ਨਾਮ ਬਾਣੀ ਪੜਨ ਨਾਲ ਹੀ ਸਾਡਾ ਜੀਵਨ ਸਫਲ ਹੁੰਦਾ ਹੈ- ਭਾਈ ਗੁਰਇਕਬਾਲ ਸਿੰਘ
ਭਾਈ ਗੁਰਇਕਬਾਲ ਸਿੰਘ ਜੀ ਕੀਰਤਨ ਛਹਿਬਰ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਹੋਏ।
ਅੰਮ੍ਰਿਤਸਰ, 29 ਸਤੰਬਰ (ਪ੍ਰੀਤਮ ਸਿੰਘ) – ਬੰਦੀ ਛੌੜ੍ਹ ਦਿਵਸ ਨੂੰ ਸਮਰਪਿੱਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਚੈਰੀਟੇਬਲ) ਦੇ 31ਵੇ ਸਾਲਾਨਾ ਸਮਾਗਮ ਦੀ ਆਰੰਭਤਾ ਗੁ. ਸਤਿਸੰਗ ਸਭਾ ਅਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਜ਼ਾਰ ਲੁਹਾਰਾਂ ਤੋਂ ਚੁਪਹਿਰਾ ਜਪ-ਤਪ ਸਮਾਗਮ ਨਾਲ ਕੀਤੀ ਗਈ। ਜਿਸ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਕਥਾ ਕੀਰਤਨ ਦੇ ਪ੍ਰਵਾਹ ਚੱਲੇ। ਜਿਸ ਵਿੱਚ ਸ੍ਰੀ ਜਪੁਜੀ ਸਾਹਿਬ, ਸ੍ਰੀ ਚੌਪਈ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਗਤ ਰੂਪੀ ਪਾਠਾਂ ਦੀ ਹਾਜ਼ਰੀ ਉਪਰੰਤ ਪੰਥ ਪ੍ਰਸਿੱਧ ਕੀਰਤਨੀ ਜੱਥੇ, ਭਾਈ ਅੰਤਰਪ੍ਰੀਤ ਸਿੰਘ ਜੀ, ਭਾਈ ਤੇਜਪਾਲ ਸਿੰਘ ਜੀ , ਭਾਈ ਗੁਰਦੀਪ ਸਿੰਘ, ਭਾਈ ਨਰਿੰਦਰ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਗੁਰਪ੍ਰੀਤ ਸਿੰਘ, ਬੀਬੀ ਪਰਮਜੀਤ ਕੌਰ ਅਤੇ ਮਾਤਾ ਵਿਪਨਪ੍ਰੀਤ ਕੌਰ (ਲੁਧਿਆਣਾ) ਦੇ ਬੱਚੀਆਂ ਦੇ ਜੱਥਿਆਂ ਨੇ ਹਾਜ਼ਰੀ ਭਰੀ। ਉਪਰੰਤ ਭਾਈ ਗੁਰਇਕਬਾਲ ਜੀ ਨੇ ਕਥਾ ਕੀਰਤਨ ਰਾਹੀ ਸੰਗਤਾਂ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਹੋਣ ਲਈ ਕਿਹਾ। ਭਾਈ ਸਾਹਿਬ ਨੇ ਦੱਸਿਆ ਕਿ ਸਾਡਾ ਜੀਵਨ ਨਾਮ ਬਾਣੀ ਪੜਨ ਨਾਲ ਹੀ ਸਫਲਾ ਹੁੰਦਾ ਹੈ ਅਤੇ ਅੰਮ੍ਰਿਤ ਛਕਣ ਨਾਲ ਕਲਗੀਆਂ ਵਾਲਾ ਆਪ ਸਾਡੀ ਬਾਂਹ ਫੜਦਾ ਹੈ। ਭਾਈ ਸਾਹਿਬ ਨੇ ਕਿਹਾ ਕਿ ਜਿੰਨਾ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ ਉਹ 30 ਸਤੰਬਰ 2014 ਦਿਨ ਮੰਗਲਵਾਰ ਨੂੰ ਦੁਪਹਿਰ 1 ਵਜੇ ਭਲਾਈ ਕੇਂਦਰ ਵਿਖੇ ਹੋ ਰਹੇ ਅੰਮ੍ਰਿਤ ਸੰਚਾਰ ਵਿੱਚ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਨਣ ਅਤੇ ਆਪਣਾ ਜਨਮ ਸਫਲਾ ਕਰਨ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਜੀ ਦੇ ਐਡੀਸ਼ਨਲ ਹੈਡ ਗ੍ਰੰਥੀ ਗਿ. ਜਗਤਾਰ ਸਿੰਘ ਨੂੰ ਭਾਈ ਸਾਹਿਬ ਨੇ ਯਾਦਗਾਰੀ ਚਿੰਨ੍ਹ ਅਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ।
ਗਤਾਂ ਕੀਰਤਨ ਦਾ ਅਨੰਦ ਮਾਣਦੀਆਂ ਹੋਈਆਂ
ਭਾਈ ਸਾਹਿਬ ਜੀ ਨੇ ਦੱਸਿਆ ਕਿ 2 ਅਕਤੂਬਰ ਨੂੰ ਸਾਬਤ ਸੂਰਤ ਬੱਚੇ ਬੱਚੀਆਂ ਦੇ ਅਨੰਦ ਕਾਰਜ਼ ਵੀ ਕਰਵਾਏ ਜਾਣਗੇ। ਇਹਨਾਂ ਨਵੀਆਂ ਜੋੜੀਆਂ ਨੂੰ ਹੋਰ ਘਰੇਲੂ ਸਮਾਨ ਤੋਂ ਇਲਾਵਾ ਸੰਗਤਾਂ ਵੱਲੋਂ 180 ਲਿਟਰ ਦਾ ਫਰਿੱਜ ਵੀ ਦਿੱਤਾ ਜਾਵੇਗਾ। ਭਾਈ ਸਾਹਿਬ ਜੀ ਨੇ ਦੱਸਿਆ ਕਿ 29 ਸਤੰਬਰ ਤੋਂ 2 ਅਕਤੂਬਰ ਤੱਕ ਭਲਾਈ ਕੇਂਦਰ ਵਿਖੇ ਰੋਜ਼ਾਨਾ ਸਮਾਗਮ ਹੋਣਗੇ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੰਤ, ਮਹਾਪੁਰਸ਼, ਸਿੰਘ ਸਾਹਿਬਾਨ, ਵਿਦਵਾਨ ਅਤੇ ਕਥਾ ਵਾਚਕ ਹਾਜ਼ਰੀ ਭਰਣਗੇ। ਭਾਈ ਸਾਹਿਬ ਜੀ ਨੇ ਸਾਰੀਆਂ ਸੰਗਤਾਂ ਨੂੰ ਦਰਸ਼ਨ ਦੇਣ ਅਤੇ ਨਵੀਆਂ ਜੋੜੀਆਂ ਨੂੰ ਅਸੀਸ ਦੇਣ ਲਈ ਕਿਹਾ । ਇਸ ਦਿਨ ਭਲਾਈ ਕੇਂਦਰ ਤੋਂ ਫ੍ਰੀ ਰਾਸ਼ਨ ਪ੍ਰਾਪਤ ਕਰ ਰਹੀਆਂ ਤਕਰੀਬਨ 1900 ਵਿਧਵਾ ਬੀਬੀਆਂ ਨੂੰੰ ਸੂਟ ਵੀ ਦਿੱਤੇ ਜਾਣਗੇ।