ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ – ਸੰਧੂ) – ਬਾਬਾ ਨਾਮਦੇਵ ਜੀ ਦੀ ਚਰਨ ਛੋਹ ਪ੍ਰਾਪਤ ਮਰੜੀ ਕਲਾਂ ਵਿਖੇ ਪਿੰਡ ਵਾਸੀਆਂ ਵਲੋਂ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਦੂਸਰਾ ਕਾਰਗਿਲ ਸ਼ਹੀਦ ਜਸਕਰਨ ਸਿੰਘ ਯਾਦਗਾਰੀ ਪੰਚਾਇਤੀ ਹਾਕੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਮਾਝੇ ਦੀਆਂ ਚੋਟੀ ਦੀਆਂ ਸੀਨੀਅਰ ਵਰਗ ਦੀਆਂ 16 ਅਤੇ ਜੂਨੀਅਰ ਵਰਗ ਦੀਆਂ 10 ਹਾਕੀ ਟੀਮਾਂ ਨੇ ਭਾਗ ਲਿਆ।ਜਿਸ ਦੇ ਸੀਨੀਅਰ ਵਰਗ ਦੇ ਖੇਡੇ ਗਏ ਸੈਮੀਫਾਈਨਲ ਮੁਕਾਬਲੇ ਵਿੱਚ ਮਰੜ ਦੀ ਟੀਮ ਨੇ ਤਲਵੰਡੀ ਖੁੰਮਣ ਦੀ ਟੀਮ ਨੂੰ 4-1 ਦੇ ਫਰਕ ਨਾਲ ਅਤੇ ਲਹਿਰਕਾ ਦੀ ਟੀਮ ਨੇ ਕੋਟਲੀ ਮੱਲੀਆਂ ਦੀ ਟੀਮ ਨੂੰ 5-0 ਦੇ ਫਰਕ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ।ਜਦ ਕਿ ਜੂਨੀਅਰ ਵਰਗ ਵਿੱਚ ਮਰੜੀ ਕਲਾਂ ਦੀ ਟੀਮ ਨੇ ਕੋਟਲੀ ਮੱਲੀਆਂ ਦੀ ਟੀਮ ਨੂੰ 5-0 ਦੇ ਅਤੇ ਅਟਾਰੀ ਦੀ ਟੀਮ ਨੇ ਕਾਦਰਾਬਾਦ ਦੀ ਟੀਮ ਨੂੰ 5-0 ਦੇ ਫਰਕ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ।
ਜੂਨੀਅਰ ਵਰਗ ਹੋਏ ਫਾਈਨਲ ਮੁਕਾਬਲੇ ਵਿੱਚ ਜ਼ਬਰਦਸਤ ਟੱਕਰ ਦਿੰਦਿਆਂ ਮਰੜੀ ਕਲਾਂ ਦੀ ਟੀਮ ਨੇ ਅਟਾਰੀ ਦੀ ਟੀਮ ਨੂੰ 2-1 ਦੇ ਫਰਕ ਨਾਲ ਹਰਾ ਕੇ ਫਾਈਨਲ ਮੁਕਾਬਲਾ ਜਿੱਤਿਆ।ਜਦ ਕਿ ਸੀਨੀਅਰ ਵਰਗ ਵਿੱਚ ਮਰੜ ਦੀ ਟੀਮ ਨੇ ਲਹਿਰਕਾ ਦੀ ਟੀਮ ਨੂੰ 4-0 ਨਾਲ ਹਰਾ ਕੇ ਫਾਈਨਲ ਮੁਕਾਬਲਾ ਜਿੱਤਿਆ।ਜੂਨੀਅਰ ਵਰਗ ਦੇ ਸੈਮੀਫਾਈਨਲ ਮੁਕਾਬਲਿਆਂ ਵਿੱਚ ਬੈਸਟ ਖਿਡਾਰੀ ਦਿਲਪ੍ਰੀਤ ਸਿੰਘ ਮਰੜੀ ਕਲਾਂ ਅਤੇ ਅਭੀਸੇ਼ਕ ਨੂੰ ਐਲਾਨਿਆ ਗਿਆ।ਜਦ ਕਿ ਸੀਨੀਅਰ ਵਰਗ ਵਿੱਚ ਜੋਬਨਪ੍ਰੀਤ ਸਿੰਘ ਮਰੜ ਅਤੇ ਅਮਰਜੀਤ ਸਿੰਘ ਲਹਿਰਕਾ ਬੈਸਟ ਖਿਡਾਰੀ ਬਣੇ। ਰੱਸਾਕਸ਼ੀ ਦੇ ਹੋਏ ਗਹਿਗੱਚ ਮੁਕਾਬਲੇ ਵਿੱਚ ਚੜ੍ਹਦੀ ਪੱਤੀ ਮਰੜੀ ਕਲਾਂ ਦੀ ਟੀਮ ਨੇ ਲਹਿੰਦੀ ਪੱਤੀ ਦੀ ਟੀਮ ਨੂੰ ਹਰਾ ਕੇ ਮੁਕਾਬਲਾ ਜਿੱਤਿਆ।40 ਸਾਲ ਤੋਂ ਉਪਰ ਕਰਵਾਏ ਗਏ ਕੁੱਕੜ ਫੜਣ ਦਾ ਮੁਕਾਬਲਾ ਜੋਗਾ ਸਿੰਘ ਸ਼ਾਈਨਿੰਗ ਸਟਾਰ ਇੰਟਰਨੈਸ਼ਨਲ ਸਕੂਲ ਸਰਹਾਲਾ ਦੇ ਵੈਨ ਡਰਾਈਵਰ ਨੇ ਜਿੱਤ ਕੇ ਵਾਹ ਵਾਹ ਖੱਟੀ।ਸੀਨੀਅਰ ਵਰਗ ਦੇ ਹਾਕੀ ਫਾਈਨਲ ਮੁਕਾਬਲੇ ਵਿੱਚ ਪਿੰਡ ਮਰੜ ਦੀ ਸਾਬਤ ਸੂਰਤ ਸਿੱਖੀ ਸਰੂਪ ਵਾਲੀ ਹਾਕੀ ਟੀਮ ਨੇ ਲਹਿਰਕਾ ਦੀ ਟੀਮ ਨੂੰ 4- 0 ਸਕੋਰ ਦੇ ਫਰਕ ਨਾਲ ਹਰਾ ਕੇ ਟੂਰਨਾਮੈਂਟ ਚੈਂਪੀਅਨ ਬਣੀ। ਇਸ ਮੈਚ ਦੀ ਅੰਪਾਇਰਿੰਗ ਦੀਪਕ ਕਪੂਰਥਲਾ ਅਤੇ ਹੈਪੀ ਬੁਤਾਲਾ ਨੇ ਸ਼ਾਨਦਾਰ ਢੰਗ ਨਾਲ ਕੀਤੀ।ਫਾਈਨਲ ਵਿੱਚ ਮੈਨ ਆਫ ਦਾ ਮੈਚ ਜੋਬਨਪ੍ਰੀਤ ਸਿੰਘ ਮਰੜ ਜਦ ਕਿ ਬੈਸਟ ਪਲੇਅਰ ਆਫ ਦਾ ਟੂਰਨਾਮੈਂਟ ਖਿਡਾਰੀ ਕਰਨ ਮਰੜ ਨੂੰ ਐਲਾਨਿਆ ਗਿਆ।
ਕੌਮੀ ਹਾਕੀ ਖਿਡਾਰੀ ਜੋਗਾ ਸਿੰਘ ਰਿਆਲੀ, ਗੌਤਮਪਾਲ ਸਿੰਘ ਮਰੜੀ ਪੰਜਾਬ ਐਂਡ ਸਿੰਧ ਬੈਂਕ, ਮੈਂਬਰ ਬਲਾਕ ਸੰਮਤੀ ਬਲਵਿੰਦਰ ਸਿੰਘ ਮਰੜੀ ਨੇ ਸ਼ਿਰਕਤ ਕੀਤੀ।ਜੇਤੂ ਟੀਮਾਂ ਨੂੰ ਕਾਰਗਿਲ ਸ਼ਹੀਦ ਜਸਕਰਨ ਸਿੰਘ ਦੇ ਸਤਿਕਾਰਯੋਗ ਪਿਤਾ ਬਚਨ ਸਿੰਘ ਪਟਵਾਰੀ ਨੇ ਸੀਨੀਅਰ ਵਰਗ ਦੀ ਜੇਤੂ ਮਰੜ ਦੀ ਟੀਮ ਨੂੰ 15000 ਰੁਪਏ ਅਤੇ ਦੂਸਰੀ ਪੁਜੀਸ਼ਨ ਹਾਸਲ ਕਰਨ ਵਾਲੀ ਲਹਿਰਕਾ ਦੀ ਟੀਮ ਨੂੰ 10000 ਰੁਪਏ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ।ਜਦ ਕਿ ਜੂਨੀਅਰ ਵਰਗ ਦੀ ਜੇਤੂ ਮਰੜੀ ਕਲਾਂ ਦੀ ਟੀਮ ਨੂੰ 5100 ਰੁਪਏ ਅਤੇ ਦੂਸਰੀ ਪੁਜੀਸ਼ਨ ਹਾਸਲ ਕਰਨ ਵਾਲੀ ਅਟਾਰੀ ਦੀ ਟੀਮ ਨੂੰ 3100 ਰੁਪਏ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।ਪਿੰਡ ਮਰੜੀ ਕਲਾਂ ਦੀ ਟੀਮ ਨੂੰ ਤਿਆਰ ਕਰਨ ਵਾਸਤੇ ਨਵਜੀਵਨ ਚੈਰੀਟੇਬਲ ਸੁਸਾਇਟੀ ਜਲ਼ੰਧਰ ਦੇ ਕੋਚ ਬਲਬੀਰ ਸਿੰਘ, ਕੋਚ ਇਕਬਾਲ ਸਿੰਘ, ਮੇਜ਼ਰ ਸਿੰਘ ਫੌਜੀ, ਜਗਦੀਪ ਸਿੰਘ, ਗੁਰਦੀਪ ਸਿੰਘ, ਰਜਿੰਦਰ ਸਿੰਘ, ਦਿਲਸੇ਼ਰ ਸਿੰਘ ਦੀ ਸਖ਼ਤ ਮਿਹਨਤ ਰੰਗ ਲਿਆਈ ਹੈ। ਟੂਰਨਾਮੈਂਟ ਨੂੰ ਲੋਕਲ ਚੈਨਲ ਵਲੋਂ ਲਾਈਵ ਟੈਲੀਕਾਸਟ ਕੀਤਾ ਗਿਆ। ਕਮੇਟੀ ਵਲੋਂ ਟੂਰਨਾਮੈਂਟ ਵਿੱਚ ਰਿਫਰੈਸ਼ਮੈਂਟ ਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ।ਕਮੇਟੀ ਵਲੋਂ ਆਈਆਂ ਟੀਮਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਕੋਆਰਡੀਨੇਟਰ ਪ੍ਰਿੰਸ ਗਿੱਲ, ਰਛਪਾਲ ਸਿੰਘ, ਅਮਨਪ੍ਰੀਤ ਸਿੰਘ ਫੌਜੀ, ਕੁਲਜੀਤ ਸਿੰਘ, ਰਜਿੰਦਰ ਸਿੰਘ, ਦਿਲਸ਼ੇਰ ਸਿੰਘ, ਗੁਰਲਾਲ ਸਿੰਘ, ਮਨਜੀਤ ਸਿੰਘ, ਯਾਦਵਿੰਦਰ ਸਿੰਘ, ਜਸ਼ਨਪ੍ਰੀਤ ਸਿੰਘ, ਗੌਤਮਪਾਲ ਸਿੰਘ, ਬਿਕਰਮ ਸਿੰਘ, ਮੇਜ਼ਰ ਸਿੰਘ ਬੱਬੀ, ਜੋਤੀ, ਬਾਊ ਮਰੜੀ, ਬਿੱਟੂ, ਡਾਕਟਰ ਜ਼ੋਰਾਵਰ ਸਿੰਘ, ਕੋਚ ਬਲਬੀਰ ਸਿੰਘ, ਕੋਚ ਸਰਬਜੀਤ ਸਿੰਘ, ਕੋਚ ਕੁਲਜੀਤ ਸਿੰਘ, ਕੋਚ ਸਤਵੰਤ ਸਿੰਘ, ਕੋਚ ਇਕਬਾਲ ਸਿੰਘ, ਬਲਵੰਤ ਸਿੰਘ ਆਦਿ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …