ਖ਼ਾਲਸਾ ਕਾਲਜ ਵਿਖੇ ‘ਭਗਤ ਸਿੰਘ ਦੇ ਜੀਵਨ ਅਤੇ ਵਿਚਾਰਧਾਰਾ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ
ਅੰਮ੍ਰਿਤਸਰ, 29 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਪ੍ਰਸਿੱਧ ਇਤਿਹਾਸਕਾਰ ਡਾ: ਸਈਦ ਇਰਫ਼ਾਨ ਹਬੀਬ ਨੇ ਅੱਜ ਕਿਹਾ ਕਿ ਮਹਾਨ ਸੁਤੰਤਰਤਾ ਸੈਨਾਨੀ ਸ਼ਹੀਦ ਭਗਤ ਸਿੰਘ ਦਾ ਫ਼ਲਸਫ਼ਾ ਮੌਜ਼ੂਦਾ ਹਾਲਤਾਂ ’ਚ ਅੱਜ ਵੀ ਹਕੀਕੀ ਹੈ।ਉਨ੍ਹਾਂ ਕਿਹਾ ਕਿ ਅਸੀਂ ਭਗਤ ਸਿੰਘ ਨੂੰ ਇਕ ਇਨਕਲਾਬੀ ਵਜੋਂ ਜਾਣਦੇ ਹਾਂ, ਪਰ ਉਨ੍ਹਾਂ ਨੇ ਜੋ ਅਵਾਜ਼ ਫ਼ਿਰਕੂਵਾਦ ਦੀ ਨਿਖੇਧੀ, ਸਮਾਜ ਦਾ ਜਾਤ-ਪਾਤ ’ਚ ਵੰਡਿਆ ਹੋਣਾ ਅਤੇ ਅਮੀਰੀ-ਗਰੀਬੀ ਦੇ ਵਖਰੇਵੇਂ ਵਿਰੁੱਧ ਉਠਾਈ ਸੀ, ਉਨ੍ਹਾਂ ਹੀ ਕੁਰੀਤੀਆਂ ਖਿਲਾਫ਼ ਅਸੀ ਅੱਜ ਵੀ ਜੂਝ ਰਹੇ ਹਾਂ।
ਉਨ੍ਹਾਂ ਨੇ ਇਹ ਸ਼ਬਦ ਕਾਲਜ ਵਿਖੇ ਪੋਸਟ ਗ੍ਰੈਜੂਏਟ ਇਤਿਹਾਸ ਵਿਭਾਗ ਵੱਲੋਂ ‘ਭਗਤ ਸਿੰਘ ਦੇ ਜੀਵਨ ਅਤੇ ਵਿਚਾਰਧਾਰਾ’ ’ਤੇ ਕਰਵਾਏ ਗਏ ਇਕ ਵਿਸ਼ੇਸ਼ ਲੈਕਚਰ ਮੌਕੇ ਪ੍ਰਗਟ ਕੀਤੇ। ਡਾ. ਸਈਅਦ ਇਰਫਾਨ ਹਬੀਬ, ਸਾਬਕਾ ਪ੍ਰੋਫ਼ੈਸਰ ਅਤੇ ਚੇਅਰਮੈਨ ਅਬੁਲ ਕਲਾਮ ਚੇਅਰ, ਨੈਸ਼ਨਲ ਯੂਨੀਵਰਸਿਟੀ ਆਫ਼ ਐਜ਼ੂਕੇਸ਼ਨਲ ਪਲਾਨਿੰਗ ਐਂਡ ਐਡਮਨਿਸਟਰੇਸ਼ਨ ਨਵੀਂ ਦਿੱਲੀ ਨੇ ਭਗਤ ਸਿੰਘ ਦੇ ਜੀਵਨ ਨਾਲ ਜੁੜੇ ਅਨਜਾਣ ਪਹਿਲੂਆਂ ’ਤੇ ਚਾਨਣਾ ਪਾਇਆ।
ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਡਾ: ਹਬੀਬ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਤੇ ਮੁੱਖ ਮਹਿਮਾਨ ਰਜਿੰਦਰ ਮੋਹਨ ਸਿੰਘ ਛੀਨਾ () ਦਾ ਸਵਾਗਤ ਕੀਤਾ ਅਤੇ ਸਰੋਤਿਆਂ ਨਾਲ ਉਨ੍ਹਾਂ ਦੀ ਜਾਣ-ਪਹਿਚਾਣ ਕਰਵਾਈ।
ਆਪਣੇ ਭਾਸ਼ਣ ’ਚ ਡਾ. ਹਬੀਬ ਨੇ ਭਗਤ ਸਿੰਘ ਦੀ ਜ਼ਿੰਦਗੀ ਅਤੇ ਵਿਚਾਰਧਾਰਾ ਦੇ ਬਹੁਤ ਸਾਰੇ ਅਗਿਆਤ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਡਾ. ਹਬੀਬ ਦੇ ਅਨੁਸਾਰ ਭਗਤ ਸਿੰਘ ਦਾ ਬਚਪਨ ਬਹੁਤ ਪ੍ਰੇਰਣਾਦਾਇਕ ਪਰਿਵਾਰਕ ਮਾਹੌਲ ’ਚ ਗੁਜਰਿਆ। ਉਸ ਦੇ ਜੀਵਨ ’ਤੇ ਉਸ ਦੇ ਮਾਤਾ-ਪਿਤਾ ਅਤੇ ਚਾਚਾ ਦਾ ਵਿਸ਼ੇਸ਼ ਪ੍ਰਭਾਵ ਪਿਆ ਜੋ ਸੁਤੰਤਰਤਾ ਅੰਦੋਲਨ ਨਾਲ ਵੀ ਜੁੜੇ ਹੋਏ ਸਨ। ਉਨ੍ਹਾਂ ਦੇ ਭਾਸ਼ਣ ਦਾ ਮੁੱਖ ਮੁੱਦਾ ਭਗਤ ਸਿੰਘ ਦੀ ਵਿਚਾਰਧਾਰਾ ਸੀ।ਉਨ੍ਹਾਂ ਅਨੁਸਾਰ ਭਗਤ ਸਿੰਘ ਨਾ ਸਿਰਫ ਇਕ ਕ੍ਰਾਂਤੀਕਾਰੀ ਸੁਤੰਤਰਤਾ ਸੈਲਾਨੀ ਸਨ, ਸਗੋਂ ਇਕ ਮਹਾਨ ਵਿਚਾਰਕ ਵੀ ਸਨ, ਜਿਨ੍ਹਾਂ ਨੇ ਲਗਭਗ ਹਰ ਵਿਸ਼ੇ ’ਤੇ ਆਪਣੇ ਸੁਤੰਤਰ ਵਿਚਾਰ ਦਿੱਤੇ।
ਉਨ੍ਹਾਂ ਕਿਹਾ ਕਿ ਭਗਤ ਸਿੰਘ ਨੇ ਮਿਸ਼ਰਤ ਰਾਸ਼ਟਰਵਾਦ, ਸਮਾਜਵਾਦ, ਨਿਰਪੱਖ ਪ੍ਰੈਸ, ਸਮਾਜ ਅਤੇ ਰਾਜਨੀਤੀ ’ਚੋਂ ਜਾਤ ਅਧਾਰਿਤ ਪੱਖਪਾਤ ਦੂਰ ਕਰਨ ’ਤੇ ਜ਼ੋਰ ਦਿੱਤਾ।ਭਗਤ ਸਿੰਘ ਦੀਆਂ ਲਿਖਤਾਂ ਬਾਰੇ ਗੱਲ ਕਰਦੇ ਹੋਏ ਡਾ. ਹਬੀਬ ਨੇ ਕਿਹਾ ਕਿ ਉਨ੍ਹਾਂ ਦੇ ਸੰਪ੍ਰਦਾਇਕਤਾ, ਧਰਮ, ਰਾਜਨੀਤੀ ਅਤੇ ਪ੍ਰੈਸ ਸਬੰਧੀ ਵਿਚਾਰ ਅੱਜ ਦੇ ਸੰਦਰਭ ’ਚ ਵੀ ਬਹੁਤ ਢੁਕਵੇਂ ਅਤੇ ਮਹੱਤਵਪੂਰਨ ਹਨ।ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਗਤ ਸਿੰਘ ਨੂੰ ਸਿਰਫ਼ ਇਕ ਸ਼ਹੀਦ ਦੀ ਤਰ੍ਹਾਂ ਹੀ ਯਾਦ ਨਹੀਂ ਰੱਖਣਾ ਚਾਹੀਦਾ ਸਗੋਂ ਉਨ੍ਹਾਂ ਦੀ ਵਿਚਾਰਧਾਰਾ ਨੂੰ ਆਪਣੀ ਜ਼ਿੰਦਗੀ ’ਚ ਵਿਸ਼ੇਸ਼ ਜਗ੍ਹਾ ਦੇਣੀ ਚਾਹੀਦੀ ਹੈ।
ਛੀਨਾ ਨੇ ਡਾ: ਹਬੀਬ ਦਾ ਭਗਤ ਸਿੰਘ ਦੇ ਜੀਵਨ ਦੇ ਅਣਜਾਣੇ ਪਹਿਲੂਆਂ ਬਾਰੇ ਜਾਗਰੂਕ ਕਰਵਾਉਣ ’ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਭਗਤ ਸਿੰਘ ਦੇਸ਼ ਦੇ ਨੌਜਵਾਨਾਂ ਲਈ ਹਮੇਸ਼ਾਂ ਇਕ ਪ੍ਰੇਰਣਾਦਾਇਕ ਸ਼ਖਸੀਅਤ ਰਹਿਣਗੇ।ਆਪਣੇ ਭਾਸ਼ਣ ’ਚ ਡਾ. ਮਹਿਲ ਸਿੰਘ ਨੇ ਡਾ. ਹਬੀਬ ਨੂੰ ਦੇਸ਼ ਦਾ ਇਕ ਮਹਾਨ ਬੁੱਧੀਜੀਵੀ ਕਿਹਾ ਅਤੇ ਕਿਵੇਂ ਉਨ੍ਹਾਂ ਨੇ ਭਗਤ ਸਿੰਘ ਬਾਰੇ ਖੋਜ ਅਤੇ ਅਧਿਐਨ ਕਰਨ ਲਈ ਆਪਣਾ ਪੂਰਾ ਜੀਵਨ ਸਮਰਪਿਤ ਕੀਤਾ, ਬਾਰੇ ਚਾਨਣਾ ਪਾਇਆ।
ਇਸ ਮੌਕੇ ਮਾਝਾ ਹਾਊਸ ਦੇ ਕੁਲਵਿੰਦਰ ਸਿੰਘ ਗਿੱਲ, ਰਜਿਟਰਾਰ ਪ੍ਰੋ: ਦਵਿੰਦਰ ਸਿੰਘ, ਪ੍ਰੋ: ਸੁਖਮੀਨ ਬੇਦੀ, ਪ੍ਰੋ: ਨਵਨੀਨ ਬਾਵਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।ਪ੍ਰੋ: ਬੇਦੀ ਨੇ ਆਏ ਹੋਏ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …