Friday, October 18, 2024

ਡਰ ਕਰੋਨਾ ਦਾ…

 

          Corona Virus ਚੀਨ, ਇਟਲੀ, ਸਪੇਨ, ਅਮਰੀਕਾ, ਫਰਾਂਸ, ਇਰਾਨ ਅਰਥਾਤ ਪੂਰੀ ਦੁਨੀਆਂ ਨੂੰ ਆਪਣਾ ਪ੍ਰਕੋਪ ਦਿਖਾ ਚੁੱਕਿਆ ਕਰੋਨਾ, ਹੁਣ ਭਾਰਤ ‘ਚ ਵੀ ਆਪਣੇ ਪੈਰ ਪਸਾਰ ਰਿਹਾ ਹੈ।ਦੁਨੀਆਂ ਭਰ ਵਿੱਚ ਇਸ ਖਤਰਨਾਕ ਵਾਇਰਸ ਦੇ ਪ੍ਰਕੋਪ ਤੋਂ ਆਮ ਲੋਕਾਂ ਨੂੰ ਬਚਾਉਣ ਲਈ ਵਿਕਸਿਤ ਤੇ ਵਿਕਾਸ ਕਰ ਰਹੇ ਮੁਲਕਾਂ ਦੀਆਂ ਸਰਕਾਰਾਂ ਨੇ ਨਾਗਰਿਕਾਂ ਨੂੰ ਘਰਾਂ ਵਿੱਚ ਬੰਦ ਕਰ ਕੇ ਰੱਖ ਦਿੱਤਾ ਹੈ।ਵੱਡੇ-ਵੱਡੇ ਦੇਸ਼ਾਂ ਦੇ ਮਾਹਿਰ ਡਾਕਟਰ ਤੇ ਮੈਡੀਕਲ ਖੋਜੀ ਜੀਅ ਜਾਨ ਨਾਲ ਕੋਰੋਨਾ ਦਾ ਮੁਕਾਬਲਾ ਕਰ ਰਹੇ ਨੇ।ਉਹ ਦਿਨ ਰਾਤ ਇੱਕ ਕਰਕੇ ਮਨੁੱਖਤਾ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਨੇ।ਨਵੀਆਂ-ਨਵੀਆਂ ਖੋਜਾਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਪਰ ਫਿਲਹਾਲ ਕੋਸ਼ਿਸ਼ਾਂ ਨੂੰ ਬੂਰ ਪੈਂਦਾ ਦਿਖਾਈ ਨਹੀਂ ਦੇ ਰਿਹਾ, ਪਤਾ ਨਹੀਂ ਪਰਮਾਤਮਾ ਦੀ ਕੀ ਰਜ਼ਾ ਹੈ, ਉਸ ਦੇ ਅੱਗੇ ਕੋਈ ਜ਼ੋਰ ਨਹੀਂ ਚੱਲ ਰਿਹਾ।ਬਾਣੀ ਦਾ ਕਥਨ ਹੈ:-

“ਜਿਸ ਠਾਕੁਰ ਸਿਉਂ ਨਾਹੀ ਚਾਰਾ, ਤਾ ਕੋ ਕੀ ਜੇ ਸਦ ਨਮਸਕਾਰਾ “।।

              ਹਰ ਧਰਮ, ਜਾਤ, ਰੰਗ ਤੇ ਨਸਲ ਦੇ ਅਮੀਰ ਤੇ ਗਰੀਬ ਲੋਕ ਡਰ ਤੇ ਦਹਿਸ਼ਤ ‘ਚ ਹਨ।ਕੋਰੋਨਾ ਦੀ ਮਹਾਮਾਰੀ ਤੋਂ ਭਾਰਤ ਦੀ ਕੇਂਦਰ ਸਰਕਾਰ ਤੋਂ ਇਲਾਵਾ ਸੂਬਾ ਸਰਕਾਰਾਂ ਵੀ ਚਿੰਤਤ ਹਨ।ਕਈ ਲੋਕ ਭਾਵੁਕਤਾ ਤਹਿਤ ਪ੍ਰਮਾਤਮਾ ‘ਤੇ ਗਿਲਾ ਕਰ ਰਹੇ ਹਨ।ਪਰ ਕਈ ਵਾਰ ਖਿਆਲ ਆਉਂਦਾ ਹੈ ਕਿ ਉਲਾਂਭਾ ਵੀ ਉਸ ਨੂੰ ਦਿੱਤਾ ਜਾ ਸਕਦਾ ਹੈ।ਜਿਸ ਨਾਲ ਆਪਾਂ ਬਹੁਤ ਚੰਗਾ ਵਿਹਾਰ ਕੀਤਾ ਹੋਵੇ ਤੇ ਅੱਗੋਂ ਉਸ ਨੇ ਸਾਡੇ ਨਾਲ ਮਾੜਾ ਕੀਤਾ ਹੋਵੇ।ਬਾਣੀ ਅਨੁਸਾਰ ਪਰਮਾਤਮਾ ਕੁਦਰਤ ਵਿੱਚ ਹੈ।
            ਸੋਚਿਆ ਜਾਵੇ ਤਾਂ ਆਪਾਂ ਕੁਦਰਤ ਨਾਲ ਜੋ ਖਿਲਵਾੜ ਕੀਤਾ ਹੈ, ਉਹ ਨਾ ਬਖਸ਼ਣਯੋਗ ਹੈ।ਕੀ ਆਪਾਂ ਹਵਾ, ਪਾਣੀ ਤੇ ਧਰਤੀ ਬਾਰੇ ਸੋਚਿਆ? ਹਵਾਵਾਂ ਵਿੱਚ ਆਪਾਂ ਜ਼ਹਿਰ ਘੋਲ ਤਾ, ਪਾਣੀਆਂ ਨੂੰ ਆਪਾਂ ਪੀਣ ਯੋਗ ਨਹੀਂ ਰਹਿਣ ਦਿੱਤਾ, ਰੁੱਖਾਂ ਦੇ ਰੁੱਖ ਵੱਢ ਸੁੱਟੇ, ਧਰਤੀ ਨੂੰ ਆਪਾਂ ਜੀਵਨ ਜੀਣ ਦੇ ਲਾਇਕ ਨਹੀਂ ਛੱਡਿਆ।ਕੈਂਸਰ ਵਰਗੀਆਂ ਕਿੰਨੀਆਂ ਹੀ ਨਾ-ਮੁਰਾਦ ਬਿਮਾਰੀਆਂ ਨੇ ਸਾਨੂੰ ਜਾਗਰੂਕ ਕੀਤਾ, ਪਰ ਅਸੀਂ ਜ਼ਿਦਗੀ ਦੀ ਭੱਜ ਦੋੜ ਕਰਦੇ, ਪੈਸਿਆਂ ਨਾਲ ਤਿਜ਼ੌਰੀਆਂ ਭਰਦੇ ਹੋਏ ਕੁਦਰਤ ਨੂੰ ਟਿੱਚ ਕਰਕੇ ਜਾਣਦੇ ਰਹੇ।
             ਕੋਰੋਨਾ ਮਹਾਮਾਰੀ ਦੇ ਚੱਲਦਿਆਂ ਹੁਣ ਕੁਦਰਤ ਉਨ੍ਹਾਂ ਭਰੀਆਂ ਤਿਜੋਰੀਆਂ ਨੂੰ ਟਿੱਚ ਕਰਕੇ ਜਾਣ ਰਹੀ ਏ।ਫਿਰ ਵੇਲਾ ਸੰਭਲਣ ਦਾ ਹੈ।ਆਓ ਹੰਭਲਾ ਮਾਰੀਏ ਕੁਦਰਤ ਨੂੰ ਬਚਾਉਣ ਦਾ ਅਹਿਦ ਲਈਏ, ਕੁਦਰਤ ਬਚੇਗੀ ਤਾਂ ਜੀਵਨ ਆਪੇ ਬਚ ਜਾਏਗਾ।

ਰਣਧੀਰ ਸਿੰਘ
ਮੋ – 9878133322

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …