ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ – ਖੁਰਮਣੀਆਂ) – ਵਿਦਿਆਰਥੀ ਜੀਵਨ ’ਚ ਖੇਡਾਂ ਦਾ ਖਾਸ ਮਹੱਤਵ ਹੁੰਦਾ ਹੈ, ਇਹ ਉਨ੍ਹਾਂ ਦੇ ਸਰੀਰਿਕ ਵਿਕਾਸ ਦੇ ਨਾਲ ਮਾਨਸਿਕ ਵਿਕਾਸ ’ਚ ਵੀ ਸਹਾਇਕ ਹੁੰਦੀਆਂ ਹਨ।ਖੇਡਾਂ ਦੀ ਮਹੱਤਤਾ ਨੂੰ ਪਛਾਣਦਿਆਂ ਇਸ ਸਾਲ ਵੀ ਖਾਲਸਾ ਕਾਲਜ ਚਵਿੰਡਾ ਦੇਵੀ ’ਚ ‘9ਵਾਂ ਸਲਾਨਾ ਖੇਡ ਦਿਵਸ’ ਕਰਵਾਇਆ ਗਿਆ। ਜਿਸ ’ਚ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਖੇਡ ਦਿਵਸ ਦੀ ਸ਼ੁਰੂਆਤ ਕਾਲਜ ਦੇ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਕਰਕੇ ਕੀਤੀ ਗਈ। ਜਿਸ ਉਪਰੰਤ ਮੁੱਖ ਮਹਿਮਾਨ ਵੱਲੋਂ ਕਾਲਜ ਦਾ ਝੰਡਾ ਲਹਿਰਾ ਕੇ ਹਵਾ ’ਚ ਗੁਬਾਰੇ ਛੱਡ ਕੇ ਖੇਡ ਦਿਵਸ ਦਾ ਆਰੰਭ ਕੀਤਾ ਗਿਆ।
ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆ ਛੀਨਾ ਨੇ ਕਿਹਾ ਕਿ ਆਧੁਨਿਕ ਭੱਜਦੌੜ ਵਾਲੀ ਜ਼ਿੰਦਗੀ ’ਚ ਖੇਡਾਂ ਸਾਨੂੰ ਨਿਰੋਗੀ ਰੱਖਣ ’ਚ ਸਹਾਇਕ ਹੋਣਗੀਆਂ ਅਤੇ ਨਾਲ ਹੀ ਇਹ ਵਿਦਿਆਰਥੀਆਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣਗੀਆਂ, ਸੋ ਸਾਰੇ ਵਿਦਿਆਰਥੀਆਂ ਨੂੰ ਵੱਧ ਚੜ੍ਹ ਕੇ ਖੇਡਾਂ ’ਚ ਭਾਗ ਲੈਣਾ ਚਾਹੀਦਾ ਹੈ।ਕਾਲਜ ਪ੍ਰਿੰਸੀਪਲ ਡਾ. ਐਚ.ਬੀ ਸਿੰਘ ਨੇ ਫੁੱਲਾਂ ਦਾ ਗੁਲਦਸਤਾ ਅਤੇ ਸ਼ਾਲ ਭੇਟ ਕਰਕੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲਨਾਲ ਸਰਬਪੱਖੀ ਵਿਕਾਸ ਲਈ ਖੇਡਾਂ ਦਾ ਹਿੱਸਾ ਬਣਨ ਲਈ ਕਿਹਾ। ਉਨ੍ਹਾਂ ਮੁੱਖ ਮਹਿਮਾਨ ਸ. ਛੀਨਾ ਦਾ ਧੰਨਵਾਦ ਕੀਤਾ ਕਿ ਉਹ ਆਪਣੇ ਰੁਝੇਵਿਆਂ ’ਚੋਂ ਸਮਾਂ ਕੱਢ ਕੇ ਉਚੇਚੇ ਤੌਰ ’ਤੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਾਰਨ ਕਾਲਜ ’ਚ ਪਹੁੰਚੇ ਹਨ।
ਇਸ ਸਮੇਂ ਵਿਦਿਆਰਥੀਆਂ ਵਿਚਕਾਰ 100 ਮੀਟਰ ਅਤੇ 400 ਮੀਟਰ ਰਿਲੇਅ ਰੇਸਾਂ ਤੋਂ ਇਲਾਵਾ ਸ਼ਾਟਪੁਟ, ਲੌਂਗ ਜੰਪ, ਡਿਸਕਸ ਥ੍ਰੋ, ਸਪੂਨ ਲੈਮਨ ਰੇਸ, ਥ੍ਰੀ ਲੈਗਜ ਰੇਸ, ਸਕੀਪਿੰਗ ਰੇਸ, ਸੈਕ ਰੇਸ ਵਰਗੇ ਦਿਲਚਸਪ ਮੁਕਾਬਲੇ ਕਰਵਾਏ ਗਏ।ਕਾਲਜ ਦੇ ਸਾਰੇ ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ’ਚ ਵੱਧ ਚੜ ਕੇ ਹਿੱਸਾ ਲਿਆ।ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਅਤੇ ਪ੍ਰਿੰਸੀਪਲ ਵਲੋਂ ਸ਼ੀਲਡਾਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਾਲ ਦੇ ਖੇਡ ਮੁਕਾਬਲਿਆਂ ਦੇ ਅਧਾਰ ’ਤੇ ਲੜਕੀਆਂ ’ਚੋਂ ਬੈਸਟ ਅਥਲੀਟ ਹਰਮੀਤ ਕੌਰ +1 ਕਾਮਰਸ ਅਤੇ ਲੜਕਿਆਂ ’ਚੋਂ ਬੈਸਟ ਅਥਲੀਟ ਸ਼ਰਨਜੀਤ ਸਿੰਘ ਬੀ.ਸੀ.ਏ ਫ਼ਾਈਨਲ ਕਲਾਸ ਨੂੰ ਚੁਣਿਆ ਗਿਆ।ਕਾਲਜ ਦੇ +2 ਆਰਟਸ ਦੇ ਵਿਦਿਆਰਥੀਆਂ ਨੇ ਸਮਾਗਮ ਦੀ ਓਵਰਆਲ ਟਰਾਫ਼ੀ ਆਪਣੇ ਨਾਮ ਕਰਵਾਈ।
ਪ੍ਰੋ. ਸਿਮਰਨਜੀਤ ਕੌਰ ਇਕਨਾਮਿਕਸ ਵਿਭਾਗ ਨੂੰ ਨੈੱਟ ਅਤੇ ਜੀ.ਆਰ.ਐਫ਼ ਦਾ ਇਮਤਿਹਾਨ ਪਾਸ ਕਰਨ ’ਤੇ ਪ੍ਰੋ.ਬਿਕਰਮਜੀਤ ਸਿੰਘ ਅੰਗਰੇਜੀ ਵਿਭਾਗ ਨੂੰ ਨੈਟ ਦੀ ਪ੍ਰੀਖਿਆ ਪਾਸ ਕਰਨ ’ਤੇ ਕਾਲਜ ਵੱਲੋਂ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਸਾਇੰਸ ਵਿਭਾਗ ਦੇ ਪ੍ਰੋ. ਪਵਨਦੀਪ ਕੌਰ ਨੂੰ ਉਨ੍ਹਾਂ ਦੀਆਂ ਕਾਲਜ ਪ੍ਰਤੀ ਵਧੀਆ ਸੇਵਾਵਾਂ ਦੇਣ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ ਸਰਦੂਲ ਸਿੰਘ ਮੰਨਨ (ਏਡਿਡ ਸਕੂਲ ਇੰਚਾਰਜ਼), ਅੰਡਰ ਸੈਕਟਰੀ ਧਰਮਿੰਦਰ ਸਿੰਘ ਰਟੌਲ, ਅਜੈਪਾਲ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।ਕਾਲਜ ਦੇ ਸਰੀਰਿਕ ਸਿੱਖਿਆ ਵਿਭਾਗ ਤੋਂ ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਗੁਰਮੁਖ ਸਿੰਘ ਅਤੇ ਸਮੂਹ ਸਟਾਫ਼ ਮੈਂਬਰਾਂ ਨੇ ਅਹਿਮ ਭੂਮਿਕਾ ਨਿਭਾਈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …