ਸਾਰੇ ਵਿਭਾਗਾਂ ਦੇ ਸਟੇਟ ਪ੍ਰਧਾਨ 10 ਦਸੰਬਰ ਨੂੰ ਰਾਜ ਪੱਧਰੀ ਮੀਟਿੰਗ ‘ਚ ਲੁਧਿਆਣਾ ਪਹੁੰਚਣ – ਪ੍ਰੇਮ ਸਾਗਰ
ਸਮਰਾਲਾ, 27 ਨਵੰਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੀ ਹੰਗਾਮੀ ਮੀਟਿੰਗ ਪੈਨਸ਼ਨਰਜ਼ ਭਵਨ ਵਿਖੇ ਅਜਮੇਰ ਸਿੰਘ ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਤਿੰਨੋਂ ਕਨਵੀਨਰਾਂ ਪ੍ਰੇਮ ਸਾਗਰ ਸ਼ਰਮਾ, ਠਾਕਰ ਸਿੰਘ, ਅਜਮੇਰ ਸਿੰਘ ਤੋਂ ਇਲਾਵਾ ਪੈਨਸ਼ਨਰ ਅਤੇ ਉਘੇ ਮੁਲਾਜ਼ਮ ਆਗੂ ਰਣਬੀਰ ਢਿੱਲੋਂ, ਲਾਲ ਸਿੰਘ ਮੋਗਾ, ਅਜੀਤ ਸਿੰਘ ਸੋਢੀ ਫਿਰੋਜ਼ਪੁਰ, ਦੇਸ ਰਾਜ ਗਾਂਧੀ ਜਲਾਲਾਬਾਦ ਤੋਂ ਇਲਾਵਾ ਹੋਰ ਪੰਜਾਬ ਪੱਧਰੀ ਆਗੂਆਂ ਨੇ ਸ਼ਮੂਲੀਅਤ ਕੀਤੀ। ਤਿੰਨ ਘੰਟੇ ਚੱਲੀ ਮੀਟਿੰਗ ਵਿੱਚ ਪੈਨਸ਼ਨਰਾਂ ਦਾ ਰਹਿੰਦਾ 22 ਪ੍ਰਤੀਸ਼ਤ ਮਹਿੰਗਾਈ ਭੱਤਾ ਅਤੇ ਬਣਦਾ ਬਕਾਇਆ, 6ਵੇਂ ਪੰਜਾਬ ਤਨਖਾਹ ਕਮਿਸ਼ਨ ਤੋਂ ਰਿਪੋਰਟ ਲੈ ਕੇ 17 ਦਸੰਬਰ ਤੱਕ ਲਾਗੂ ਨਾ ਕਰਨਾ ਅਤੇ ਮੈਡੀਕਲ ਬਿੱਲਾਂ ਦੀ ਪ੍ਰਤੀ ਪੂਰਤੀ ਨਾ ਕੀਤੇ ਜਾਣ ਦਾ ਸਖਤ ਨੋਟਿਸ ਲੈਂਦਿਆਂ ਤਿੱਖੇ ਸੰਘਰਸ਼ ਕਰਨਾ ਦਾ ਫੈਸਲਾ ਕੀਤਾ ਗਿਆ। ਦੂਜੇ ਮਤੇ ਵਿੱਚ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਸਾਰੇ ਮਹਿਕਮਿਆਂ ਦੇ ਰਾਜ ਪੱਧਰੀ ਪ੍ਰਧਾਨਾਂ ਨੂੰ 10 ਦਸੰਬਰ ਨੂੰ 11.00 ਵਜੇ ਲੁਧਿਆਣਾ ਪੈਨਸ਼ਨਰਜ਼ ਭਵਨ ਵਿਖੇ ਸ਼ਮੂਲੀਅਤ ਲਈ ਬੇਨਤੀ ਕੀਤੀ ਜਾਵੇ। ਤੀਜੇ ਮਤੇ ਵਿੱਚ ਪਾਸ ਹੋਇਆ ਕਿ ਉਪਰੋਕਤ ਪ੍ਰਧਾਨਾਂ ਨੂੰ ਵੀ ਪੈਨਸ਼ਨਰਜ਼ ਜੁਆਇੰਟ ਫਰੰਟ ਵਿੱਚ ਬਤੌਰ ਕਨਵੀਨਰ ਦੇ ਅਹੁਦੇ ਦਿੱਤੇ ਜਾਣ। ਚੌਥੇ ਮਤੇ ਵਿੱਚ 3 ਦਸੰਬਰ ਨੂੰ ਸੈਕਟਰ 17 ਚੰਡੀਗੜ੍ਹ ਵਿਖੇ ਅਕਾੳੂਂਟੈਂਟ ਜਨਰਲ ਪੰਜਾਬ ਨੂੰ ਮਿਲਿਆ ਜਾਵੇ ਤਾਂ ਜੋ 01-01-2006 ਤੋਂ 30-11-2012 ਤੱਕ ਦੇ ਵਧੇ ਗੇ੍ਰਡ ਪੇਅ ਅਤੇ ਲਾਸਟ ਪੇਅ ਡਰਾਨ ਸਬੰਧੀ ਸਾਰੇ ਸਬੰਧਤ ਮਸਲਿਆਂ ਦਾ ਹੱਲ ਕੀਤਾ ਜਾਵੇ। ਪੰਜਵੇਂ ਮਤੇ ਵਿੱਚ ਕੇਵਲ ਤਿੰਨ ਮੰਗਾਂ ਪਹਿਲ ਦੇ ਅਧਾਰ ‘ਤੇ ਲਾਗੂ ਕਰਨ ਲਈ ਸਬ ਡਵੀਜ਼ਨ ਅਤੇ ਜ਼ਿਲ੍ਹਾ ਪੱਧਰੀ ਮੀਟਿੰਗਾਂ ਕਰਕੇ ਮਾਨਯੋਗ ਡਿਪਟੀ ਕਮਿਸ਼ਨਰਾਂ ਅਤੇ ਐਸ.ਡੀ.ਐਮ ਨੂੰ ਰੋਸ ਪੱਤਰ ਦਿੱਤੇ ਜਾਣ। ਜਿਨ੍ਹਾਂ ਵਿੱਚ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਬਣਦੇ ਬਕਾਏ, 6ਵੇਂ ਪੰਜਾਬ ਪੇਅ-ਕਮਿਸ਼ਨ ਤੋਂ ਰਿਪੋਰਟ ਲੈ ਕੇ ਲਾਗੂ ਕਰਨਾ ਅਤੇ ਮੈਡੀਕਲ ਬਿੱਲਾਂ ਦੀ ਤੁਰੰਤ ਅਦਾਇਗੀ ਕਰਨਾ ਸ਼ਾਮਲ ਹੈ।ਮੀਟਿੰਗ ਦੇ 6ਵੇਂ ਮਤੇ ਵਿੱਚ ਫਰੰਟ ਦੇ ਤਿੰਨ ਮੈਂਬਰਾਂ ਦੀ ਥਾਂ 5 ਮੈਂਬਰ ਬਣਾਉਣ ਦਾ ਫੈਸਲਾ ਕੀਤਾ ਗਿਆ।
ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਕਿ ਜੇ ਉਪਰੋਕਤ ਮੰਗਾਂ ਦਾ ਨਿਪਟਾਰਾ 17 ਦਸੰਬਰ ਪੈਨਸ਼ਨਰਜ਼ ਦਿਵਸ ਤੋਂ ਪਹਿਲਾਂ ਨਾ ਕੀਤਾ ਗਿਆ ਤਾਂ ਮਜ਼ਬੂਰੀ ਵੱਸ ਤਿੱਖਾ ਸੰਰਘਸ਼ ਕਰਕੇ ਜ਼ੋਰ ਸ਼ੋਰ ਨਾਲ ਭੜਥੂ ਪਾ ਕੇ ਸਰਕਾਰ ਦਾ ਕਾਫ਼ੀਆ ਤੰਗ ਕੀਤਾ ਜਾਵੇਗਾ।