ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਅਮਰੀਕਾ ਅੰਦਰ ਇਸ ਸਾਲ ਹੋਣ ਜਾ ਰਹੀ ਮਰਦਮਸ਼ੁਮਾਰੀ ਦੌਰਾਨ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਮਾਨਤਾ ਦੇਣ ਨਾਲ ਪੂਰੇ ਵਿਸ਼ਵ ਅੰਦਰ ਸਿੱਖ ਪਛਾਣ ਨੂੰ ਹੋਰ ਬਲ ਮਿਲੇਗਾ।ਅਮਰੀਕਾ ਸਰਕਾਰ ਦਾ ਇਹ ਫੈਸਲਾ ਬੇਹੱਦ ਸਲਾਹੁਣਯੋਗ ਹੈ, ਜਿਸ ਨਾਲ ਸਿੱਖ ਜਗਤ ਅੰਦਰ ਖੁਸ਼ੀ ਦੀ ਲਹਿਰ ਹੈ।ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਜਾਰੀ ਇਕ ਪ੍ਰੈੱਸ ਬਿਆਨ ਰਾਹੀਂ ਕੀਤਾ ਹੈ।ਅਮਰੀਕਾ ’ਚ ਸਿੱਖਾਂ ਲਈ ਇਸ ਖੁਸ਼ਖਬਰੀ ’ਤੇ ਭਾਈ ਲੌਂਗੋਵਾਲ ਨੇ ਸਮੁੱਚੇ ਸਿੱਖ ਜਗਤ ਨੂੰ ਵਧਾਈ ਦਿੱਤੀ ਹੈ।ਉਨ੍ਹਾਂ ਅਮਰੀਕਾ ਸਰਕਾਰ ਦਾ ਧੰਨਵਾਦ ਕਰਦਿਆਂ ਉਥੋਂ ਦੇ ਸਿੱਖ ਆਗੂਆਂ ਦੀਆਂ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ।ਲੌਂਗੋਵਾਲ ਨੇ ਕਿਹਾ ਕਿ ਗੁਰੂ ਸਾਹਿਬਾਨ ਦੇ ਫਸਲਫੇ ਅਤੇ ਸਿੱਖ ਵਿਰਾਸਤ ਦੀ ਅਮੀਰੀ ਸਦਕਾ ਸਿੱਖਾਂ ਨੇ ਪੂਰੀ ਦੁਨੀਆਂ ਅੰਦਰ ਬੇਸ਼ੁਮਾਰ ਪ੍ਰਾਪਤੀਆਂ ਕੀਤੀਆਂ ਹਨ।ਅੱਜ ਦੁਨੀਆਂ ਦੇ ਵਿਕਸਤ ਦੇਸ਼ਾਂ ਅੰਦਰ ਸਿੱਖ ਸਰਕਾਰਾਂ ਦਾ ਹਿੱਸਾ ਬਣੇ ਹੋਏ ਹਨ।ਅਮਰੀਕਾ ਅੰਦਰ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਮਾਨਤਾ ਸਿੱਖ ਪ੍ਰਾਪਤੀਆਂ ਦੀ ਸੂਚੀ ਵਿਚ ਇਕ ਹੋਰ ਵਾਧਾ ਹੈ।ਉਨ੍ਹਾਂ ਕਿਹਾ ਕਿ ਅਮਰੀਕਾ ਦੇ ਇਸ ਫੈਸਲੇ ਤੋਂ ਹੋਰਨਾਂ ਦੇਸ਼ਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ ਅਤੇ ਪੂਰੇ ਵਿਸ਼ਵ ਦੇ ਮੁਲਕਾਂ ਅੰਦਰ ਇਹ ਲਾਗੂ ਹੋਣਾ ਚਾਹੀਦਾ ਹੈ।ਇਸੇ ਦੌਰਾਨ ਲੌਂਗੋਵਾਲ ਨੇ ਤਰਨਜੀਤ ਸਿੰਘ ਸੰਧੂ ਨੂੰ ਅਮਰੀਕਾ ਦੇ ਰਾਜਦੂਤ ਨਿਯੁੱਕਤ ਹੋਣ ’ਤੇ ਵਧਾਈ ਵੀ ਦਿੱਤੀ ਹੈ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …