Sunday, December 22, 2024

ਕੁਦਰਤੀ ਕਲੋਜ਼ਿੰਗ – ਕੋਰੋਨਾ (ਵਿਅੰਗ)

          Dogs“ਓ ਬਾਂਦਰਾ, ਟਪੂਸੀਆਂ ਮਾਰੀ ਜਾਨੈ ਸੁੰਨੀਆਂ ਸੜਕਾਂ ‘ਚ! ਕੋਈ ਸਬਕ ਤੂੰ ਵੀ ਸਿੱਖ ਲੈ!” ਚੀਂ-ਚੀਂ ਕਰਦੀ ਚਿੜੀ ਨੇ ਸੁੰਨੀ ਪਈ ਸ਼ਹਿਰ ਦੀ ਗਲੀ ‘ਚ ਟਹਿਲਦੇ ਬਾਂਦਰ ਨੂੰ ਟਕੋਰ ਲਾਈ।
         “ਤੈਨੂੰ ਬੜੀਆਂ ਗੱਲਾਂ ਆਉਂਦੀਆਂ ਅੱਜ! ਪਹਿਲਾਂ ਤਾਂ ਕਦੀ ਨਜ਼ਰ ਨਈਂ ਆਈ ਸੀ ਤੂੰ! ਹੁਣ ਮੈਨੂੰ ਟਿੱਚਰਾਂ ਕਰਦੀਆਂ ਪਈਆਂ ਜੇ!”- ਅੱਗੋਂ ਬਾਂਦਰ ਨੇ ਜਵਾਬ ਦਿੱਤਾ।
           ਇਸੇ ਦੌਰਾਨ ਦਸ-ਪੰਦਰਾਂ ਕੁੱਤੇ ਵੀ ਪੂਛਾਂ ਚੁੱਕੀ ਇੰਝ ਟਹਿਲਦੇ ਆਉਂਦੇ ਦਿਸੇ ਜਿਵੇਂ ਰਾਜੇ-ਮਹਾਰਾਜੇ ਆਪਣੇ ਵਜ਼ੀਰਾਂ ਦੀ ਫ਼ੌਜ ਨਾਲ ਮੜਕਵੀਂ ਤੋਰ ‘ਚ ਆਉਂਦੇ ਨੇ।ਇਹਨਾਂ ਵਿਚੋਂ ਇੱਕ ਕੁੱਤਾ ਬਾਂਦਰ ਨੂੰ ਕਹਿੰਦਾ, “ਓ ਬਾਂਦਰਾ! ‘ਕੱਲਾ ਈ ਤੁਰਿਆ ਫ਼ਿਰਦੈਂ, ਦਸ ਪੰਦਰਾਂ ਬਾਂਦਰ ਹੋਰ ਸੱਦ ਲੈਣੇ ਸੀ! ਅੱਜ ਸਾਡਾ ਰਾਜ ਆ, ਸਾਡਾ! ਸਾਡੇ ਕੋਲੋਂ ਡਰਦੇ ਅੰਦਰ ਵੜ ਗਏ ਸਾਰੇ ਬੰਦੇ!” ਕੁੱਤੇ ਨੇ ਥੋੜ੍ਹਾ ਫ਼ੜ੍ਹ ਮਾਰਦਿਆਂ ਕਿਹਾ।
           “ਓਹ ਕਮਲ਼ਿਆ! ਤੇਰੇ ਕਰਕੇ ਅੰਦਰ ਨਈਂ ਵੜੇ ਲੋਕ ! ਕੋਰੋਨਾ ਨੇ ਭੜਥੂ ਪਾਇਆ ਈ ਏਨਾਂ ਨੂੰ! ਕੀ ਮਜ਼ਾਲ ਐ ਕਿ ਇਹ ਸਾਡੇ ਵਾਂਗ ਹੁਣ ਬਾਹਰ ਟਹਿਲ ਸਕਣ?”- ਬਾਂਦਰ ਨੇ ਕੁੱਤੇ ਦੀ ਫ਼ੁਕਰੀ ਠੰਡੀ ਕਰਿਦਆਂ ਕਿਹਾ।
            “ਮੈਂ ਵੀ ਆਖਾਂ ਆਹ ਬੰਦੇ ਲੱਭਦੇ ਕਿਉਂ ਨਈਂ? ਇਹ ਕੇਹੜੀ ਸ਼ੈਅ ਆ ਕੋਰੋਨਾ, ਜਿਸ ਤੋਂ ਡਰਦਾ ਬੰਦਾ ਅੱਜ ਲੁਕਿਆ ਫ਼ਿਰਦੈ? ਪਰ ਇੱਕ ਗੱਲੋਂ ਚੰਗਾ, ਆਹ ਸਾਨੂੰ ਮੌਜ-ਬਹਾਰਾਂ ਦੇ ਗਿਆ ਊ ਸ਼ਹਿਰ ਦੀਆਂ ਪੱਕੀਆਂ ਸੜਕਾਂ ‘ਤੇ ਪੂਛਾਂ ਚੁੱਕ ਟਹਿਲਣ ਦਾ!” ਬਾਂਦਰ ਨੇ ਦੋ-ਚਾਰ ਟਪੂਸੀਆਂ ਮਾਰਦਿਆਂ ਕਿਹਾ।
           “ਕਹਿੰਦੇ ਅੱਤ ਖ਼ੁਦਾ ਦਾ ਵੈਰ ਹੁੰਦਾ! ਆਹ ਬੰਦੇ ਨੇ ਤਾਂ ਅੱਤ ਬੜੀ ਚੱਕੀ ਸੀ।ਰੱਬ ਬਣੀ ਬੈਠਾ ਸੀ ਆਪ।ਕੁਦਰਤ ਨਾਲ ਮੱਥਾ ਲਾਈ ਬੈਠਾ ਸੀ।ਰੁੱਖ ਕੱਟ ‘ਤੇ, ਪਾਣੀ ਜ਼ਹਿਰ ਬਣਾ ‘ਤਾ, ਧਰਤੀ-ਮਾਂ ਦੀ ਕੁੱਖ ਉਜਾੜ ‘ਤੀ ਤੇ ਰਹਿਣ ਵੀ ਕੀ ਦਿੱਤਾ ਇੱਥੇ ਇਹਨੇ ਵੱਡੇ ਸਿਆਣੇ ਨੇ? ਭਾਵੁਕ ਹੁੰਦਿਆਂ ਕੁੱਤੇ ਨੇ ਸਾਰਾ ਚਿੱਠਾ ਈ ਖੋਲ੍ਹ ਦਿੱਤਾ।
             ਕੁੱਤੇ ਦੀ ਗੱਲ ਵਿੱਚ ਉਥੇ ਮੌਜੂਦ ਚਿੜੀਆਂ, ਤੋਤੇ, ਕਬੂਤਰ, ਕੁੱਤੇ, ਬਿੱਲੇ, ਚੂਹੇ, ਗਟਾਰਾਂ ਨੇ ਵੀ ਹਾਮੀ ਭਰੀ।ਇੱਕ ਤੋਤਾ ਵੀ ਆਪਣੀ ਦੁੱਖਦੀ ਰਗ ‘ਚ ਬੋਲਿਆ, “ਬੰਦਾ ਆਪੇ ਰੱਬ ਬਣੀ ਬੈਠਾ ਸੂ।ਰੁੱਖ ਕੱਟ ‘ਤੇ, ਸਾਡੇ ਆਲ੍ਹਣੇ ਚੱਕ ਕੇ ਸਾਨੂੰ ਸ਼ਰਨਾਰਥੀ ਬਣਾ ਦਿੱਤਾ ! ਹੁਣ ਪਤਾ ਲੱਗਾ ਕਿ ਅੱਤ ਤੇ ਰੱਬ ਦਾ ਵੈਰ ਕੀ ਹੁੰਦੈ? ਸਾਡਾ ਵਜ਼ੂਦ ਖਤਮ ਕਰਨ ਵਾਲੇ ਏਸ ਬੰਦੇ ਨੂੰ ਹੁਣ ਪਤਾ ਲੱਗਾ ਗਿਆ ਹੋਣਾ ਕਿ ਰੱਬ ਏਹ ‘ਆਪ’ ਆ ਕਿ ‘ਓਹ’ ਆ ?
              ਕਬੂਤਰ ਵੀ ਬੋਲਣੋ ਨਾ ਰਿਹਾ।ਅਖੇ, “ਬੰਦੇ ਨੂੰ ਵੀ ਹੁਣ ਪਤਾ ਲੱਗ ਗਿਆ ਹੋਣਾ ਕਿ ਟੱਬਰ ਕੀ ਹੁੰਦਾ ਤੇ ਕੁਦਰਤ ਕੀ ਹੁੰਦੀ? ਧਰਮਾਂ, ਜਾਤਾਂ, ਨਸਲਾਂ, ਪੈਸੇ, ਠੱਗੀ, ਝੂਠ, ਵੈਰ-ਵਿਰੋਧ ਵਿੱਚ ਬੜੀਆਂ ਛਾਲ਼ਾਂ ਮਾਰਦਾ ਸੀ ਬੰਦਾ! ਹੁਣ  ਮੰਦਰਾਂ, ਮਸੀਤਾਂ, ਚਰਚਾਂ, ਗੁਰਦੁਆਰਿਆਂ ਨੂੰ ਵੀ ਸੁੰਨਾਂ ਕਰ ਤਾ! ਆਹ ਹੁਣ ਕੋਰੋਨਾ ਨੂੰ ਵੀ ਪੁੱਛ ਲੈਂਦਾ ਕਿ ਇਹ ਕਿਹੜੀ ਜਾਤ-ਧਰਮ ਦਾ ਐ? ਨਾਲੇ ਕੋਰੋਨਾ ਤੋਂ ਬਚਣ ਲਈ ਡਾਕਟਰਾਂ ਦੀ ਥਾਂ ਪੁਲਿਸ ਦੀ ਡਾਂਗ ਵਾਹਵਾ ਰਾਸ ਆਉਂਦੀ ਹੋਊ?”
               ਬਾਂਦਰ ਨੇ ਕਿਹਾ “ਐਵੇਂ ਯਾਰ ਭਾਵੁਕ ਜਿਹੇ ਹੋ ਗਏ ਓ! ਬਜ਼ਾਰਾਂ `ਚ ਭੰਗੜਾ ਪਾਓ ਤੇ ਖੁਸ਼ੀ ਮਨਾਓ!”
             ਇਹ ਸਭ ਦੇਖ ਕੇ ਅਮਨ ਦੀ ਪ੍ਰਤੀਕ ਬਣ ਇੱਕ ਘੁੱਗੀ ਬੋਲੀ, “ਐਵੇਂ ਰੌਲਾ ਨਾ ਪਾਓ, ਅੱਤ ਨਾ ਚੱਕੋ।ਪਹਿਲਾਂ ਬੰਦੇ ਨੇ ਰੱਬ ਭੁਲਾਇਆ ਸੀ ਤੇ ਉਸ ਨੂੰ ਸਬਕ ਦੇਣ ਲਈ ਜ਼ੰਮ ਪਿਆ ਕੋਰੋਨਾ ਵਾਇਰਸ !
             ਸੰਭਲੋ! ਖ਼ੈਰ ਮੰਗੋ ਸਭ ਦੀ! ਮਨੁੱਖ ਤੇ ਜੀਵ, ਜੰਤੂ, ਜਾਨਵਰ, ਪੰਛੀ ਸਭ ਰੱਬ ਦੇ ਬਣਾਏ ਨੇ ਤੇ ਆਓ ਮਿਲ ਕੇ ਐਸਾ ਵਾਤਾਵਰਨ ਬਣਾਈਏ ਕਿ ਸਾਰੇ ਨਵੇਂ ਸਿਰਿਓਂ ਸੁੱਖ ਦਾ ਸਾਹ ਲੈ ਸਕਣ! ਨਾਲੇ ਇਹ ਵੀ ਦੁਆ ਕਰੋ ਕਿ ਬੰਦੇ ਨੂੰ ਕੋਰੋਨਾ ਦੀ ਆਫ਼ਤ ਤੋਂ ਛੁਟਕਾਰਾ ਮਿਲੇ! ਤੇ ਉਹ ਫਿਰ ਕੁਦਰਤ ਦਾ ਰਖਵਾਲਾ ਬਣੇ!”
              ਆਪਣੇ ਸੁਪਨੇ ‘ਚ ਇਹ ਵਾਰਤਾਲਾਪ ਵੇਖ-ਸੁਣ ਤ੍ਰਭਕ ਕੇ ਉਠਿਆ ਬੰਦਾ ਝੱਟ ਦੇਣੀ ਬੋਲਦਾ ਹੈ, “ਘੁੱਗੀ ਸੱਚ ਬੋਲਦੀ! ਜਰੂਰੀ ਹੈ ਬੰਦਾ ਬੰਦਾ ਬਣ ਜੇ! ਆਹ ਘਰਾਂ ਦੀ ਕੈਦ ‘ਚ ਸੋਚਣ ਦਾ ਮੌਕਾ ਊ! ਜੇ ਅਜੇ ਵੀ ਨਾ ਸੋਚਿਆ, ਤਾਂ ਫੇਰ ਦੇਖਣਾ ਪਊ ਪਿੱਛਲਾ ਲੇਖਾ-ਜੋਖਾ ਕਰਕੇ।ਵਿੱਤੀ ਸਾਲ ਵਾਂਗ ਸੌ ਕੁ ਸਾਲਾਂ ਬਾਅਦ ਆਹ ਕੁਦਰਤ ਵੀ ਕਿਵੇਂ ਵੱਡੀ ਆਫ਼ਤ ਨਾਲ ਕੁਦਰਤੀ ਕਲੋਜ਼ਿੰਗ ਕਰਦੀ ਆ! ਮੈਨੂੰ ਤੇ ਲਗਦਾ ਆਹ ਕੋਰੋਨਾ ਵੀ ਏਸੇ ਕੁਦਰਤੀ ਕਲੋਜ਼ਿੰਗ ਦਾ ਹਿਸਾਬ ਈ ਐ!”

Paramjit Kalsi Btl

 

 

ਡਾ. ਪਰਮਜੀਤ ਸਿੰਘ ਕਲਸੀ
(ਸਟੇਟ ਤੇ ਨੈਸ਼ਨਲ ਐਵਾਰਡੀ)
ਗੁਰਦਾਸਪੁਰ।
ਮੋ- 7068900008

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …