ਹਰ ਨਾਨਕ ਨਾਮ ਲੇਵਾ ਸਿੱਖ ਜਪੁ ਜੀ ਸਾਹਿਬ ਦੇ 550 ਪਾਠ ਕਰੇ – ਭਾਈ ਪਿੰਦਰਪਾਲ ਸਿੰਘ
ਅੰਮ੍ਰਿਤਸਰ, 11 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੜੀ ਤਹਿਤ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ‘ਪ੍ਰੋਫ਼ੈਸਰ ਗੁਰਮੁੱਖ ਸਿੰਘ ਯਾਦਗਾਰੀ ਹਾਲ‘ ਵਿਖੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫ਼ਲਸਫ਼ੇ ਨਾਲ ਸਬੰਧਿਤ ਸੈਮੀਨਾਰ ਕਰਵਾਇਆ ਗਿਆ।ਸਿੱਖ ਪੰਥ ਦੇ ਉਘੇ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਨੇ ਜਪੁ ਜੀ ਸਾਹਿਬ ਬਾਣੀ ਦੀ ਦਾਰਸ਼ਨਿਕ ਵਿਆਖਿਆ ਕਰਦਿਆਂ ਕਿਹਾ ਕਿ ਸਿੱਖ ਪੰਥ ਵਲੋਂ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਮਨਾਇਆ ਪ੍ਰਕਾਸ਼ ਪੁਰਬ ਸਫ਼ਲ ਹੋ ਜਾਵੇ ਜੇਕਰ ਹਰ ਇਕ ਨਾਨਕ ਨਾਮ ਲੇਵਾ ਜਪੁ ਜੀ ਸਾਹਿਬ ਗੁਰਬਾਣੀ ਦੇ 550 ਪਾਠ ਕਰ ਲਵੇ।
ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਆਪਣੇ ਸੰਦੇਸ਼ ’ਚ ਕਿਹਾ ਕਿ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ’ਤੇ ਪਹਿਰਾ ਦਿੰਦਿਆਂ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਚਲਣਾ ਚਾਹੀਦਾ ਹੈ।ਸੰਸਥਾ ਦੇ ਵਿਦਿਆਰਥੀਆਂ ਵਲੋ ਭਾਈ ਪਿੰਦਰਪਾਲ ਸਿੰਘ ਨੂੰ ਜਪੁ ਜੀ ਸਾਹਿਬ ਬਾਣੀ ਦੇ ਸ਼ੁੱਧ ਉਚਾਰਣ ਅਤੇ ਸ਼ੁੱਧ ਅਰਥਾਂ ਸਬੰਧੀ ਕੀਤੇ ਸਵਾਲਾਂ ਦੇ ਭਾਈ ਸਾਹਿਬ ਨੇ ਬੜੇ ਢੁੱਕਵੇਂ ਉਤਰ ਦਿੱਤੇ।
ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫ਼ਲਸਫ਼ੇ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਅੰਮ੍ਰਿਤ ਵੇਲੇ ਦੀ ਹਰ ਜੀਵ ਨੂੰ ਸੰਭਾਲ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਦੁਨਿਆਵੀ ਵਿਦਿਆ ਦੇ ਨਾਲ ਨਾਲ ਧਾਰਮਿਕ ਵਿਦਿਆ ਵੀ ਜ਼ਰੂਰ ਗ੍ਰਹਿਣ ਕਰਨੀ ਚਾਹੀਦੀ ਹੈ। ਪਿ੍ਰੰਸੀਪਲ ਡਾ. ਗੋਗੋਆਣੀ ਨੇ ਭਾਈ ਪਿੰਦਰਪਾਲ ਸਿੰਘ ਨੂੰ ‘ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅੰਮ੍ਰਿਤਸਰ ਦਾ ਇਤਿਹਾਸ’ ਅਤੇ ‘ਜਨਮ ਸਾਖੀ ਗੁਰੂ ਨਾਨਕ ਸਾਹਿਬ ਜੀ’ ਪੁਸਤਕਾਂ ਭਾਈ ਪਿੰਦਰਪਾਲ ਸਿੰਘ ਨੂੰ ਭੇਂਟ ਕੀਤੀਆਂ।
ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ, ਗੁਰੂ ਨਾਨਕ ਗੁਰਪੁਰਬ ਕਮੇਟੀ ਵਲੋਂ ਹਰਮਨਜੀਤ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ।ਇਸ ਸੈਮੀਨਾਰ ਵਿੱਚ ਗੁਰਬਖਸ਼ ਸਿੰਘ ਬੇਦੀ, ਨਰਿੰਦਰਪਾਲ ਸਿੰਘ, ਸੁਰਿੰਦਰ ਸਿੰਘ ਮਠਾੜੂ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪ੍ਰਧਾਨ ਬਲਜੀਤ ਸਿੰਘ ਤੇ ਹੋਰ ਨੁਮਾਇੰਦੇ, ਸਕੂਲ ਸਟਾਫ਼ ਰਾਜਬਿੰਦਰ ਸਿੰਘ ਅਤੇ ਸ਼ਰਨਜੀਤ ਸਿੰਘ ਹਾਜ਼ਰ ਸਨ।ਨਰਿੰਦਰ ਸਿੰਘ ਬੇਦੀ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ।
Check Also
ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ
ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …