Friday, January 24, 2025

ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪੱਧਰ ‘ਤੇ ਓਲਡ ਏਜ਼ ਹੋਮ ਸਥਾਪਤ ਕਰਨ ਦੀ ਤਜਵੀਜ਼-ਐਫ.ਨੇਸਾਰਾ ਖਾਤੂਨ

ਅੰਤਰ-ਰਾਸ਼ਟਰੀ ਬਜ਼ੁਰਗ ਦਿਵਸ ਸਬੰਧੀ ਕਰਵਾਇਆ ਗਿਆ ਰਾਜ ਪੱਧਰੀ ਸਮਾਗਮ

PPN01101421

ਜਲੰਧਰ, 1 ਅਕਤੂਬਰ (ਹਰਦੀਪ ਸਿੰਘ ਦਿਓਲ, ਪਵਨਦੀਪ ਸਿੰਘ) – ਮੁੱਖ ਸੰਸਦੀ ਸਕੱਤਰ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਸ੍ਰੀਮਤੀ ਐਫ.ਨੇਸਾਰਾ ਖਾਤੂਨ ਨੇ ਕਿਹਾ ਕਿ ਪਰਿਵਾਰਕ ਸਾਂਭ ਸੰਭਾਲ ਤੋੱ ਵਿਰਵੇ ਰਹਿ ਰਹੇ ਬਜ਼ੁਰਗਾਂ ਨੂੰ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪੱਧਰ ‘ਤੇ ਬਿਰਧ ਘਰ (ਓਲਡ ਏਜ਼ ਹੋਮ) ਖੋਲ੍ਹਣ ਦੀ ਤਜਵੀਜ਼ ਹੈ। ਅੱਜ ਇਥੇ ਅੰਤਰ-ਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ ਦੇ ਸਬੰਧ ਵਿੱਚ ਸਥਾਨਕ ਏ.ਪੀ.ਜੇ ਕਾਲਜ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਮੁੱਖ ਮਹਿਮਾਨ ਵੱਜੋਂ ਪੁੱਜੇ ਸ੍ਰੀਮਤੀ ਐਫ.ਨੇਸਾਰਾ ਖਾਤੂਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਹੁਤ ਸਾਰੇ ਮਾਮਲੇ ਅਜਿਹੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਵਿੱਚ ਬਜ਼ੁਰਗਾਂ ਦੀ ਵਾਰਸਾਂ ਵੱਲੋਂ ਸਾਂਭ ਸੰਭਾਲ ਨਹੀਂ ਕੀਤੀ ਜਾਂਦੀ ਅਤੇ ਅਜਿਹੇ ਬਜ਼ੁਰਗਾਂ ਨੂੰ ਬੁਢਾਪੇ ਦੇ ਸਾਲਾਂ ਦੌਰਾਨ ਸਹੂਲਤ ਦੇਣ ਲਈ ਹੀ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪੱਧਰ ਉੱਪਰ ਓਲਡ ਏਜ਼ ਹੋਮ ਸਥਾਪਤ ਕਰਨ ਲਈ ਤਜਵੀਜ਼ ਤਿਆਰ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਨੂੰ ਸਨਮਾਨ ਵਾਲਾ ਸਮਾਜਿਕ ਮਾਹੌਲ ਮੁਹੱਈਆ ਕਰਵਾਉਣ ਲਈ ਜਿਥੇ ਆਮ ਲੋਕਾਂ ਨੂੰ ਉਨ੍ਹਾਂ ਦੀਆਂ ਬਜ਼ੁਰਗਾਂ ਪ੍ਰਤੀ ਸਮਾਜਿਕ ਤੇ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਜਾਣੂੰ ਕਰਵਾਉਣ ਲਈ ਇਸ ਤਰ੍ਹਾਂ ਦੇ ਸਮਾਗਮ ਹਰ ਸਾਲ ਕੀਤੇ ਜਾਂਦੇ ਹਨ ਉਥੇ ਬਜ਼ੁਰਗਾਂ ਦੇ ਇਨ੍ਹਾਂ ਹੱਕਾਂ ਲਈ ਕਾਨੂੰਨਾਂ ਪ੍ਰਤੀ ਬਜ਼ੁਰਗਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਮੁੱਖ ਸੰਸਦੀ ਸਕੱਤਰ ਨੇ ਕਿਹਾ ਕਿ ਉਸਾਰੂ ਸਮਾਜਿਕ ਮਾਹੌਲ ਲਈ ਜ਼ਰੂਰੀ ਹੈ ਕਿ ਬਜ਼ੁਰਗਾਂ ਨੂੰ ਬਣਦਾ ਪਿਆਰ ਅਤੇ ਸਨਮਾਨ ਮਿਲੇ ਅਤੇ ਇਸ ਖਾਤਰ ਲੋਕਾਂ ਨੂੰ ਸੰਵੇਦਨਸ਼ੀਲਤਾ ਨਾਲ ਆਪਣੀ ਜ਼ਿੰਮੇਵਾਰੀ ਸੁਚੇਤ ਹੋ ਕੇ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦੀ ਰਹਿਨੁਮਾਈ ਅਤੇ ਆਸ਼ੀਰਵਾਦ ਤੋਂ ਬਿਨਾਂ ਕੋਈ ਵੀ ਵਿਅਕਤੀ ਤਰੱਕੀ ਨਹੀਂ ਕਰ ਸਕਦਾ। ਮੁੱਖ ਸੰਸਦੀ ਸਕੱਤਰ ਵੱਲੋਂ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਬੁਢਾਪਾ ਪੈਨਸ਼ਨ, ਪੰਜਾਬ ਰੋਡਵੇਜ਼ ਤੇ ਪੀ.ਆਰ.ਟੀ.ਸੀ ਦੀਆਂ ਬੱਸਾਂ ਵਿੱਚ ਅੱਧੇ ਕਿਰਾਏ ‘ਤੇ ਸਫਰ ਦੀ ਸਹੂਲਤ ਤੇ ਹੋਰ ਸਕੀਮਾਂ ਅਤੇ ਇੰਦਰਾ ਗਾਂਧੀ ਰਾਸ਼ਟਰੀ ਬੁਢਾਪਾ ਪੈਨਸ਼ਨ ਸਕੀਮ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਬੁਢਾਪਾ ਪੈਨਸ਼ਨ ਸਕੀਮ ਤਹਿਤ 14 ਲੱਖ ਤੋਂ ਵਧੇਰੇ ਬਜ਼ੁਰਗਾਂ ਨੂੰ ਲਾਭ ਹੋ ਰਿਹਾ ਹੈ ਅਤੇ ਕੇਂਦਰ ਸਰਕਾਰ ਦੀ ਬੀ.ਪੀ.ਐਲ ਪੈਨਸ਼ਨ ਸਕੀਮ ਤਹਿਤ ਪੰਜਾਬ ਦੇ 1 ਲੱਖ 12 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਲਾਭ ਹੋ ਰਿਹਾ ਹੈ।ਇਸ ਮੌਕੇ ਮੁੱਖ ਮਹਿਮਾਨ ਵੱਲੋਂ ਸੀਨੀਅਰ ਸਿਟੀਜ਼ਨਸ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਜ਼ੁਰਗਾਂ ਦੇ ਸਤਿਕਾਰ ਤੇ ਆਦਰ ਤੋਂ ਬਿਨ੍ਹਾਂ ਕੋਈ ਵੀ ਵਿਅਕਤੀ ਆਪਣੀ ਵਿਅਕਤੀਗਤ ਤੇ ਸਮਾਜਿਕ ਜ਼ਿੰਦਗੀ ਨੂੰ ਸੰਤੁਸ਼ਟ ਤੇ ਤਸੱਲੀਬਖਸ਼ ਢੰਗ ਨਾਲ ਨਹੀਂ ਗੁਜ਼ਾਰ ਸਕਦਾ।ਉਨ੍ਹਾਂ ਦੱਸਿਆ ਕਿ ਜਲੰਧਰ ਜ਼ਿਲ੍ਹੇ ਵਿੱਚ ਕਈ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਵੀ ਬਜ਼ੁਰਗਾਂ ਦੀ ਸਾਂਭ ਸੰਭਾਵ ਦੇ ਖੇਤਰ ਵਿੱਚ ਵਧੀਆ ਯੋਗਦਾਨ ਪਾਇਆ ਜਾ ਰਿਹਾ ਹੈ। ਸਮਾਗਮ ਦੌਰਾਨ ਜੁਆਇੰਟ ਡਾਇਰੈਕਟਰ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਸ੍ਰੀਮਤੀ ਲਿੱਲੀ ਚੌਧਰੀ, ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰੀ ਚਨਰਜੀਤ ਸਿੰਘ ਮਾਨ ਵੱਲੋਂ ਵਿਭਾਗੀ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਗਈ।ਜ਼ਿਲ੍ਹਾ ਅਟਾਰਨੀ ਸ੍ਰੀ ਧਰਮਪਾਲ ਨੇ ਇਸ ਮੌਕੇ ਮੇਨਟੀਨੈਂਸ਼ ਆਫ ਪੇਰੈਂਟਸ ਅਤੇ ਸੀਨੀਅਰ ਸਿਟੀਜ਼ਨਸ ਐਕਟ 2007 ਤਹਿਤ ਬਜ਼ੁਰਗਾਂ ਦੇ ਹੱਕਾਂ ਨੂੰ ਯਕੀਨੀ ਬਣਾਏ ਜਾਣ ਸਬੰਧੀ ਕਾਨੂੰਨੀ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਜਿਹੜੇ ਬੱਚੇ/ਰਿਸ਼ਤੇਦਾਰ (ਖੂਨ ਦਾ ਰਿਸ਼ਤਾ) ਆਪਣੇ ਮਾਂ ਬਾਪ ਦੀ ਦੇਖਭਾਲ ਨਹੀਂ ਕਰਦੇ ਅਜਿਹੇ ਮਾਮਲਿਆਂ ਵਿੱਚ ਬਜ਼ੁਰਗਾਂ ਨੂੰ ਜੀਵਨ ਨਿਰਬਾਹ ਲਈ ਗੁਜ਼ਾਰਾ ਭੱਤਾ ਲੈਣ ਦਾ ਉਪਬੰਧ ਹੈ। ਸਿਵਲ ਸਰਜਨ ਡਾ. ਆਰ.ਐਲ.ਬੱਸਣ ਵੱਲੋਂ ਇਸ ਮੌਕੇ ਬੁਢਾਪੇ ਦੌਰਾਨ ਹੋਣ ਵਾਲੀਆਂ ਆਮ ਬਿਮਾਰੀਆਂ ਅਤੇ ਸਰੀਰਕ ਵਿਗਾੜਾਂ ਅਤੇ ਇਨ੍ਹਾਂ ਤੋਂ ਬਚਣ ਲਈ ਉਪਾਅ ਦੱਸੇ ਗਏ।ਸਮਾਗਮ ਦੌਰਾਨ ਵੱਖ-ਵੱਖ ਸਕੂਲੀ ਬੱਚਿਆਂ ਵੱਲੋਂ ਸਭਿਆਚਾਰਕ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ।ਇਸ ਮੌਕੇ ਮੁੱਖ ਪ੍ਰਸ਼ਾਸਕ ਪੁੱਡਾ ਸ੍ਰੀ ਗੁਰਪ੍ਰੀਤ ਸਿੰਘ ਖਹਿਰਾ, ਐਸ.ਡੀ.ਐਮ ਡਾ. ਰਜਤ ਓਬਰਾਏ, ਜ਼ਿਲ੍ਹਾ ਪ੍ਰੋਗਰਾਮ ਅਫਸਰ ਸੁਖਦੀਪ ਕੌਰ, ਆਈ.ਐਮ.ਏ ਦੀ ਤਰਫੋਂ ਡਾ. ਸੁਸ਼ਮਾ ਚਾਵਲਾ, ਸ੍ਰੀ ਅਬਦੁਲ ਸਤਾਰ, ਸ੍ਰੀ ਮਹਿਬੂਬ ਅਤੇ ਹੋਰ ਹਾਜ਼ਰ ਸਨ।

Check Also

ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵਨਿਊ ‘ਚ ਗਣਤੰਤਰ ਦਿਵਸ ਸਮਾਗਮ ਆਯੋਜਿਤ

ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ) – ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵੇਨਿਊਞ ‘ਚ ਅੱਜ ਗਣਤੰਤਰ ਦਿਵਸ ਦੇ …

Leave a Reply