Monday, December 23, 2024

ਬਾਲੜੀ ਦਿਵਸ

Beti Bachaoਪੁੱਤ ਜੰਮੇ ਲੱਖ ਜਸ਼ਨ ਮਨਾਉਂਦਾ,
ਧੀ ਹੋਵੇ ਤਾਂ ਮੂੰਹ ਲਮਕਾਉਂਦਾ,
ਕੰਧਾਂ ਅਤੇ ਕਿਤਾਬਾਂ ਭਰ ਕੇ,
ਕੁੱਖ ਵਿੱਚ ਧੀ ਮਰਵਾ ਰਿਹਾ ਏ,
ਬੰਦਾ ਉਂਝ ਮਹਾਨ ਦਿਸਣ ਲਈ,
ਬਾਲੜੀ ਦਿਵਸ ਮਨਾ ਰਿਹਾ ਏ।

ਵਿਹੜੇ ਵਾਲੀ ਧੀ ਨੂੰ ਪੁੱਛੋ,
ਕੰਜ਼ਕ ਆਖ ਬੁਲਾਇਆ ਏ ਕਿਸੇ?
ਗੋਹਾ-ਕੂੜਾ ਕਰਦੀ ਨੂੰ ਕਦੇ,
ਗਲ ਦੇ ਨਾਲ ਵੀ ਲਾਇਆ ਏ ਕਿਸੇ?
ਠੱਬਰ ਨੂੰ ਸੁੱਖ ਦੇਣ ਲਈ ਖੁਦ,
ਘਰ ਦੇ ਭਾਂਡੇ ਮੰਜਵਾ ਰਿਹਾ ਹੈ,
ਬੰਦਾ ਉਂਝ ਮਹਾਨ ਦਿਸਣ ਲਈ,
ਬਾਲੜੀ ਦਿਵਸ ਮਨਾ ਰਿਹਾ ਏ।

ਕੋਠੀਆਂ ਤੇ ਕਾਰਾਂ ਦਾ ਲੋਭੀ,
ਦਾਜ ਲਈ ਫਾਹੇ ਚਾੜ ਦਏ।
ਪੈਸਾ-ਪੈਸਾ ਕਰਦਾ-ਕਰਦਾ,
ਜੀਂਉਦੀ ਅੱਗ ਵਿੱਚ ਸਾੜ ਦਏ,
ਲਾਸ਼ਾਂ ਦੇ ਨਾਲ ਨੀਂਹ ਰੱਖ ਕੇ,
ਮੰਜ਼ਿਲ ‘ਤੇ ਮੰਜ਼ਿਲ ਪਾ ਰਿਹਾ ਏ,
ਬੰਦਾ ਉਂਝ ਮਹਾਨ ਦਿਸਣ ਲਈ,
ਬਾਲੜੀ ਦਿਵਸ ਮਨਾ ਰਿਹਾ ਏ।

ਵਧ ਗਈਆਂ ਨੇ ਛੇੜ-ਛਾੜਾਂ ਅੱਜ,
ਤੇਜ਼ਾਬ ਵੀ ਮੂੰਹ ‘ਤੇ ਪੈਂਦੇ ਨੇ,
ਪੱਤ ਲੁੱਟਣ ਤੱਕ ਸੀਮਤ ਨਾ ਹੁਣ,
ਕਤਲ ਤੱਕ ਕਰ ਦਿੰਦੇ ਨੇ,
ਦੰਦੀਆਂ ਵੱਢ-ਵੱਢ ਨੋਚ ਰਿਹਾ,
ਬਣ ਹਵਸੀ ਹਵਸ ਮਿਟਾ ਰਿਹਾ ਏ,
ਬੰਦਾ ਉਂਝ ਮਹਾਨ ਦਿਸਣ ਲਈ,
ਬਾਲੜੀ ਦਿਵਸ ਮਨਾ ਰਿਹਾ ਏ।

ਜਿਸ ਮਾਂ ਨੇ ਹੈ ਜੱਗ ਵਿਖਾਇਆ,
ਤੇਰੀ ਹਰ ਬਲਾ ਨੂੰ ਟਾਲਿਆ,
ਕਈ ਵਾਰੀ ਖੁਦ ਭੁੱਖੀ ਰਹੀ ਪਰ,
ਤੈਨੂੰ ਦੁੱਧ-ਮੱਖਣਾਂ ਨਾਲ ਪਾਲਿਆ,
ਬੁੱਢੇ ਵਾਰੇ ਹੱਡ ਰੋਲ੍ਹਣ ਲਈ,
ਆਸ਼ਰਮ ਛੱਡ ਕੇ ਆ ਰਿਹਾ ਏ,
ਬੰਦਾ ਉਂਝ ਮਹਾਨ ਦਿਸਣ ਲਈ,
ਬਾਲੜੀ ਦਿਵਸ ਮਨਾ ਰਿਹਾ ਏ।

ਆਉ ਰਲ਼ ਕੇ ਸੋਚ ਬਦਲੀਏ,
ਮਨ ਅੰਦਰ ਦਾ ਕੂੜ ਮੁਕਾਈਏ ।
`ਰੰਗੀਲਪੁਰੇ` ਵਿੱਚ ਖੁਦ ਪ੍ਰਣ ਕਰੀਏ,
ਕਿਸੇ ਦੀ ਗਲਤੀ ਨਾ ਦੁਹਰਾਈਏ ।
ਤਾਂ ਜੋ ਇਹ ਔਰਤ ਵੀ ਸਮਝੇ,
ਦਿਲ ਤੋਂ ਸੋਹਲੇ ਗਾ ਰਿਹਾ ਏ,
ਬੰਦਾ ਉਂਝ ਮਹਾਨ ਦਿਸਣ ਲਈ,
ਬਾਲੜੀ ਦਿਵਸ ਮਨਾ ਰਿਹਾ ਏ।

Gurpreet Rangilpur

 

 

ਗੁਰਪ੍ਰੀਤ ਸਿੰਘ ਰੰਗੀਲਪੁਰ
ਗੁਰਦਾਸਪੁਰ।
ਮੋ – 98552 07071

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply