Tuesday, July 29, 2025
Breaking News

ਅੰਮ੍ਰਿਤਸਰ-ਪਟਨਾ ਸਾਹਿਬ ਸਿੱਧੀ ਹਵਾਈ ਉਡਾਣ ਨੂੰ ਪ੍ਰਵਾਨਗੀ

Amritsar Airportਅੰਮ੍ਰਿਤਸਰ, 20 ਸਤੰਬਰ (ਪੰਜਾਬ ਪੋਸਟ -ਜਗਦੀਪ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਨੇ ਅੰਮ੍ਰਿਤਸਰ-ਪਟਨਾ ਸਾਹਿਬ ਸਿੱਧੀ ਹਵਾਈ ਉਡਾਣ 27 ਅਕਤੂਬਰ ਤੋਂ ਸ਼ੁਰੂ ਕਰਨ ਦੀ ਪ੍ਰਵਾਨਗੀ ਦੇਣ `ਤੇ ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਧੰਨਵਾਦ ਕੀਤਾ ਹੈ।ਅੱਜ ਜਾਰੀ ਬਿਆਨ ਵਿੱਚ ਮੰਚ ਦੇ ਸਰਪ੍ਰਸਤ ਪ੍ਰਿੰ. ਕੁਲਵੰਤ ਸਿੰਘ ਅਣਖੀ ਨੇ ਕਿਹਾ ਹੈ ਕਿ ਅੰਮ੍ਰਿਤਸਰ-ਪਟਨਾ ਸਾਹਿਬ ਸਿੱਧੀ ਹਵਾਈ ਉਡਾਣ ਸ਼ੁਰੂ ਹੋਣ ਨਾਲ ਪੰਜਾਬ ਵਾਸੀਆਂ ਖਾਸਕਰ ਸਿੱਖਾਂ ਦੀ ਚਿਰੋਕਣੀ ਮੰਗ ਪੂਰੀ ਹੋਣ ਜਾ ਰਹੀ ਹੈ।ਉਨਾਂ ਕਿਹਾ ਕਿ 27 ਅਕਤੂਬਰ ਤੋਂ ਸ਼ੁਰੂ ਹੋ ਰਹੀ ਏਅਰ ਇੰਡੀਆ ਦੀ ਉਡਾਣ ਲਈ ਬੁਕਿੰਗ ਸ਼ੁਰੂ ਹੋ ਚੁੱਕੀ ਹੈ।
ਪ੍ਰਿੰ. ਅਣਖੀ ਨੇ ਕਿਹਾ ਕਿ ਇਹ ਉਡਾਣ ਸਿੱਖ ਪੰਥ ਦੇ ਦੋ ਤਖਤਾਂ ਨੂੰ ਹਵਾਈ ਮਾਰਗ ਰਾਹੀਂ ਆਪਸ ਵਿੱਚ ਜੋੜੇਗੀ ਅਤੇ ਸੰਗਤਾਂ ਘੱਟ ਸਮੇਂ ਵਿੱਚ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦਿਦਾਰੇ ਕਰ ਸਕਣਗੀਆਂ।ਉਨਾਂ ਕਿਹਾ ਕਿ ਇਸ ਉਡਾਣ ਸਦਕਾ ਜਿਥੇ ਗੁਰੂ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸੈਰ ਸਪਾਟੇ ਵਿੱਚ ਇਜ਼ਾਫਾ ਹੋਣ ਦੀ ਆਸ ਹੈ, ਉਥੇ ਪੰਜਾਬ ਵਿੱਚ ਰਹਿ ਰਹੇ ਬਿਹਾਰ ਵਾਸੀਆਂ ਤੇ ਕਾਰੋਬਾਰੀਆਂ ਲਈ ਵੀ ਇਹ ਫਲਾਈਟ ਲਾਹੇਵੰਦ ਰਹੇਗੀ।ਉਨਾਂ ਕਿਹਾ ਕਿ ਅਗਰ ਪਟਨਾ-ਨੰਦੇੜ ਸਿੱਧੀ ਉਡਾਣ ਅਰੰਭ ਕੀਤੀ ਜਾਂਦੀ ਹੈ ਤਾਂ ਅੰਮ੍ਰਿਤਸਰ-ਪਟਨਾ ਸਾਹਿਬ-ਸ੍ਰੀ ਹਜ਼ੂਰ ਸਾਹਿਬ ਧਾਰਮਿਕ ਸਰਕਟ ਨੂੰ ਵੱਡਾ ਹੁੰਗਾਰਾ ਮਿਲੇਗਾ।
ਚੇਅਰਮੈਨ ਅਣਖੀ ਨੇ ਦੱਸਿਆ ਕਿ ਅੰਮ੍ਰਿਤਸਰ ਵਿਕਾਸ ਮੰਚ ਦੇ ਮੈਂਬਰਾਂ ਨੇ ਭਾਜਪਾ ਆਗੂ ਤੇ ਸੰਸਦ ਮੈਂਬਰ ਵਿਜੇ ਸਾਂਪਲਾ ਦੀ ਮਾਰਫਤ ਕੇਂਦਰੀ ਹਵਾਬਾਜ਼ੀ ਮੰਤਰੀ ਨੂੰ ਨਵੀਂ ਦਿੱਲੀ ਵਿਖੇ ਉਨ੍ਹਾਂ ਦੇ ਦਫ਼ਤਰ ਵਿੱਚ ਮਿਲ ਕੇ ਅੰਮ੍ਰਿਤਸਰ ਤੋਂ 6 ਘਰੇਲੂ ਉਡਾਣਾਂ ਸ਼ੁਰੂ ਕਰਨ ਦੀ ਮੰਗ ਕੀਤੀ ਸੀ, ਜਿੰਨਾਂ ਵਿਚੋਂ ਇੱਕ ਉਡਾਣ ਪਟਨਾ ਸਾਹਿਬ ਲਈ ਵੀ ਸੀ।
ਦੱਸਣਯੋਗ ਹੈ ਕਿ ਪਟਨਾ ਸਾਹਿਬ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਅਸਥਾਨ ਹੈ ਅਤੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ।ਸਿੱਖਾਂ ਦੀ ਹਮੇਸ਼ਾਂ ਤਮੰਨਾ ਰਹਿੰਦੀ ਹੈ ਕਿ ਉਹ ਇਸ ਪਾਵਨ ਸਥਾਨ ਦੇ ਦਰਸ਼ਨ ਜਰੂਰ ਕਰਨ।ਇਸ ਲਈ ਇਸ ਉਡਾਣ ਨੂੰ ਭਰਵਾਂ ਹੁੰਗਾਰਾ ਮਿਲਣ ਦੀ ਆਸ ਹੈ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply