ਅੰਮ੍ਰਿਤਸਰ, 2 (ਪੰਜਾਬ ਪੋਸਟ – ਜਗਦੀਪ ਸਿੰਘ) – ਸਿੱਖ ਪੰਥ ਦੀ ਸਿਰਮੌਰ ਵਿਦਿਅਕ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਨਵੇਂ ਸਾਲ 2020 ਦੇ ਪਹਿਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਪੂਰੀ ਖਾਲਸਾਈ ਸ਼ਾਨੋਸ਼ੌਕਤ ਨਾਲ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਦੀਵਾਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੇ ਨਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ.ਟੀ ਰੋਡ, ਬਸੰਤ ਐਵੀਨਿਊ, ਮਜੀਠਾ ਬਾਈਪਾਸ, ਰਣਜੀਤ ਐਵੀਨਿਊ, ਗੋਲਡਨ ਐਵੀਨਿਊ, ਸੁਲਤਾਨਵਿੰਡ ਰੋਡ, ਪਰਾਗਦਾਸ, ਭਗਤਾਂਵਾਲਾ, ਫਰੈਂਡਜ਼ ਐਵਨਿਊ, ਸ਼ੁਭਮ ਇਨਕਲੇਵ, ਅਟਾਰੀ, ਸੁਰ ਸਿੰਘ, ਪਿੱਦੀ, ਸ਼ਹੀਦ ਉਧਮ ਸਿੰਘ ਮੈਮੋਰੀਅਲ ਸਕੂਲ, ਮਝਵਿੰਡ ਝਬਾਲ, ਅਜਨਾਲਾ, ਨਵਾਂ ਪਿੰਡ, ਤਰਨਤਾਰਨ, ਰਸੂਲਪੁਰ, ਪੱਟੀ, ਧਨੋਆ ਕਲਾਂ, ਸੀ.ਕੇ.ਡੀ ਨਰਸਿੰਗ ਕਾਲਜ ਅਤੇ ਸੀ.ਕੇ.ਡੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਅਧਿਆਪਕ ਅਤੇ ਵਿਦਿਆਰਥੀ ਸ਼ਾਮਲ ਹੋਏ।ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਮੁਖੀ ਭਾਗ ਸਿੰਘ ਅਣਖੀ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੁਨੰਗਲ ਅਤੇ ਸੁਰਿੰਦਰ ਸਿੰਘ ਰੁਮਾਲਿਆ ਵਾਲੇ, ਮੀਤ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜਰ ਅਤੇ ਅਮਰਜੀਤ ਸਿਘ ਵਿਕਰਾਂਤ, ਸਥਾਨਕ ਪ੍ਰਧਾਨ ਹਰਮਿੰਦਰ ਸਿੰਘ ਅਤੇ ਹੋਰਨਾਂ ਹਾਜ਼ਰ ਮੈਂਬਰ ਸਾਹਿਬਾਨ ਨੇ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੀ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚੱਲਣ ਦੀ ਪ੍ਰੇਰਣਾ ਦਿੱਤੀ।
ਡਾਇਰੈਕਟਰ/ਪ੍ਰਿਸੀਪਲ ਡਾ: ਧਰਮਵੀਰ ਸਿੰਘ ਨੇ ਨਗਰ ਕੀਰਤਨ ਵਿਚ ਸ਼ਾਮਲ ਹੋਣ ਲਈ ਪਹੁੰਚੇ ਮਹਿਮਾਨਾਂ, ਮੈਂਬਰ ਸਾਹਿਬਾਨ, ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਹੋਰ ਸੰਗਤਾਂ ਨੂੰ ‘ਜੀ ਆਇਆਂ’ ਆਖਿਆ ।
ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅਤੇ ਮੁੱਖ ਅਰਦਾਸੀਏ ਭਾਈ ਸੁਲਤਾਨ ਸਿੰਘ ਦੁਆਰਾ ਗੁਰੂ ਚਰਨਾਂ ਵਿੱਚ ਰਵਾਨਗੀ ਅਰਦਾਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਦੀਵਾਨ ਦੇ ਪ੍ਰਮੁੱਖ ਸਕੂਲ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ.ਟੀ ਰੋਡ ਤੋਂ ਨਗਰ ਕੀਰਤਨ ਦਾ ਆਰੰਭ ਹੋਇਆ।ਪਾਲਕੀ ਸਾਹਿਬ ਦੀ ਛੱਤਰ ਛਾਇਆ ਵਿਚ ਨਿਸ਼ਾਨ ਸਾਹਿਬ, ਪੰਜ ਪਿਆਰੇ, ਰਣਜੀਤ ਨਗਾਰਾ, ਖਾਲਸਾਈ ਪਹਿਰਾਵੇ ਵਿੱਚ ਸਜੇ ਵਿਦਿਆਰਥੀ ਟਿਪਰੀ, ਡੰਬਲ, ਲੇਜ਼ੀਅਮ, ਬੈਂਡ ਅਤੇ ਖਾਲਸਾਈ ਯੁੱਧ ਕਲਾ ਦਾ ਪ੍ਰਤੀਕ ਗਤਕਾ ਆਦਿ ਕਲਾਵਾਂ ਦਾ ਪ੍ਰਦਰਸ਼ਨ ਕਰ ਰਹੇ ਸਨ।ਸੁੰਦਰ ਯੂਨੀਫਾਰਮ ਵਿੱਚ ਸੱਜੇ ਵਿਦਿਆਰਥੀ ਅਤੇ ਅਧਿਆਪਕ ਗੁਰਬਾਣੀ ਦਾ ਜਾਪ ਕਰ ਰਹੇ ਸਨ।ਸਕੂਲਾਂ ਵੱਲੋਂ ਸਜਾਈਆਂ ਝਾਕੀਆਂ ਸੰਗਤਾਂ ਦੀ ਖਿੱਚ ਦਾ ਵਿਸ਼ੇਸ਼ ਕੇਂਦਰ ਸਨ।ਰਸਤੇ ਵਿਚ ਸੰਗਤਾਂ ਵੱਲੋਂ ਨਗਰ ਕੀਰਤਨ ਵਿੱਚ ਸ਼ਾਮਲ ਵਿਦਿਆਰਥੀਆਂ ਅਤੇ ਸੰਗਤਾਂ ਦੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਚਾਹ-ਪਾਣੀ ਦੀ ਸੇਵਾ ਕੀਤੀ ਗਈ ।
ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਸ਼ਾਮਲ ਸੰਗਤਾਂ ਲਈ ਵਿਸ਼ੇਸ਼ ਲੰਗਰ ਦਾ ਪ੍ਰਬੰਧ ਕੀਤਾ ਗਿਆ।ਨਗਰ ਕੀਰਤਨ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੁਨੰਗਲ ਅਤੇ ਸੁਰਿੰਦਰ ਸਿੰਘ ਰੁਮਾਲਿਆ ਵਾਲੇ, ਮੀਤ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜਰ, ਪ੍ਰੋ. ਹਰੀ ਸਿੰਘ, ਡਾ: ਸੂਬਾ ਸਿੰਘ, ਨਰਿੰਦਰ ਸਿੰਘ ਖੁਰਾਣਾ, ਜਤਿੰਦਰ ਸਿੰਘ ਭਾਟੀਆ, ਮੋਹਨਜੀਤ ਸਿੰਘ ਭੱਲਾ, ਇੰਜੀ: ਜਸਪਾਲ ਸਿੰਘ, ਗੁਰਪ੍ਰੀਤ ਸਿੰਘ ਸੇਠੀ, ਜਤਿੰਦਰਬੀਰ ਸਿੰਘ, ਤਜਿੰਦਰ ਸਿੰਘ ਖਾਲਸਾ, ਭੁਪਿੰਦਰ ਸਿੰਘ ਸੇਠੀ, ਰਜਿੰਦਰ ਸਿੰਘ ਮਰਵਾਹਾ, ਅਵਤਾਰ ਸਿੰਘ, ਅਤਰ ਸਿੰਘ, ਜਸਪਾਲ ਸਿੰਘ, ਮਨਮੋਹਨ ਸਿੰਘ, ਸੁਖਜਿੰਦਰ ਸਿੰਘ ਪ੍ਰਿੰਸ, ਸਰਬਜੀਤ ਸਿੰਘ, ਨਵਤੇਜ ਸਿੰਘ ਨਾਰੰਗ, ਗੁਰਭੇਜ ਸਿੰਘ ਅਤੇ ਸੰਗਤਾਂ ਨੇ ਸ਼ਿਰਕਤ ਕੀਤੀ ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …