ਬਰੌਕਲੀ, ਹਰੇ ਪਤੇ ਵਾਲੀਆਂ ਸਬਜ਼ੀਆਂ, ਗਾਜਰਾਂ ਲਾਭਪਾਤਰੀਆਂ ਲਈ ਹਨ ਬਿਲਕੁਲ ਮੁਫ਼ਤ
ਭੀਖੀ/ਮਾਨਸਾ, 6 ਜਨਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਮਾਨਸਾ ਜਿਲ੍ਹੇ ਦੇ ਆਂਗਣਵਾੜੀ ਸੈਂਟਰ ਗਰਭਵਤੀ ਮਾਵਾਂ ਅਤੇ 6 ਸਾਲ ਤੱਕ ਦੇ ਬੱਚਿਆਂ ਲਈ ਪੋਸ਼ਣ ਕੇਂਦਰ ਬਣ ਚੁੱਕੇ ਹਨ।ਜਿਥੇ ਬਿਨ੍ਹਾਂ ਰਸਾਇਣ ਤੋਂ ਉਗਾਈਆਂ ਹਰੇ ਪੱਤੇ ਵਾਲੀਆਂ ਅਤੇ ਹੋਰ ਸਬਜ਼ੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਪੋਸ਼ਣ ਬਗੀਚੀਆਂ ਸਤੰਬਰ ਮਹੀਨੇ ਵਿਚ ਲਗਾਈਆਂ ਗਈਆਂ ਸਨ। ਜ਼ਿਲ੍ਹਾ ਮਾਨਸਾ ਵਿਚ ਭੀਖੀ ਬਲਾਕ ਦੇ ਪਿੰਡ ਮੱਤੀ ਤੋਂ ਪਹਿਲੀ ਬਗੀਚੀ ਲਗਾ ਕੇ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ।
ਜਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਅਵਿਨਾਸ਼ ਕੌਰ ਵਾਲੀਆ, ਆਂਗਣਵਾੜੀ ਵਰਕਰਾਂ ਦਾ ਇਨ੍ਹਾਂ ਬਗੀਚੀਆਂ ਨੂੰ ਲਗਾਉਣ, ਸਾਂਭ ਸੰਭਾਲ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਬਗੀਚੀਆਂ ਸਿੱਧੇ ਤੌਰ ‘ਤੇ ਮਾਵਾਂ ਅਤੇ ਬੱਚਿਆਂ ਤੱਕ, ਜਿੰਨ੍ਹਾਂ ਨੂੰ ਪੋਸ਼ਣ ਦੀ ਸਭ ਤੋਂ ਵੱਧ ਲੋੜ ਹੈ, ਖੁਰਾਕ ਪਹੁੰਚਾਉਣ ਅਤੇ ਦੇਖਭਾਲ ਲਈ ਲਾਭਕਾਰੀ ਸਿੱਧ ਹੋ ਰਹੀਆਂ ਹਨ।
ਉਨਾਂ ਕਿਹਾ ਕਿ ਜ਼ਿਲ੍ਹੇ ਵਿਚ 50 ਪੋਸ਼ਣ ਬਗੀਚੀਆਂ ਲਗਾਈਆਂ ਜਾ ਚੁੱਕੀਆਂ ਹਨ।ਜਿਥੇ ਬਾਗਬਾਨੀ ਵਿਭਾਗ ਦੁਆਰਾ ਬੀਜ ਦੀਆਂ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ, ਉਥੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਲਾਭਪਾਤਰੀਆਂ ਦੀ ਸੁਵਿਧਾ ਲਈ ਬੂਟੇ ਲਗਾਉਣ ਲਈ ਬੈਡ ਤਿਆਰ ਕਰਨ ਦਾ ਕੰਮ ਕੀਤਾ ਹੈ।ਹਰੇਕ ਆਂਗਣਵਾੜੀ ਕੇਂਦਰ ਵਿਖੇ 30 ਤੋਂ 40 ਲਾਭਪਾਤਰੀਆਂ ਨੂੰ ਸਬਜ਼ੀਆਂ ਦਿੱਤੀਆਂ ਜਾ ਰਹੀਆਂ ਹਨ।
ਗਾਜਰ, ਮੂਲੀ, ਗੋਭੀ, ਸ਼ਲਗਮ, ਪਾਲਕ, ਮੇਥੀ, ਬਰੌਕਲੀ, ਸਰੋਂ ਦਾ ਸਾਗ ਆਦਿ ਸਬਜ਼ੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸਬਜ਼ੀਆਂ ਨੂੰ ਸਲਾਦ ਵਜੋਂ ਵਰਤਿਆ ਜਾਂਦਾ ਹੈ। ਗਰਭਵਤੀ ਮਾਵਾਂ ਅਤੇ 0 ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਨਮਕੀਨ ਦਲੀਆ ਅਤੇ ਚਾਵਲ ਪਰੋਸਿਆ ਜਾਂਦਾ ਹੈ। ਗੋਦ ਭਰਾਈ ਦੀ ਰਸਮ ਦੌਰਾਨ ਗਰਭਵਤੀ ਮਾਵਾਂ ਨੂੰ ਕੱਚੀਆਂ ਸਬਜ਼ੀਆਂ ਵੀ ਦਿੱਤੀਆਂ ਜਾਂਦੀਆਂ ਹਨ।
ਮਾਨਸਾ ਬਲਾਕ ਵਿਚ ਨੰਗਲ ਕਲਾਂ, ਭੈਣੀ ਬਾਘਾ, ਮੂਸਾ, ਖਿਆਲਾ ਕਲਾਂ ਅਤੇ ਉਭਾ ਸਰਕਲ ਵਿਖੇ ਪੋਸ਼ਣ ਬਗੀਚੀਆਂ ਸਥਾਪਿਤ ਕੀਤੀਆਂ ਗਈਆਂ ਹਨ।ਹਰੇਕ ਸਰਕਲ ਵਿਚ 4 ਤੋਂ 6 ਪਿੰਡ ਹਨ।ਇਸੇ ਤਰਾਂ ਭੀਖੀ ਦੇ ਜੋਗਾ, ਰੱਲਾ, ਕੋਟੜਾ ਕਲਾਂ ਅਤੇ ਮੱਤੀ ਵਿਖੇ ਬਗੀਚੀਆਂ ਲਗਾਈਆਂ ਗਈਆਂ ਹਨ।ਬੁਢਲਾਡਾ ਬਲਾਕ ਵਿਖੇ ਬਹਾਦੁਰਪੁਰ, ਗੁਰਨੇ ਕਲਾਂ, ਬੱਛੋਆਣਾ, ਰਾਮਪੁਰ ਮੰਡੇਰ, ਧਰਮਪੁਰਾ, ਬਰ੍ਹੇ, ਮੱਲ ਸਿੰਘ ਵਾਲਾ, ਦਾਤੇਵਾਸ, ਕੁਲਰੀਆਂ ਅਤੇ ਸਸਪਾਲੀ ਵਿਖੇ ਬਗੀਚੀਆਂ ਤੋਂ ਖੁਰਾਕ ਉਪਲੱਬਧ ਕਰਵਾਈ ਜਾਂਦੀ ਹੈ।
ਇਸੇ ਤਰਾਂ ਝੁਨੀਰ ਬਲਾਕ ਵਿਖੇ ਸਰਕਲ ਬੁਰਜ ਭਲਾਈ ਕੇ, ਝੁਨੀਰ, ਘੁਰਕਣੀ, ਕੋਟ ਧਰਮੁ, ਭੰਮੇ ਖੁਰਦ, ਝੇਰਿਆਂਵਾਲੀ, ਭੰਮੇ ਕਲਾਂ ਅਤੇ ਰਾਮਾਮੰਡੀ ਇਸ ਸੁਵਿਧਾ ਅਧੀਨ ਲਿਆਂਦੇ ਗਏ ਹਨ।ਸਰਦੂਲਗੜ੍ਹ ਬਲਾਕ ਵਿਖੇ ਪਿੰਡ ਜਟਾਣਾ ਕਲਾਂ ਅਤੇ ਸਰਦੂਲੇਵਾਲਾ ਵਿਖੇ ਇਹ ਸੁਵਿਧਾ ਉਪਲੱਬਧ ਕਰਵਾਈ ਗਈ ਹੈ।