੇ. ਨੇ ਉਕਤ ਕਾਰ ਪਾਰਕਿੰਗ ਨੂੰ ਸਰਨਾ ਵੱਲੋਂ ਐਨ.ਡੀ.ਐਮ.ਸੀ. ਨੂੰ ਦੇਣ ਦੇ ਫੈਸਲੇ ਨੂੰ ਕੌਮ ਦੀ ਪਿੱਠ ਵਿੱਚ ਛੁਰਾ ਮਾਰਨਾ ਕਰਾਰ ਦਿੱਤਾ। ਇਸ ਪਾਰਕਿੰਗ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਦੱਸਿਆ ਕਿ 1970 ਵਿੱਚ ਜਥੇਦਾਰ ਸੰਤੋਖ ਸਿੰਘ ਨੇ ਇਸ ਸਥਾਨ ‘ਤੇ ਪਹਿਲੇ ਚੱਲ ਰਹੇ ਮਹਾਰਾਜਾ ਜੈ ਸਿੰਘ ਮਾਰਗ ਨੂੰ ਬੰਦ ਕਰਵਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਕੇ ਖੁੱਲੀ ਪਾਰਕਿੰਗ ਬਣਾ ਦਿੱਤੀ ਸੀ।ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿਤ ਨੂੰ ਐਨ.ਡੀ.ਐਮ.ਸੀ. ਦੇ ਚੇਅਰਮੈਨ ਬੀ.ਪੀ. ਮਿਸ਼ਰਾ ਅਤੇ ਦਿੱਲੀ ਦੇ ਸਾਬਕਾ ਉਪਰਾਜਪਾਲ ਵਿਜੈ ਕਪੂਰ ਵੱਲੋਂ ਮਿਤੀ 25 ਜਨਵਰੀ 2001 ਤੇ 24 ਜੁਲਾਈ 2002 ਨੂੰ ਲਿਖੀਆਂ ਗਈਆਂ ਚਿੱਠੀਆਂ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਕਿਹਾ ਕਿ ਇਨ੍ਹਾਂ ਦੋਹਾਂ ਪਾਸੋਂ ਦਿੱਲੀ ਕਮੇਟੀ ਵੱਲੋਂ ਐਨ.ਡੀ.ਐਮ.ਸੀ ਨੂੰ ਭੇਜੇ ਜਾਣ ਵਾਲੇ ਪਾਰਕਿੰਗ ਦੇ ਨਕਸ਼ੇ ਨੂੰ ਹਰ ਹਾਲ ਵਿੱਚ ਪਾਸ ਕਰਨ ਦਾ ਭਰੋਸਾ ਉਕਤ ਚਿੱਠੀਆਂ ਰਾਹੀਂ ਦਿੱਤਾ ਗਿਆ ਸੀ। ਜੀ.ਕੇ. ਨੇ ਸਵਾਲ ਕੀਤਾ ਕਿ ਐਸੇ ਕੀ ਕਾਰਨ ਸਨ ਕਿ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਐਨ.ਡੀ.ਐਮ.ਸੀ. ਦੀ ਅਧੀਨਗੀ ਸਵੀਕਾਰ ਕਰਦੇ ਹੋਏ ਮਿਤੀ 10 ਫਰਵਰੀ 2005 ਨੂੰ ਆਪਣੇ ਕਾਨੂੰਨੀ ਸਲਾਹਕਾਰ ਐਡਵੋਕੇਟ ਹਰਵਿੰਦਰ ਸਿੰਘ ਫੁਲਕਾ ਪਾਸੋਂ ਤਿਆਰ ਕੀਤੇ ਗਏ ਕਰਾਰ ਨੂੰ ਮਨਜ਼ੂਰੀ ਦੇਕੇ 25 ਸਾਲ ਬਾਦ ਐਨ.ਡੀ.ਐਮ.ਸੀ. ਨੂੰ ਪਾਰਕਿੰਗ ਸੋਂਪਣ ਦਾ ਕਰਾਰ ਕਰ ਲਿਆ?
ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰਹਿਲਾਦ ਸਿੰਘ ਚੰਢੋਕ ਵੱਲੋਂ ਪੱਤ੍ਰਿਕਾ ਨੰਬਰ 11101/4-3 ਮਿਤੀ 17 ਨਵੰਬਰ 2004 ਨੂੰ ਐਨ.ਡੀ.ਐਮ.ਸੀ. ਦੇ ਸਕੱਤਰ ਨੂੰ ਪਾਰਕਿੰਗ ਦੀ ਲੀਜ਼ 15 ਸਾਲ ਤੋਂ 25 ਸਾਲ ਕਰਵਾਉਣ ਦੀ ਦਿੱਤੀ ਗਈ ਤਜ਼ਵੀਜ ‘ਤੇ ਵੀ ਹੈਰਾਨੀ ਜਿਤਾਈ। ਜੀ.ਕੇ ਨੇ ਦੱਸਿਆ ਕਿ ਐਨ.ਡੀ.ਐਮ.ਸੀ. ਦੇ ਮੁੱਖ ਨਕਸ਼ਾ ਨਵੀਸ ਸੰਜੀਬ ਸੈਨ ਗੁਪਤਾ ਵੱਲੋਂ ਮਿਤੀ 11 ਦਸੰਬਰ 2004 ਨੂੰ ਦਿੱਲੀ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਪਾਰਕਿੰਗ ਦਾ ਨਕਸਾ ਮੰਨਜ਼ੂਰ ਕਰਨ ਦੀ ਭੇਜੀ ਗਈ ਚਿੱਠੀ ਦੇ ਬਾਵਜ਼ੂਦ ਭੇਦ ਭਰੇ ਹਲਾਤਾਂ ਵਿੱਚ 2 ਮਹੀਨੇ ਬਾਅਦ ਐਨ.ਡੀ.ਐਮ.ਸੀ. ਨੂੰ ਪਾਰਕਿੰਗ ਦੀ ਮਲਕੀਅਤ ਦੇਣ ਦੇ ਸਰਨਾ ਦੇ ਫੈਸਲੇ ‘ਤੇ ਵੀ ਸਵਾਲ ਚੁੱਕੇ। ਉ-ਘੇ ਵਕੀਲ ਫੁਲਕਾ ਦੇ ਸਹਾਇਕ ਜਸਮੀਤ ਸਿੰਘ ਐਡਵੋਕੇਟ ਵੱਲੋਂ ਸਰਨਾ ਨੂੰ ਮਿਤੀ 20 ਜਨਵਰੀ 2005 ਨੂੰ ਕਾਰ ਪਾਰਕਿੰਗ ਦੇ ਸੰਭਾਵਿਤ ਮਸੌਦੇ ਦੀ ਕਾਪੀ ਦੇ ਨਾਲ ਭੇਜੀ ਗਈ ਕਾਨੂੰਨੀ ਸਲਾਹ ਤੋਂ ਬਾਅਦ ਗਿਣੀ ਮਿਥੀ ਸਾਜਿਸ਼ ਤਹਿਤ ਕੌਮ ਨਾਲ ਧ੍ਰੋਹ ਕਮਾਉਂਦੇ ਹੋਏ ਸਰਨਾ ਵੱਲੋਂ ਅਗਲੇ ਦਿਨ 21 ਜਨਵਰੀ 2005 ਨੂੰ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਰਾਣੀ ਬਾਗ ਨੂੰ ਪੱਤ੍ਰਿਕਾ ਨੰਬਰ 696/4-2-ਡੀ ਤਹਿਤ ਪ੍ਰਧਾਨ ਵਜੋਂ ਕੰਮ ਕਰਨ ਦਾ ਅਧਿਕਾਰ ਸੌਂਪਕੇ ਪਾਰਕਿੰਗ ਐਨ.ਡੀ.ਐਮ.ਸੀ. ਦੀ ਝੋਲੀ ਵਿੱਚ ਪਾਉਣ ਦਾ ਦੋਸ਼ ਵੀ ਲਗਾਇਆ।
ਐਨ.ਡੀ.ਐਮ.ਸੀ. ਦੇ ਸਕੱਤਰ ਯੂ.ਕੇ. ਵੋਹਰਾ ਨੂੰ ਰਾਣੀ ਬਾਗ ਵੱਲੋਂ ਪੱਤ੍ਰਿਕਾ ਨੰਬਰ 1073/4-3 ਮਿਤੀ 4 ਫਰਵਰੀ 2005 ਰਾਹੀਂ ਲਿਖੀ ਗਈ ਚਿੱਠੀ ਦੀ ਭਾਸ਼ਾ ‘ਤੇ ਸਵਾਲ ਖੜੇ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਰਾਣੀ ਬਾਗ ਨੇ ਇਸ ਚਿੱਠੀ ਵਿੱਚ ਐਜ਼ ਡਿਜਾਇਰਡ/ਅਤਿ ਜ਼ਰੂਰੀ ਹੋਣ ਕਰਕੇ ਤਜ਼ਵੀਜ ਮਸੌਦੇ ‘ਤੇ ਦਸਤਖ਼ਤ ਕਰਨ ਵਾਸਤੇ ਕਮੇਟੀ ਦੇ ਉਸ ਵੇਲੇ ਦੇ ਜਨਰਲ ਮੈਨੇਜਰ ਸਵਰਨ ਸਿੰਘ ਨੂੰ ਅਧਿਕਾਰ ਕਿਉਂ ਦਿੱਤੇ ਗਏ? ਜਦੋਂ ਕਿ ਰਾਣੀ ਬਾਗ ਨੂੰ ਸਰਨਾ ਦੇ ਸਿਰਫ ਕਮੇਟੀ ਦੇ ਰੁਟੀਨ ਕੰਮ ਕਰਨ ਦੇ ਹੀ ਅਧਿਕਾਰ ਦਿੱਤੇ ਸਨ? ਅਗਰ ਰਾਣੀ ਬਾਗ ਨੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕੀਤੀ ਸੀ ਤਾਂ ਵਾਪਿਸ ਆਉਣ ‘ਤੇ ਸਰਨਾ ਵੱਲੋਂ ਇਸ ਕਰਾਰ ਨੂੰ ਰੱਦ ਕਿਉਂ ਨਹੀਂ ਕੀਤਾ ਗਿਆ?
