ਖੇਡ ਵਿਭਾਗ ਐਸਜੀਪੀਸੀ ਹਾਕੀ ਅਕਾਦਮੀਆਂ ਨੂੰ ਸਹਿਯੋਗ ਕਰਦਾ ਰਹੇਗਾ- ਧਾਰੀਵਾਲ
ਅੰਮ੍ਰਿਤਸਰ, 2 ਅਕਤੂਬਰ (ਗੁਰਪ੍ਰੀਤ ਸਿੰਘ) -ਸੇਵਾ ਸਿਮਰਨ ਤੇ ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਸਪੋਰਟਸ ਪ੍ਰਿੰ. ਬਲਵਿੰਦਰ ਸਿੰਘ ਦੇ ਨਾਲ ਗੱਲਬਾਤ ਕਰਦਿਆ ਪੰਜਾਬ ਦੇ ਡਾਇਰੈਕਟਰ ਸਪੋਰਟਸ ਸ੍ਰੀ ਤੇਜਿੰਦਰ ਸਿੰਘ ਧਾਲੀਵਾਲ (ੀਅਸ਼) ਨੇ ਕਿਹਾ ਕਿ ਪੰਜਾਬ ਖੇਡ ਵਿਭਾਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸ੍ਰੀ ਅੰਮ੍ਰਿਤਸਰ, ਸ੍ਰੀ ਫਤਹਿਗੜ੍ਹ ਸਾਹਿਬ ਤੇ ਫਰੀਦਕੋਟ ਤਿੰਨੇ ਹਾਕੀ ਅਕਾਦਮੀਆਂ ਨੂੰ ਪਹਿਲਾਂ ਵੀ ਸਹਿਯੋਗ ਕਰਦਾ ਆ ਰਿਹਾ ਹੈ ਤੇ ਭਵਿੱਖ ਵਿੱਚ ਕਰਦਾ ਰਹੇਗਾ। ਉਹਨਾਂ ਥੋੜੇ ਅਰਸੇ ਵਿੱਚ ਵੱਡੀਆਂ ਮੱਲ੍ਹਾਂ ਮਾਰਨ ਤੇ ਟੀਮ ਦੀ ਕਾਰਜਸ਼ੈਲੀ ਤੇ ਸੰਤੁਸ਼ਟੀ ਪ੍ਰਗਟ ਕਰਦਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਤੇ ਡਾਇਰੈਕਟਰ ਸਪੋਰਟਸ ਪ੍ਰਿੰ. ਬਲਵਿੰਦਰ ਸਿੰਘ ਪੱਧਰੀ ਨੂੰ ਵਧਾਈ ਦਿੱਤੀ। ਡਾਇਰੈਕਟਰ ਸਪੋਰਟਸ ਤੇਜਿੰਦਰ ਸਿੰਘ ਧਾਰੀਵਾਲ (ੀਅਸ਼) ਨੇ ਐਸਜੀਪੀਸੀ ਦੇ ਯਤਨਾਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਕਮੇਟੀ ਦੇ ਯਤਨ ਬਹੁਤ ਬੇਮਿਸਾਲ ਹਨ ਜਿਸ ਤੋਂ ਸਾਰਥਕ ਨਤੀਜਿਆਂ ਦੀ ਆਸ ਰੱਖਣੀ ਚਾਹੀਦੀ ਹੈ। ਉਨਾਂ ਕਿਹਾ ਕਿ ਖੇਡ ਖੇਤਰ ਦੇ ਸਿੱਖ ਹਾਕੀ ਖਿਡਾਰੀਆਂ ਦੀ ਵਿਲੱਖਣ ਪਹਿਚਾਣ ਦੀ ਜੋ ਕਲਪਨਾ ਹੋਈ ਹੈ ਉਸ ਸੱਚ ਸਾਬਤ ਹੋਵੇਗੀ। ਇਸ ਮੌਕੇ ਐਸਜੀਪੀਸੀ ਦੇ ਡਾਇਰੈਕਟਰ ਸਪੋਰਟਸ ਪ੍ਰਿੰ. ਬਲਵਿੰਦਰ ਸਿੰਘ ਪੱਧਰੀ ਨੇ ਦੱਸਿਆ ਕਿ ਐਸਜੀਪੀਸੀ ਵੱਲੋਂ ਹਾਕੀ ਖਿਡਾਰੀਆਂ ਨੂੰ ਰਿਹਾਇਸ਼, ਖੇਡ, ਵਿੱਦਿਅਕ ਅਤੇ ਧਾਰਮਿਕ ਖੇਤਰ ਦੇ ਵਿੱਚ ਵਿਚਰਣ ਲਈ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰ ਰਹੀ ਹੈ ਤੇ, ਵਿਦਿਆਰਥੀ ਪੂਰੀ ਮਹਿਨਤ ਤੇ ਲਗਨ ਨਾਲ ਅੱਗੇ ਵੱਧ ਰਹੇ ਹਨ। ਕਈ ਵੱਕਾਰੀ ਇਨਾਮਾਂ ਦੇ ਸਿਰਕੱਢ ਟਰਾਫ਼ੀਆਂ ਤੇ ਕਬਜ਼ਾ ਕਰਕੇ ਚੈਂਪੀਅਨ ਬਣਨਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਿੱਖ ਹਾਕੀ ਖਿਡਾਰੀਆਂ ਦੇ ਲਈ 1970 ਤੋਂ ਲੈ ਕੇ 1980 ਤੱਕ ਦੇ ਦਹਾਕੇ ਵਾਲਾ ਦੌਰ ਜਲਦ ਵਾਪਸ ਆਵੇਗਾ। ਇਸ ਮੌਕੇ ਸੂਚਨਾ ਕੇਂਦਰ ਵਿਖੇ ਡਾਇਰੈਕਟਰ ਸਪੋਰਟਸ ਟੀ.ਐਸ. ਧਾਰੀਵਾਲ ਨੂੰ ਪ੍ਰਿੰ. ਡਾਇਰੈਕਟਰ ਬਲਵਿੰਦਰ ਸਿੰਘ ਪੱਧਰੀ ਤੇ ਸੂਚਨਾ ਕੇਂਦਰ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਦੇ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਤੇ ਧਾਰਮਿਕ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ।