ਬਰਸੀ ‘ਤੇ ਵਿਸ਼ੇਸ਼

ਲੇਖਕ -ਦਿਲਜੀਤ ਸਿੰਘ ਬੇਦੀ
ਮੋ: 98148-98570
ਸਿੱਖ ਪੰਥ ਦਾ ਅਣਖੀਲਾ ਜਰਨੈਲ, ਅਕਾਲੀ ਲਹਿਰ ਦਾ ਮੋਢੀ, ਗੁਰਦੁਆਰਾ ਸੁਧਾਰ ਲਹਿਰ ਦਾ ਸੱਚਾ-ਸੁੱਚਾ ਨਿਧੜਕ ਸੁਧਾਰਕ, ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪਹਿਲਾ ਜੱਥੇਦਾਰ, ਸਿੱਖੀ, ਕੇਸਾਂ-ਸੁਆਸਾਂ ਸੰਗ ਨਿਭਾਉਣ ਵਾਲਾ ਮਰਜੀਵੜਾ ਜੱਥੇਦਾਰ ਤੇਜਾ ਸਿੰਘ ਭੁੱਚਰ ਜਿਸ ਨੇ ਗੁਰਦੁਆਰਾ ਸੁਧਾਰ ਲਹਿਰ ਲਈ ਅਣਥਕ ਮਿਹਨਤ ਹੀ ਨਹੀਂ ਕੀਤੀ, ਸਗੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਚੋਹਲਾ ਸਾਹਿਬ ਤੇ ਗੁਰਦੁਆਰਾ ਭਾਈ ਜੋਗਾ ਸਿੰਘ ਪਿਛਾਵਰ ਦਾ ਪ੍ਰਬੰਧ ਪੰਥਕ ਪ੍ਰਬੰਧ ਹੇਠ ਲਿਆਂਦਾ ਤੇ ਬਾਕੀ ਗੁਰਦੁਆਰਾ ਸਾਹਿਬਾਨ ਨੂੰ ਸਰਕਾਰੀ ਪਿੱਠੂਆਂ ਅਤੇ ਪੁਜਾਰੀਆਂ ਤੋਂ ਅਜ਼ਾਦ ਕਰਵਾਉਣ ਲਈ ਪੰਥ ਨੂੰ ਇਕ ਸੂਤਰਾਧਾਰ ਵਿਚ ਬੰਨ੍ਹ ਕੇ ਸੰਘਰਸ਼ ਲੜਿਆ। ਜਿਸ ਵਿਚੋਂ ਅਨੇਕਾਂ ਸਿੰਘਾਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਧੋਣੇ ਪਏ ਤੇ ਜਾਇਦਾਦਾਂ ਕੁਰਕ ਕਰਵਾਉਣੀਆਂ ਪਈਆਂ ਅਤੇ ਜ਼ੁਰਮਾਨੇ ਆਦਿ ਭੁਗਤਣੇ ਪਏ। ਜੱਥੇਦਾਰ ਭੁੱਚਰ ਜੀ ਦਾ ਜਨਮ 28 ਅਕਤੂਬਰ 1887 ਈ. ਨੂੰ ਨਾਨਕੇ ਪਿੰਡ ਫੇਰੂ ਜ਼ਿਲ੍ਹਾ ਲਾਹੌਰ ਵਿਖੇ ਹੋਇਆ। ਇਨ੍ਹਾਂ ਦਾ ਜੱਦੀ ਪਿੰਡ ਨਿੱਕਾ ਭੁੱਚਰ ਤਰਨਤਾਰਨ ਸੀ। ਇਨ੍ਹਾਂ ਦੇ ਪਿਤਾ ਸ਼ਾਹ ਮਾਇਆ ਸਿੰਘ ਹਕੀਮ ਅਤੇ ਮਾਤਾ ਮਹਿਤਾਬ ਕੌਰ ਜੀ ਸਨ।
ਜੱਥੇਦਾਰ ਤੇਜਾ ਸਿੰਘ ਨੇ ਜਵਾਨ ਹੁੰਦਿਆਂ ਹੀ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਜਨਤਕ ਕਰਦਿਆਂ ਆਪਣੇ ਸਾਥੀਆਂ ਨਾਲ ਮਿਲ ਕੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ, ਜਿਸ ਨੂੰ ਅਕਾਲੀ ਲਹਿਰ ਵੀ ਕਿਹਾ ਜਾਂਦਾ ਹੈ, ਸ਼ੁਰੂ ਕੀਤੀ। ਇਹ ਲਹਿਰ ਗੁਰਮਤਿ ਸਿਧਾਂਤਾਂ, ਮਾਨਤਾਵਾਂ, ਪਰੰਪਰਾਵਾਂ ਅਤੇ ਸੰਸਥਾਵਾਂ ਨੂੰ ਸਮਰਪਿਤ ਸੀ। ‘ਮਾਨਵ ਕੀ ਜਾਤ ਸਬੈ ਏਕ ਪਹਿਚਾਨਬੋ’ ਨੂੰ ਮੁੱਖ ਰੱਖ ਕੇ ਜੱਥੇਦਾਰ ਭੁੱਚਰ ਮਨੁੱਖ ਵਿਚ ਜਾਤ ਬਰਾਦਰੀ ਕਾਰਨ ਪਏ ਰੰਗ-ਨਸਲ, ਵੱਡੇ-ਛੋਟੇ ਦੇ ਅੰਤਰ ਨੂੰ ਸਿੱਖਾਂ ਅਤੇ ਮਾਨਵਤਾ ਲਈ ਲਾਹਨਤ ਮੰਨਦੇ ਸਨ। ਇਸ ਨੂੰ ਠੱਲ੍ਹ ਪਾਉਣ ਲਈ ਉਨ੍ਹਾਂ ਹਮਵਿਚਾਰ ਸਾਥੀਆਂ ਨੂੰ ਜਥੇਬੰਦ ਕਰਕੇ ਗੜਗੱਜ ਖਾਲਸਾ ਦੀਵਾਨ ਨੂੰ ਸੰਗਠਤ ਕੀਤਾ। ਪੰਜਾਬੀ ਰਵੀਦਾਸੀਏ, ਲੁਹਾਰ, ਚਮਾਰ, ਈਸਾਈਆਂ ਅਤੇ ਮੁਸਲਮਾਨਾਂ ਵਿੱਚੋਂ ਸਜੇ ਸਿੰਘਾਂ ਨੂੰ ਖੂਹਾਂ ‘ਤੇ ਚੜ੍ਹਾ ਪਾਣੀ ਭਰਨ ਦੇ ਹੱਕ ਦਿਵਾਏ। ਗੁਰਦੁਆਰਾ ਲਹਿਰ ਵੀ ਦਲਿਤ ਸਿੰਘਾਂ ਨੂੰ ਉੱਚ ਮੰਨੇ ਜਾਂਦੇ ਸਿੱਖਾਂ ਦੇ ਬਰਾਬਰ ਹੱਕ ਦਿਵਾਉਣ ਲਈ ਹੀ ਸ਼ੁਰੂ ਹੋਣ ਦਾ ਇਕ ਬਹਾਨਾ ਬਣੀ।
ਇਨ੍ਹਾਂ ਯਤਨਾਂ ਕਾਰਨ ਜਦੋਂ 12 ਅਕਤੂਬਰ 1920 ਈ. ਨੂੰ ਹਰਿਮੰਦਰ ਸਾਹਿਬ ਪਰਿਸਰ ਉੱਤੇ ਸੰਗਤੀ ਕਬਜ਼ਾ ਹੋਇਆ ਤਾਂ ਜੱਥੇਦਾਰ ਭੁੱਚਰ ਦੀ ਪੰਥ ਪ੍ਰਸਤੀ, ਸੇਵਾ ਦੇ ਜਜ਼ਬੇ ਅਤੇ ਕੁਰਬਾਨੀ ਦੀ ਸ਼ਕਤੀ ਨੂੰ ਮੁੱਖ ਰੱਖ ਕੇ ਜੱਥੇਦਾਰ ਭੁੱਚਰ ਨੂੰ ਸਰਕਾਰੀ ਸ਼ਹਿ ਪ੍ਰਾਪਤ ਪੁਜਾਰੀਵਾਦ ਦੇ ਯਤਨ ਨੂੰ ਠੱਲਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪਹਿਲਾ ਜੱਥੇਦਾਰ ਬਨਣ ਦਾ ਮਾਣ ਦਿੱਤਾ ਗਿਆ। ਜੱਥੇਦਾਰ ਜੀ ਨੇ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਨੂੰ ਪੰਥਕ ਸਰੂਪ ਦਿੱਤਾ ਅਤੇ ਬਿਪਰਵਾਦੀ ਰਹੁ-ਰੀਤਾਂ ਨੂੰ ਗੁਰਦੁਆਰਿਆਂ ਵਿੱਚੋਂ ਕੱਢਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੇ ਯਤਨਾਂ ਸਦਕਾ ਹੀ ਨਵੰਬਰ, 1920 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਸੰਬਰ 1920 ਵਿਚ ਸ਼੍ਰੋਮਣੀ ਅਕਾਲੀ ਦਲ ਬਣੇ। ਜੱਥੇਦਾਰ ਜੀ ਨੇ ਆਪਣੇ ਜਥੇ ਦੀ ਅਗਵਾਈ ਕਰਦਿਆਂ ਅਣਗਿਣਤ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕੀਤਾ। ਉਨ੍ਹਾਂ ਦੀ ਇਸੇ ਸੇਵਾ ਸਦਕਾ ਜੱਥੇਦਾਰ ਤੇਜਾ ਸਿੰਘ ਭੁੱਚਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਅੰਗਰੇਜ਼ ਸਰਕਾਰ ਦੀ ਪੁਲਿਸ ਨੇ ਕਈ ਵਾਰ ਗ੍ਰਿਫਤਾਰ ਕੀਤਾ ਅਤੇ ਜ਼ੇਲ੍ਹਾਂ ਵਿਚ ਸੁੱਟ ਕੇ ਤਸੀਹੇ ਦਿੱਤੇ। ਆਪਣੇ ਜੀਵਨ ਦੇ ਲਗਭਗ 15 ਸਾਲ ਉਨ੍ਹਾਂ ਨੇ ਜੇਲ੍ਹਾਂ ਵਿਚ ਬਿਤਾਏ। ਮੁੱਕਦਮੇ ਲੜਦਿਆਂ ਉਨ੍ਹਾਂ ਦੀ ਸਾਰੀ ਉਮਰ ਹੀ ਕੋਰਟ ਕਚਹਿਰੀਆਂ ਵਿਚ ਬੀਤ ਗਈ। ਜਾਇਦਾਦ ਦਾ ਵੱਡਾ ਹਿੱਸਾ ਸਰਕਾਰੀ ਕੁਰਕੀਆਂ, ਜ਼ਮਾਨਤਾਂ ਅਤੇ ਜ਼ੁਰਮਾਨਿਆਂ ਦੀ ਭੇਟਾ ਹੋ ਗਿਆ।
ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਜੱਥੇਦਾਰ ਤੇਜਾ ਸਿੰਘ ਭੁੱਚਰ ਨੇ ਸਾਰੀ ਜ਼ਿੰਦਗੀ ਕਾਲੇ ਵਸਤਰ ਪਹਿਨਣ ਦਾ ਫੈਸਲਾ ਕੀਤਾ ਤੇ ਸਾਰੀ ਜ਼ਿੰਦਗੀ ਕਾਲੇ ਬਸਤਰ ਪਹਿਨੇ। ਮਹੰਤਾਂ-ਪੁਜਾਰੀਆਂ ਸਮੇਂ ਅੰਗਰੇਜ਼ ਅਫਸਰ ਸ੍ਰੀ ਦਰਬਾਰ ਸਾਹਿਬ ਦੀ ਘੰਟਾ ਘਰ ਬਾਹੀ ਵਿਖੇ ਕੁਰਸੀਆਂ ‘ਤੇ ਬੈਠ ਕੇ ਦੀਵਾਲੀ ਵੇਖਿਆ ਕਰਦੇ ਸਨ। ਇਸ ਪਰੰਪਰਾ ਦਾ ਵੀ ਜੱਥੇਦਾਰ ਭੁੱਚਰ ਨੇ ਵਿਰੋਧ ਹੀ ਨਹੀਂ ਕੀਤਾ ਸਗੋਂ ਆਪ ਠੁੱਡੇ ਮਾਰ ਕੇ ਕੁਰਸੀਆਂ ਵਗਾਹ ਮਾਰੀਆਂ ਤੇ ਉਨ੍ਹਾਂ ਨੂੰ ਦਰੀਆਂ ‘ਤੇ ਬੈਠਣ ਲਈ ਕਹਿ ਦਿੱਤਾ। ਫਿਰ ਅੰਗਰੇਜ਼ ਸਰਕਾਰ ਦਾ ਤਸ਼ੱਦਦ ਜੱਥੇਦਾਰ ਜੀ ‘ਤੇ ਢਹਿ ਪਿਆ। ਉਨ੍ਹਾਂ ‘ਤੇ ਕਈ ਕੇਸ ਬਣਾ ਦਿੱਤੇ ਗਏ ਤੇ ਜ਼ੇਲ੍ਹ ਵਿਚ ਡੱਕ ਦਿੱਤਾ ਗਿਆ। ਉਨ੍ਹਾਂ ਅਪ੍ਰੈਲ 1921 ਵਿਚ ਗੜਗੱਜ ਅਕਾਲੀ ਦੀਵਾਨ ਕਾਇਮ ਕੀਤਾ। ਫਰਵਰੀ 1922 ਵਿਚ ‘ਗੜਗੱਜ ਅਕਾਲੀ’ ਅਖ਼ਬਾਰ ਜਾਰੀ ਕੀਤਾ । ਜਿਸ ਵਿਚ ਪੰਥਕ ਸਰਗਰਮੀਆਂ ਤੇ ਸਰਕਾਰੀ ਮਾਰੂ ਨੀਤੀਆਂ ਦਾ ਖੁਲਾਸਾ ਹੁੰਦਾ ਸੀ। ਚਾਬੀਆਂ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚੇ ਸਮੇਂ ਵੀ ਆਪ ਜੇਲ ਵਿਚ ਬੰਦ ਰਹੇ। 13 ਅਪ੍ਰੈਲ 1923 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਚ ਹਿੰਦੂ-ਮੁਸਲਿਮ ਫਸਾਦ ਸ਼ੁਰੂ ਹੋ ਗਏ। ਬਦ-ਅਮਨੀ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋਇਆ। ਜੱਥੇਦਾਰ ਭੁੱਚਰ ਜੀ ਨੇ 200 ਸਿੰਘਾਂ ਸਮੇਤ ਭਾਈਚਾਰਕ ਸਾਂਝ ਲਈ ਸ਼ਾਂਤਮਈ ਜਲੂਸ ਕੱਢਿਆ। ਗਲੀ ਮੁਹੱਲਿਆਂ ਵਿੱਚ ਘਰੋ-ਘਰ ਪਹੁੰਚ ਕੀਤੀ। ਜਿਸ ਨਾਲ ਮਾਹੌਲ ਸ਼ਾਂਤ ਹੋਇਆ। ਸਰਕਾਰ ਨੇ ਗੁਰੂ ਕੇ ਬਾਗ ਦੇ ਮੋਰਚੇ ਦੌਰਾਨ ਫੜੇ ਸਾਰੇ ਅਕਾਲੀ ਰਿਹਾਅ ਕਰ ਦਿੱਤੇ।
ਫਿਰ ਜੱਥੇਦਾਰ ਜੀ ਨੇ ਦੂਜਾ ਅਖਬਾਰ ‘ਬੱਬਰ ਸ਼ੇਰ’ ਚਲਾਇਆ। ਜਿਸ ਵਿਚ ਅੰਗਰੇਜ਼ ਸਰਕਾਰ ਵਿਰੁੱਧ ਅਵਾਜ਼ ਉਠਾਈ। ਇਸ ਦੇ ਸਾਰੇ ਸੰਪਾਦਕਾਂ ਨੂੰ ਸਰਕਾਰ ਵੱਲੋਂ ਗ੍ਰਿਫ਼ਤਾਰ ਕਰਕੇ ਸਜ਼ਾਵਾਂ ਸੁਣਾ ਦਿੱਤੀਆਂ ਗਈਆਂ। ਪ੍ਰੈਸ ਤੇ ਰੀਕਾਰਡ ਜ਼ਬਤ ਕਰ ਲਿਆ ਗਿਆ।
ਜੱਥੇਦਾਰ ਤੇਜਾ ਸਿੰਘ ਜੀ 2 ਅਕਤੂਬਰ 1939 ਈ. ਨੂੰ ਦੁਪਿਹਰ ਵੇਲੇ ਆਪਣੇ ਪਿੰਡ ਤੋਂ ਗੱਗੋਬੂਹੇ ਵੱਲ ਆ ਰਹੇ ਸਨ ਤਦ ਆਪ ਦੇ ਵਿਰੋਧੀਆਂ ਨੇ ਅਚਾਨਕ ਹਮਲਾ ਕਰ ਦਿੱਤਾ। ਜਿਸ ਵਿਚ ਇਨ੍ਹਾਂ ਦੀ ਲੱਤ ‘ਤੇ ਵੱਡੀ ਸੱਟ ਵੱਜ ਗਈ। ਡਾਕਟਰਾਂ ਨੇ ਕਿਹਾ ਕਿ ਲੱਤ ਕੱਟਣ ਤੋਂ ਬਗੈਰ ਕੋਈ ਚਾਰਾ ਨਹੀਂ। ਜ਼ਖ਼ਮ ਖਰਾਬ ਹੋ ਚੁੱਕਾ ਹੈ। ਪਰ ਜਥੇ. ਭੁੱਚਰ ਦਾ ਜਵਾਬ ਸੀ ਮੇਰੀ ਲੱਤ ‘ਤੇ ਅਣਗਿਣਤ ਰੋਮ ਹਨ, ਲੱਤ ਕੱਟਣ ਨਾਲ ਉਨ੍ਹਾਂ ਦੀ ਬੇਅਦਬੀ ਹੋਵੇਗੀ, ਜੋ ਮੈਂ ਨਹੀਂ ਸਹਿ ਸਕਦਾ। ਇਸ ਲਈ ਮੈਨੂੰ ਜਾਨ ਦੀ ਪ੍ਰਵਾਹ ਨਹੀਂ। ਇਹ ਸੂਰਮਾ, ਗੜਗੱਜ, ਬੱਬਰ ਸ਼ੇਰ, ਹਠੀਲੇ ਸੁਭਾਅ ਵਾਲਾ ਖਾੜਕੂ ਤੇ ਪ੍ਰਭਾਵਸ਼ਾਲੀ ਨੇਤਾ ਸੀ ਜੋ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਉਂਦਾ ਹੋਇਆ 3 ਅਕਤੂਬਰ 1939 ਈ. ਨੂੰ ਸਵੇਰੇ ਤੜਕਸਾਰ ਅਕਾਲ ਪੁਰਖ ਦੇ ਚਰਨਾਂ ਵਿੱਚ ਅਭੇਦ ਹੋ ਗਿਆ। ਜੱਥੇਦਾਰ ਤੇਜਾ ਸਿੰਘ ਜੀ ਭੁੱਚਰ ਦੇ ਪ੍ਰਸ਼ੰਸਕਾਂ ਨੇ ਆਪਣੇ ਤੌਰ ‘ਤੇ ਇਹ ਸੰਸਥਾ ਅਤੇ ਉਨ੍ਹਾਂ ਦੇ ਮਿਸ਼ਨ ਨੂੰ ਪ੍ਰਚਾਰਨ ਦਾ ਬੀੜਾ ਚੁੱਕਿਆ ਹੈ। ਜੱਥੇਦਾਰ ਤੇਜਾ ਸਿੰਘ ਭੁੱਚਰ ਯਾਦਗਾਰੀ ਕਮੇਟੀ ਵੱਲੋਂ ਉਨ੍ਹਾਂ ਦੀ ਬਰਸੀ 3 ਅਕਤੂਬਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਨਿੱਕੇ ਭੁੱਚਰ, ਜ਼ਿਲ੍ਹਾ ਤਰਨਤਾਰਨ ਵਿਖੇ ਮਨਾਈ ਜਾ ਰਹੀ ਹੈ।
Punjab Post Daily Online Newspaper & Print Media