ਫੁਲਕਾ ਦੀ ਸਲਾਹ ਅਤੇ ਸਰਨੇ ਦੀ ਸ਼ਮੂਲੀਅਤ ਕਾਰਨ ਪੱਚੜੇ ਵਿੱਚ ਪਈ ਇਸ ਕਾਰ ਪਾਰਕਿੰਗ ਦੇ ਦਸਤਖ਼ਤ ਹੋਏ ਕਰਾਰ ਦੀਆਂ ਸ਼ਰਤਾਂ ਦਾ ਜ਼ਿਕਰ ਕਰਦੇ ਹੋਏ ਜੀ.ਕੇ ਨੇ ਦੱਸਿਆ ਕਿ ਕਰਾਰ ਦੇ ਮਦ 2 ਵਿੱਚ ਐਨ.ਡੀ.ਐਮ.ਸੀ. ਨੂੰ ਇਸ ਪਾਰਕਿੰਗ ਅਤੇ ਪਾਰਕਿੰਗ ਉਪਰ ਬਣਨ ਵਾਲੇ ਪਾਰਕ ਦੀ ਮਲਕੀਅਤ ਦੇ ਸਾਰੇ ਅਧਿਕਾਰ, ਮਦ 5 ਵਿੱਚ 25 ਸਾਲ ਤੋਂ ਬਾਅਦ ਐਨ.ਡੀ.ਐਮ.ਸੀ. ਨੂੰ ਪਾਰਕਿੰਗ ਸੋਂਪਣਾ, ਮਦ 6 ਵਿੱਚ ਵਿੱਚ ਲੋੜ ਪੈਣ ‘ਤੇ ਐਨ.ਡੀ.ਐਮ.ਸੀ. ਵੱਲੋਂ ਪਾਰਕਿੰਗ ਫੀਸ ਲੈਣਾ, ਮੱਦ 7 ਵਿੱਚ ਦਿੱਲੀ ਕਮੇਟੀ ਵੱਲੋਂ ਪੂਰਾ ਪੈਸਾ ਪਾਰਕਿੰਗ ਦੀ ਉਸਾਰੀ ‘ਤੇ ਖਰਚ ਕਰਨ ਦੇ ਬਾਵਜੂਦ ਐਨ.ਡੀ.ਐਮ.ਸੀ. ਵੱਲੋਂ ਪਾਰਕ ਦਾ ਕਿਸੇ ਵੀ ਪ੍ਰਕਾਰ ਨਾਲ ਇਸਤਲੇਮਾਲ ਕਰਨ ਦੀ ਛੋਟ, ਮਦ 12 ਤੇ 13 ਵਿੱਚ ਪਾਰਕਿੰਗ ਦੀ ਸਫਾਈ, ਬਿਜਲੀ ਅਤੇ ਸੁਰੱਖਿਆ ਖਰਚ ਦਿੱਲੀ ਕਮੇਟੀ ਵੱਲੋਂ ਦੇਣ ਅਤੇ ਮਦ 14 ਵਿੱਚ ਪਾਰਕਿੰਗ ਦਾ ਨਾਮ ਪੰਥ ਰਤਨ ਮਾਸਟਰ ਤਾਰਾ ਸਿੰਘ ਹੋਣ ਦੇ ਬਾਵਜ਼ੂਦ ਪਾਰਕਿੰਗ ਦੇ ਮੁੱਖ ਦੁਆਰ ‘ਤੇ ਐਨ.ਡੀ.ਐਮ.ਸੀ. ਦਾ ਪਹਿਚਾਣ ਚਿੰਨ (ਲੋਗੋ) ਲਗਾਉਣ ਆਦਿਕ ਸ਼ਰਤਾਂ ਨੂੰ ਕਿਸ ਦਬਾਅ ਜਾਂ ਲਾਲਚ ਅਧੀਨ ਦੇਣ ਦਾ ਫੈਸਲਾ ਕੀਤਾ ਗਿਆ।ਇਸ ਦੀ ਪੜਚੋਲ ਸੰਗਤਾਂ ਨੂੰ ਸਰਨਾ ਪਾਸੋਂ ਜ਼ਰੂਰ ਕਰਨੀ ਚਾਹੀਦੀ ਹੈ।
ਜੀ.ਕੇ ਨੇ ਕਿਹਾ ਕਿ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਸੰਗਤਾਂ ਪਾਸੋਂ ਦਸਵੰਧ ਇਕੱਠਾ ਕਰਕੇ ਲਗਭਗ 100 ਕਰੋੜ ਦੀ ਲਾਗਤ ਨਾਲ ਪੰਥ ਰਤਨ ਮਾਸਟਰ ਤਾਰਾ ਸਿੰਘ ਦੇ ਨਾਮ ‘ਤੇ ਬਣਾਈ ਪਾਰਕਿੰਗ ਨੂੰ ਪੰਥ ਨਾਲ ਧੋਖਾ ਕਰਦੇ ਹੋਏ ਸਰਕਾਰ ਦੇ ਹਵਾਲੇ ਕਰਨ ਦੇ ਕਰਾਰਾਂ ਨੂੰ ਸਰਨਾ ਭਰਾਵਾਂ ਦੀ ਪੰਥਕ ਰਾਜਨੀਤੀ ‘ਤੇ ਚੜਿਆ ਬੇਗੈਰਤ ਅਤੇ ਲਾਲਚ ਦੇ ਪੜਦੇ ਨੂੰ ਉਤਾਰ ਦਿੱਤਾ ਹੈ।ਉਨ੍ਹਾਂ ਦਿੱਲੀ ਦੀ ਸੰਗਤ ਨੂੰ ਭਰੋਸਾ ਦਿੱਤਾ ਕਿ ਕਿਸੇ ਵੀ ਕੀਮਤ ‘ਤੇ ਕਾਰ ਪਾਰਕਿੰਗ ਐਨ.ਡੀ.ਐਮ.ਸੀ. ਕੋਲ ਨਹੀਂ ਜਾਣ ਦਿਆਂਗੇ।ਇਸ ਮੋਕੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਣਾ, ਮੀਤ ਪ੍ਰਧਾਨ ਤਨਵੰਤ ਸਿੰਘ, ਸੀਨੀਅਰ ਆਗੂ ਉਂਕਾਰ ਸਿੰਘ ਥਾਪਰ, ਮੈਂਬਰ ਕੁਲਮੋਹਨ ਸਿੰਘ, ਚਮਨ ਸਿੰਘ, ਇੰਦਰਜੀਤ ਸਿੰਘ ਮੋਂਟੀ, ਸਤਪਾਲ ਸਿੰਘ, ਹਰਵਿੰਦਰ ਸਿੰਘ ਕੇ.ਪੀ., ਹਰਦੇਵ ਸਿੰਘ ਧਨੋਆ, ਗੁਰਦੇਵ ਸਿੰਘ ਭੋਲਾ, ਬੀਬੀ ਧੀਰਜ ਕੋਰ, ਜਸਬੀਰ ਸਿੰਘ ਜੱਸੀ, ਪਰਮਜੀਤ ਸਿੰਘ ਚੰਢੋਕ, ਰਵਿੰਦਰ ਸਿੰਘ ਲਵਲੀ, ਹਰਜਿੰਦਰ ਸਿੰਘ, ਦਰਸ਼ਨ ਸਿੰਘ, ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੋਲੀ ਅਤੇ ਜਨਰਲ ਸਕੱਤਰ ਦੇ ਮੁੱਖ ਸਲਾਹਕਾਰ ਜਸਪ੍ਰੀਤ ਸਿੰਘ ਵਿੱਕੀ ਮਾਨ ਮੋਜ਼ੂਦ ਸਨ।