ਦਿਲ ਕਰਦਾ ਪਿੰਡ ਤੋਂ ਗੇੜ੍ਹਾ ਮਾਰ ਆਵਾਂ,
ਜਿਥੇ ਨਿੱਕੇ ਹੁੰਦੇ ਖੇਡੇ ਵੇਖ ਘਰ ਬਾਹਰ ਆਵਾਂ।
ਵੇਖਾਂ ਉਹ ਗਲੀਆਂ ਜਿੱਥੇ ਕੈਂਚੀ ਸਾਈਕਲ ਚਲਾਇਆ ਸੀ।
ਡਿੱਗਦੇ ਉੱਠਦੇ ਹੱਸਦੇ ਖ਼ੂਬ ਭਜਾਇਆ ਸੀ।
ਜੀਅ ਕਰੇ ਉਨ੍ਹਾਂ ਗਲੀਆਂ ਦੀ ਲੈ ਸਾਰ ਆਵਾਂ।
ਦਿਲ ਕਰਦਾ ਪਿੰਡ ਤੋਂ ਗੇੜ੍ਹਾ ਮਾਰ ਆਵਾਂ।
ਉਹ ਛੱਪੜ ਵੇਖਾਂ ਜਿੱਥੇ ਮੱਝਾਂ ਨੁਹਾਈਆਂ ਸੀ,
ਡੂੰਘੇ ਪਾਣੀ ਜਾ ਤਾਰੀਆਂ ਲਾਈਆਂ ਸੀ।
ਕਾਗਜ਼ ਦੀ ਕਿਸ਼ਤੀ ਪਾਣੀ ਵਿੱਚ ਤਾਰ ਆਵਾਂ।
ਦਿਲ ਕਰਦਾ ਪਿੰਡ ਤੋਂ ਗੇੜ੍ਹਾ ਮਾਰ ਆਵਾਂ।
ਜਾਅ ਕੇ ਆਉਣਾਂ ਸਕੂਲੋਂ ਜਿੱਥੋਂ ਸਿੱਖਿਆ ਸੀ,
ਪੂਰਨੇ ਪਵਾਏ ਫੱਟੀਆਂ ਉਪਰ ਲਿਖਿਆ ਸੀ।
ਵਿੱਦਿਆ ਦੇ ਮੰਦਰ ਨੂੰ ਕਰ ਨਮਸਕਾਰ ਆਵਾਂ।
ਦਿਲ ਕਰਦਾ ਪਿੰਡ ਤੋਂ ਗੇੜ੍ਹਾ ਮਾਰ ਆਵਾਂ।
ਜਦ ਖੇਡਦਿਆਂ ਸੀ ਕਦੇ ਹਨੇਰਾ ਹੋ ਜਾਂਦਾ,
ਸੁਖਬੀਰ ਦੀ ਬੀਬੀ ਨੂੰ ਬੜਾ ਫ਼ਿਕਰ ਖਾਂਦਾ।
ਚੜ੍ਹਿਆ ਮਨ `ਤੇ ਭਾਰ ਜਾ ਉਤਾਰ ਆਵਾਂ।
ਦਿਲ ਕਰਦਾ ਪਿੰਡ ਤੋਂ ਗੇੜ੍ਹਾ ਮਾਰ ਆਵਾਂ।
ਭਾਪਾ ਜੀ ਜਦ ਰਾਤੀਂ ਕੰਮ ਤੋਂ ਆਉਂਦੇ ਸੀ,
ਦੋਵੇਂ ਹੱਥ ਜੋੜ ਸਭ ਫ਼ਤਹਿ ਬੁਲਾਉਂਦੇ ਸੀ।
ਸਾਈਕਲ ਤੋਂ ਝੋਲ਼ਾ ਲਾਹ, ਚਿੱਤ ਨੂੰ ਠਾਰ ਆਵਾਂ।
ਦਿਲ ਕਰਦਾ ਪਿੰਡ ਤੋਂ ਗੇੜ੍ਹਾ ਮਾਰ ਆਵਾਂ।
ਜਿੱਥੇ ਨਿੱਕੇ ਹੁੰਦੇ ਖੇਡੇ, ਵੇਖ ਘਰ ਬਾਹਰ ਆਵਾਂ।
ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ – 98555 12677