Monday, January 6, 2025
Breaking News

ਕੌਮਾਂਤਰੀ ਧੀ ਦਿਵਸ ਮੌਕੇ ‘ਪਰਿਵਰਤਨ’ ਨੇ ਮਨਾਈ ਧੀਂਆਂ ਦੀ ਲੋਹੜੀ

12 ਹੋਣਹਾਰ ਧੀਆਂ ‘ਧੀ ਪੰਜਾਬ ਦੀ’ ਐਵਾਰਡ ਨਾਲ ਸਨਮਾਨਿਤ
ਧੂਰੀ, 13 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਮਾਲਵਾ ਵੈਲਫੇਅਰ ਸੁਸਾਇਟੀ ਸੰਸਥਾ ‘ਪਰਿਵਰਤਨ’ ਵੱਲੋਂ ਕੌਮਾਂਤਰੀ ਧੀ ਦਿਵਸ ਮੌਕੇ ਸੰਸਥਾ ਦੇ PPNJ1301202004ਸਰਪ੍ਰਸਤ ਡਾ. ਸੰਦੀਪ ਜੋਤ ਅਤੇ ਪ੍ਰਧਾਨ ਗੁਰਤੇਜ ਸਿੰਘ ਤੇਜੀ ਦੀ ਅਗੁਵਾਈ ਵਿੱਚ ਸੰਗਰੂਰ ਵਾਲੀ ਕੋਠੀ ਧੂਰੀ ਵਿਖੇ ਇੱਕ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਐਸ.ਡੀ.ਐਮ ਧੂਰੀ ਲਤੀਫ ਅਹਿਮਦ, ਵਿਜੈ ਗੋਇਲ ਡਾਇਰੈਕਟਰ ਰਾਈਸੀਲਾ ਗਰੁੱਪ, ਡੀ.ਐਸ.ਪੀ ਧੂਰੀ ਹਰਪ੍ਰੀਤ ਸਿੰਘ, ਅਕਾਲੀ ਆਗੂ ਹਰੀ ਸਿੰਘ ਐਮ.ਡੀ ਪ੍ਰੀਤ ਟਰੈਕਟਰ ਐਂਡ ਕੰਬਾਇਨਜ਼ ਅਤੇ ੳੁੱਘੇ ਪੰਜਾਬੀ ਫਿਲਮ ਕਲਾਕਾਰ ਕਰਮਜੀਤ ਅਨਮੋਲ ਸ਼ਾਮਿਲ ਹੋਏ।
ਨਵਜੰਮੀਆਂ ਧੀਆਂ ਦੇ ਨਾਲ-ਨਾਲ ਅਜਿਹੇ ਉਹਨਾਂ ਮਾਪਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਜਿੰਨਾਂ੍ਹ ਦੇ ਘਰ ਇੱਕੋ-ਇੱਕ ਲੜਕੀ ਹੈ।ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ 12 ਹੋਣਹਾਰ ਧੀਆਂ ਨੂੰ ‘ਧੀ ਪੰਜਾਬ ਦੀ’ ਸੂਬਾ ਪੱਧਰੀ ਐਵਾਰਡ ਨਾਲ ਸਨਮਾਨਿਆ ਗਿਆ।ਸੰਸਥਾ ਦੇ ਪ੍ਰਧਾਨ ਗੁਰਤੇਜ ਸਿੰਘ ਤੇਜੀ ਨੇ ਦੱਸਿਆ ਕਿ ਸਨਮਾਨਿਤ ਹੋਣ ਵਾਲੀਆਂ ਧੀਆਂ ਦੇ ਵਿੱਚ ਲੁਧਿਆਣਾ ਦੀ ਚੰਦਾ ਰਾਣੀ, ਚੰਡੀਗੜ੍ਹ ਦੀ ਸਮਾਜਸੇਵਕਾ ਅਮਰਜੀਤ ਕੌਰ ਢਿੱਲੋਂ, ਬਰਨਾਲਾ ਦੀ ਬਹਾਦਰ ਧੀ ਹਰਦੀਪ ਕੌਰ, ਬਠਿੰਡਾ ਦੀ ਆਰਟਿਸਟ ਸਹਿਜਪ੍ਰੀਤ ਕੌਰ, ਲੁਧਿਆਣਾ ਦੀ ਨੇਹਾ ਵਰਮਾਂ, ਲਵਪ੍ਰੀਤ ਕੌਰ ਡੂਡੀਆਂ, ਪ੍ਰਿਯੰਕਾ ਕੌਰ ਮੂਣਕ, ਸੰਦੀਪ ਕੌਰ ਬੇਨੜਾ, ਸਵੀਤਾ ਸੰਗਰੂਰ, ਲੇਖਕਾ ਜਸਪ੍ਰੀਤ ਕੌਰ ਸਿੱਧੂ ਪਟਿਆਲਾ, ਮਨਪ੍ਰੀਤ ਕੌਰ ਬਠਿੰਡਾ ਅਤੇ ਜਰਨੈਲ ਕੌਰ ਸੰਗਰੂਰ ਨੂੰ ਸਨਮਾਨਿਤ ਕੀਤਾ ਗਿਆ ਹੈ।
ਵੱਖ-ਵੱਖ ਸਕੂਲੀ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਗਏ।ਪ੍ਰਸਿੱਧ ਸੂਫੀ ਗਾਇਕਾ ਰਿੱਤੂ ਨੂਰਾਂ, ਜਨਾਬ ਗੁਲਸ਼ਨ ਮੀਰ ਅਤੇ ਪੰਜਾਬੀ ਗਾਇਕ ਸੁਖਪ੍ਰੀਤ ਕੌਰ ਨੇ ਆਪਣੀ ਗਾਇਕੀ ਰਾਹੀਂ ਖੂਬ ਰੰਗ ਬੰਨ੍ਹਿਆ। ਸੰਸਥਾ ਦੇ ਫਾਊਂਡਰ ਅਤੇ ਸਰਪ੍ਰਸਤ ਡਾ. ਸੰਦੀਪ ਜੋਤ ਆਈ.ਆਰ.ਐਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਰੀਬ 8 ਸਾਲ ਪਹਿਲਾਂ ਉਹਨਾਂ ਨੇ ਸਮਾਜ ਵਿੱਚ ਧੀਂਆਂ ਨੂੰ ਪੁੱਤਾਂ ਦੇ ਬਰਾਬਰ ਦਰਜਾ ਦਿਵਾਉਣ ਦੀ ਨਿਵੇਕਲੀ ਪਹਿਲ ਕਰਦਿਆਂ 12 ਜਨਵਰੀ ਨੂੰ ਕੌਮਾਂਤਰੀ ਧੀ ਦਿਵਸ (ਧੀਆਂ ਦੀ ਲੋਹੜੀ) ਮਨਾਉਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਸੀ ਜੋ ਕਿ ਅੱਜਕਲ ਕਨੇਡਾ ਵਿੱਚ ਵੀ ਮਨਾਇਆ ਜਾਂਦਾ ਹੈ।ਰਾਈਸੀਲਾ ਗਰੁੱਪ ਦੇ ਡਾਇਰੈਕਟਰ ਵਿਜੈ ਗੋਇਲ ਨੇ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ-ਕੱਲ ਲੜਕੀਆਂ ਵੀ ਹਰੇਕ ਖੇਤਰ ਵਿੱਚ ਮਾਂ-ਬਾਪ ਦਾ ਨਾਂ ਰੋਸ਼ਨ ਕਰ ਰਹੀਆਂ ਹਨ।ਐਸ.ਡੀ.ਐਮ ਧੂਰੀ ਲਤੀਫ ਅਹਿਮਦ ਨੇ ਸਨਮਾਨਿਤ ਹੋਣ ਵਾਲੀਆਂ ਧੀਆਂ ਨੂੰ ਮੁਬਾਰਕਵਾਦ ਦਿੰਦਿਆਂ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਅਕਾਲੀ ਆਗੂ ਹਰੀ ਸਿੰਘ ਨੇ ਨਵਜੰਮੀਆਂ ਬੱਚੀਆਂ ਤੇ ਉਹਨਾਂ ਦੀਆਂ ਮਾਂਵਾਂ ਨੂੰ ਸਨਮਾਨਿਤ ਕਰਦਿਆਂ ਲੋੜਵੰਦ ਬੱਚੀਆਂ ਦੀ ਪੜਾਈ ਲਈ ਆਰਥਿਕ ਮਦਦ ਦੇਣ ਦਾ ਭਰੋਸਾ ਦਿੱਤਾ।ਪੰਜਾਬੀ ਫਿਲਮਾਂ ਦੇ ਪ੍ਰਸਿੱਧ ਕਾਮੇਡੀਅਨ ਕਲਾਕਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਸਮਾਜ ਵਿੱਚ ਇੱਕ ਚੰਗਾ ਸੰਦੇਸ਼ ਜਾ ਰਿਹਾ ਹੈ ਤੇ ਧੀਆਂ ਦਾ ਸਤਿਕਾਰ ਵੱਧ ਰਿਹਾ ਹੈ। ਮਾਲਵਾ ਫਰੈਂਡਜ਼ ਵੈਲਫੇਅਰ ਸੰਸਥਾ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਸਮੁੱਚੀ ਟੀਮ ਵੱਲੋਂ ਨਿਭਾਈਆਂ ਗਈਆਂ ਸ਼ਾਨਦਾਰ ਡਿਊਟੀਆਂ ਦੇ ਚੱਲਦਿਆਂ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ।

Check Also

ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ’ਚ ਸੰਗਤਾਂ ਹੋਈਆਂ ਨਤਮਸਤਕ

ਅੰਮ੍ਰਿਤਸਰ, 6 ਜਨਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਰਬੰਸਦਾਨੀ, ਦਸਮ ਪਾਤਸ਼ਾਹ ਸ੍ਰੀ …

Leave a Reply