ਅੰਮ੍ਰਿਤਸਰ, 31 ਜਨਵਰੀ (ਪੰਜਾਬ ਪੋਸਟ ਬਿਊਰੋ) – ਐਸ.ਟੀ.ਐਫ ਪੰਜਾਬ ਨੇ ਅੰਮ੍ਰਿਤਸਰ ਵਿੱਚ ਇੱਕ ਵੱਡੇ ਡਰੱਗ ਰੈਕਟ ਦਾ ਪਰਦਾਫਾਸ਼ ਕਰਦਿਆਂ 1000 ਕਰੋੜ ਮੁੱਲ ਦੀ 194 ਕਿਲੋ ਹੈਰੋਇਨ ਅਤੇ ਹੋਰ ਸਿੰਥੈਟਿਕ ਡਰੱਗ ਤੇ ਕੈਮੀਕਲ ਬਰਾਮਦ ਕੀਤੇ ਹਨ।ਸਥਾਨਕ ਸੁਲਤਾਨਵਿੰਡ ਪਿੰਡ ਨੇੜਲੀ ਕਲੌਨੀ ਅਕਾਸ਼ ਵਿਹਾਰ ਵਿਖੇ ਜਿਸ ਕੋਠੀ ਵਿੱਚੋਂ ਇਹ ਹੈਰੋਇਨ ਬਰਾਮਦ ਕੀਤੀ ਗਈ ਹੈ, ਉਥੋਂ ਇੱਕ ਅਫਗਾਨੀ ਨਾਗਰਿਕ ਤੇ ਇੱਕ ਲੜਕੀ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਐਸ.ਟੀ.ਐਫ ਅਤੇ ਸਥਾਨਕ ਪੁਲਿਸ ਵਲੋਂ ਕੋਠੀ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਡਰੱਗ ਬਰਾਮਦ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।ਇਹ ਕੋਠੀ ਇੱਕ ਅਕਾਲੀ ਆਗੂ ਅਨਵਰ ਮਸੀਹ ਦੀ ਹੈ।ਜਿਸ ਨੇ ਇਥੇ ਹੁੰਦੇ ਡਰੱਗ ਦੇ ਧੰਦੇ ਤੋਂ ਅਣਜਾਣ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਉਸ ਨੇ ਇਹ ਕੋਠੀ ਮਹੀਨਾ ਪਹਿਲਾਂ ਹੀ ਕਿਰਾਏ ‘ਤੇ ਦਿੱਤੀ ਸੀ।ਬੀਤੇ ਕੱਲ ਚੰਡੀਗੜ ਤੋਂ ਆਈ ਟੀਮ ਨੇ ਸੁਲਤਾਨਵਿੰਡ ਦੇ ਅਕਾਸ਼ ਐਵਨਿਊ ਵਿਖੇ ਸਥਿਤ ਚਿੱਟੀ ਕੋਠੀ ਵਿੱਚ ਦਸਤਕ ਦਿੱਤੀ ਅਤੇ ਇਸ ਛਾਪੇਮਾਰੀ ਦੌਰਾਨ ਵੱਡੀ ਮਾਤਰਾ ‘ਚ ਹੈਰੋਇਨ ਬਰਾਮਦ ਕੀਤੀ ਗਈ।
ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਐਸ.ਟੀ.ਐਫ ਪੰਜਾਬ ਮੁੱਖੀ ਹਰਪ੍ਰੀਤ ਸਿੱਧੂ ਨੇ ਦੱਸਿਆ ਕਿ ਗੁਪਤ ਸੂਚਨਾ ਮਿਲਣ ‘ਤੇ 29 ਜਨਵਰੀ 2020 ਨੂੰ ਸਪੈਸ਼ਲ ਟਾਸਕ ਫੋਰਸ ਫੋਰਸ ਦੇ ਪੁਲਿਸ ਸਟੇਸ਼ਨ ਐਸ.ਏ.ਐਸ ਨਗਰ ਮੋਹਾਲੀ ਵਿਖੇ ਐਨ.ਡੀ.ਪੀ.ਐਸ ਦੀ ਧਾਰਾ 21/61/85 ਅਤੇ ਆਰਮਜ਼ ਐਕਟ ਦੀ ਧਾਰਾ ਅਧੀਨ 25/54/59 ਤਹਿਤ ਕੇਸ ਦਰਜ਼ ਕੀਤਾ ਗਿਆ।ਉਨਾਂ ਕਿਹਾ ਕਿ ਸਥਾਨਕ ਅਜਨਾਲਾ ਰੋਡ ਵਾਸੀ ਸੁਖਬੀਰ ਸਿੰਘ ਉਰਫ ਹੈਪੀ ਪੁੱਤਰ ਲੇਟ ਲਖਬੀਰ ਸਿੰਘ ਦੀ ਗਰੇਅ ਰੰਗ ਦੀ ਬਰੀਜ਼ਾ ਕਾਰ ਵਿੱਚੋਂ 6 ਕਿਲੋ ਹੈਰੋਇਨ ਦੇ 6 ਪੈਕਟ ਬਰਾਮਦ ਕੀਤੇ ਗਏ ਸਨ ਅਤੇ ਇੰਸਪੈਕਟਰ ਰਣਧੀਰ ਸਿੰਘ ਦੀ ਅਗਵਾਈ ਵਾਲ਼ੀ ਪੁਲਿਸ ਪਾਰਟੀ ਵਲੋਂ ਐਸ.ਟੀ.ਐਫ ਦੇ ਡੀ.ਐਸ.ਪੀ ਸਿਕੰਦਰ ਸਿੰਘ ਦੇ ਸਾਹਮਣੇ ਸੁਖਬੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ।ਪੜਤਾਲ ਦੌਰਾਨ ਸੁਖਬੀਰ ਸਿੰਘ ਦੇ ਖੁਲਾਸੇ ‘ਤੇ ਸਥਾਨਕ ਕੁਈਨਜ਼ ਰੋਡ ‘ਤੇ ਕੱਪੜੇ ਦਾ ਸਟੋਰ ਚਲਾਉਣ ਵਾਲੇ ਡਰੱਗ ਰੈਕਟ ਦੇ ਮੁਖੀ ਅੰਕੁਸ਼ ਕਪੂਰ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਐਸ.ਟੀ.ਐਫ ਮੁਖੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ‘ਚ ਐਸ.ਟੀ.ਐਫ ਵਲੋਂ 30 ਜਨਵਰੀ 2020 ਨੂੰ ਐਨ.ਡੀ.ਪੀ.ਐਸ ਦੀ ਧਾਰਾ 21/25/27-ਏ/29/61 /85 ਤਹਿਤ ਸਪੈਸ਼ਲ ਟਾਸਕ ਫੋਰਸ ਫੋਰਸ ਦੇ ਪੁਲਿਸ ਸਟੇਸ਼ਨ ਐਸ.ਏ.ਐਸ ਨਗਰ ਮੋਹਾਲੀ ਵਿਖੇ ਕੇਸ ਦਰਜ ਕੀਤਾ ਗਿਆ ਕਿ ਸੁਲਤਾਨਵਿੰਡ ਇਲਾਕੇ ਵਿੱਚ ਇੱਕ ਘਰ ਵਿੱਚ ਹੈਰੋਇਨ ਤੋਂ ਡਰੱਗ ਬਣਾਈ ਅਤੇ ਸਟੋਰ ਕੀਤੀ ਜਾਂਦੀ ਹੈ।ਇਸ ਸਥਾਨ ਦੀ ਸ਼ਨਾਖਤ ਕਰਨ ਉਪਰੰਤ ਐਗਜੀਕਿਊਟਿਵ ਮੈਜਿਸਟਰੇਟ ਦੀ ਮੌਜੂਦਗੀ ‘ਚ ਉਥੇ ਛਾਪੇਮਾਰੀ ਕੀਤੀ ਗਈ।ਇਸ ਛਾਪੇਮਾਰੀ ਦੌਰਾਨ 188.455 ਕਿਲੋਗ੍ਰਾਮ ਹੈਰੋਇਨ ਸ਼ੱਕੀ ਡੈਕਸਟਰਮੈਥੋਰਫੈਨ ਪਾਊਡਰ 38.220, ਸ਼ੱਕੀ ਕੈਫੀਨ ਪਾਊਡਰ 25.865 ਕਿਲੋਗ੍ਰਾਮ, ਇੱਕ ਲੈਬਾਰਟਰੀ ਸਮੇਤ 6 ਡਰੱਮ ਕੈਮੀਕਲ ਬਰਾਮਦ ਕੀਤੇ ਗਏ।ਇਸ ਦੇ ਨਾਲ ਹੀ ਇੱਕ ਅਫਗਾਨੀ ਵਿਅਕਤੀ ਅਰਮਾਨ ਬਸ਼ਰਮਲ ਪੁੱਤਰ ਮੋਹੰਮਦ ਦਿਲਦਾਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ।ਉਨਾਂ ਕਿਹਾ ਕਿ ਅਰਮਾਨ ਭਾਰਤ ਆਇਆ ਤਾਂ ਉਸ ਨੂੰ ਦਿੱਲੀ ਤੋਂ ਸਿੱਧਾ ਅੰਮ੍ਰਿਤਸਰ ਲਿਆਂਦਾ ਇਸ ਕੋਠੀ ਵਿੱਚ ਲਿਆਂਦਾ ਗਿਆ, ਜੋ ਇਥੇ ਸਿੰਥੈਟਿਕ ਡਰੱਗ ਬਣਾਉਣ ਲਈ ਹੈਰੋਇਨ ਦੀ ਮਿਕਸਿੰਗ ਕਰਦਾ ਸੀ।ਜਿਸ ਲਈ ਉਸ ਨੇ ਮਿਕਸਰ, ਗਰਾਈਂਡਰ, ਗੈਸ ਬਰਨਰ ਤੇ ਬਰਤਨ ਵਗੈਰਾ ਵੀ ਰੱਖੇ ਹੋਏ ਸਨ।ਐਸ.ਟੀ.ਐਫ ਮੁਖੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਇਸ ਵਿਚ ਅੰਤਰਰਾਸ਼ਟਰੀ ਸ਼ਮੂਲ਼ੀਅਤ ਦਾ ਪਤਾ ਲਗਾਇਆ ਜਾਵੇਗਾ।
ਇਸ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਹੋਰ ਦੋਸ਼ੀਆਂ ਵਿੱਚ ਸੁਖਵਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਨੌਸ਼ਹਿਰਾ ਖੁਰਦ ਤਲਾਵਰਕਰ ਜਿੰਮ ਮਾਲ ਰੋਡ ਅੰਮ੍ਰਿਤਸਰ ਵਿਖੇ ਟਰੇਨਰ ਹੈ, ਮੇਜਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਨੌਸ਼ੀਹਰਾ ਖੁਰਦ ਅਤੇ ਤਮੰਨਾ ਗੁਪਤਾ ਪੁੱਤਰੀ ਰਾਕੇਸ਼ ਕੁਮਾਰ ਵਾਸੀ ਨੇੜੇ ਐਨਮ ਸਿਨੇਮਾ ਅੰਮ੍ਰਿਤਸਰ ਸ਼ਾਮਲ ਹਨ।
ਐਸ.ਟੀ.ਐਫ ਅਧਿਕਾਰੀ ਨੇ ਹੋਰ ਦੱਸਿਆ ਕਿ ਇਹ ਵੀ ਪਤਾ ਲਗਾਇਆ ਜਾਵੇਗਾ ਕਿ, ਕੀ ਸਿਮਰਨਜੀਤ ਸਿੰਘ ਸੰਧੂ ਪੁੱਤਰ ਸਰਬਜੀਤ ਸਿੰਘ ਵਾਸੀ ਰਣਜੀਤ ਐਵਨਿਊ ਅੰਮ੍ਰਿਤਸਰ ਇਸ ਹੈਰੋਇਨ ਸਪਲਾਈ ਦੇ ਧੰਦੇ ਵਿੱਚ ਅੰਕੁਸ਼ ਕਪੂਰ ਦੇ ਨਾਲ ਲੱਗਾ ਹੋਇਆ ਸੀ? ਏ.ਟੀ.ਐਸ ਗੁਜਰਾਤ ਦੀ 300 ਕਿਲੋ ਹੈਰੋਇਨ ਮਾਮਲੇ ਵਿੱਚ ਦੋਸ਼ੀ ਸਿਮਰਨਜੀਤ ਸਿੰਘ ਇਸ ਸਮੇਂ ਐਸ.ਟੀ.ਐਫ ਮੋਹਾਲੀ ਨੂੰ 30 ਜਨਵਰੀ ਨੂੰ ਦਰਜ ਕੇਸ ਵਿੱਚ ਲੋੜੀਂਦਾ ਹੈ।ਇਸ ਪ੍ਰੈਸ ਕਾਨਫਰੰਸ ਵਿੱਚ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਤੇ ਹੋਰ ਪੁਲਿਸ ਅਧਿਕਾਰੀ ਮੀਜੂਦ ਸਨ।
Check Also
ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ
ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …