ਖੁਦਗਰਜ਼ੀ ਦੇ ਆ ਗਏ ਜ਼ਮਾਨੇ ਦੋਸਤੋ।
ਗੱਲਾਂ ਦੇ ਹੀ ਰਹਿਗੇ ਨੇ ਯਾਰਾਨੇ ਦੋਸਤੋ।
ਲੈਂਦਾ ਹੀਂ ਸਾਰ ਕੋਈ ਭੀੜ ਪਈ ਤੋਂ।
ਆਪਣੇ ਹੀ ਬਣਗੇ ਬੇਗਾਨੇ ਦੋਸਤੋ।
ਮਰਦਿਆਂ ਦੇ ਮੂੰਹ ‘ਚ ਕੋਈ ਪਾਣੀ ਪਾਉਂਦਾ ਨਾ
ਡਿੱਗੇ ਨੂੰ ਵੀ ਅਜਕਲ ਕੋਈ ਉਠਾਉਂਦਾ ਨਾ।
ਕੰਮ ਹੈ ਜਰੂਰੀ ਲਾਉਣ ਬਹਾਨੇ ਦੋਸਤੋ
ਆਪਣੇ ਹੀ ਬਣਗੇ ਬੇਗਾਨੇ ਦੋਸਤੋ।
ਰੱਖਦੇ ਔਲਾਦ ਨੂੰ ਹੀ ਦੇਈ ਖੁੱਲ੍ਹ ਜੀ
ਬਜ਼ੁਰਗਾਂ ਦੀ ਸਾਰ ਲੈਣੀ ਗਏ ਭੁੱਲ ਜੀ।
ਖਾਲੀ ਉਨ੍ਹਾਂ ਦੀ ਦਵਾਈ ਲਈ ਖਜ਼ਾਨੇ ਦੋਸਤੋ
ਆਪਣੇ ਹੀ ਬਣਗੇ ਬੇਗਾਨੇ ਦੋਸਤੋ।
ਜੇ ਮਾਂ ਬਾਪ ਪਤੇ ਦੀ ਜੇ ਕੋਈ ਗੱਲ ਦੱਸਦੇ
ਕਰਦੇ ਮਖੌਲ ਨਾਲੇ ਰਹਿਣ ਹੱਸਦੇ।
ਕਹਿਣ ਸੁਰਤ ਨਾ ਤੁਹਾਡੀ ਹੁਣ ਟਿਕਾਣੇ ਦੋਸਤੋ
ਆਪਣੇ ਹੀ ਬਣਗੇ ਬੇਗਾਨੇ ਦੋਸਤੋ।
ਰਿਸ਼ਤੇਦਾਰੀ ਨਿਭਦੀ ਹੈ ਨੋਟਾਂ ਨਾਲ ਜੀ
ਪੈਸੇ ਬਿਨਾਂ ਕਰੇ ਕੋਈ ਨਾ ਸੰਭਾਲ ਜੀ।
ਸਭ ਮਾਇਆ ਦੇ ਗਾਉਂਦੇ ਨੇ ਤਰਾਨੇ ਦੋਸਤੋ
ਆਪਣੇ ਹੀ ਬਣਗੇ ਬੇਗਾਨੇ ਦੋਸਤੋ।
ਦੱਦਾਹੂਰੀਆ ਜ਼ਮਾਨਾ ਹੁਣ ਨੋਟਾਂ ਵਾਲਾ ਹੈ
ਆਪਣਿਆਂ ਦੇ ਦਿਲਾਂ ਵਿੱਚ ਖੋਟਾਂ ਵਾਲਾ ਹੈ।
ਨਿੱਤ ਸੁਣੀਂਦੇ ਨੇ ਦੁਨੀਆਂ ਦੇ ਤਾਅਨੇ ਦੋਸਤੋ
ਆਪਣੇ ਹੀ ਬਣਗੇ ਬੇਗਾਨੇ ਦੋਸਤੋ।
ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ।
ਮੋ – 95691 49556