ਪ੍ਰਕਾਸ਼ ਪੁਰਬ ‘ਤੇ ਵਿਸ਼ੇਸ਼ ਲੇਖ

ਗਿਆਨੀ ਸੰਤੋਖ ਸਿੰਘ
ਸ੍ਰੀ ਗੁਰੂ ਰਾਮ ਦਾਸ ਸਾਹਿਬ ਜੀ, ਲਾਹੌਰ ਵਿੱਚ, ਭਾਈ ਹਰਿਦਾਸ ਜੀ ਅਤੇ ਮਾਤਾ ਦਇਆ ਕੌਰ ਜੀ ਦੇ ਗ੍ਰਿਹ ਵਿਖੇ, 24 ਸਤੰਬਰ ਸੰਨ 1534 ਨੂੰ ਪਰਗਟ ਹੋਏ। ਬਚਪਨ ਵਿਚ ਆਪ ਜੀ ਦਾ ਨਾਂ ਜੇਠਾ ਸੀ।
ਸੁਜਾਨ ਪਾਠਕ ਜਾਣ ਹੀ ਗਏ ਹੋਣਗੇ ਕਿ ਇਸ ਤਰ੍ਹਾਂ ਇਕੋ ਸਮੇ ਸਰੀਰਕ ਤੌਰ ‘ਤੇ ਚਾਰੇ ਗੁਰੂ ਸਾਹਿਬਾਨ ਇਸ ਸੰਸਾਰ ਵਿਚ ਵਿਚਰ ਰਹੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ 1539 ਵਿਚ ਜੋਤੀ ਜੋਤਿ ਸਮਾਏ, ਸ੍ਰੀ ਗੁਰੂ ਅੰਗਦ ਦੇਵ ਜੀ ਸੰਨ 1504 ਵਿਚ ਪਰਗਟ ਹੋਏ ਤੇ ਸ੍ਰੀ ਗੁਰੂ ਅਮਰ ਦਾਸ ਜੀ ਸੰਨ 1479 ਵਿਚ। ਅਰਥਾਤ ਸ੍ਰੀ ਗੁਰੂ ਨਾਨਕ ਦੇਵ ਜੀ ਨਾਲੋਂ ਕੇਵਲ ਦਸ ਸਾਲ ਹੀ ਛੋਟੇ ਸਨ ਜੋ ਕਿ ਬਾਅਦ ਵਿਚ ਤੀਜੇ ਥਾਂ ਸਤਿਗੁਰਾਂ ਦੇ ਰੂਪ ਵਿਚ ਸਥਾਪਤ ਹੋਏ।
ਅਜੇ ਬਾਲ ਅਵਸਥਾ ਵਿਚ ਹੀ ਸਨ ਕਿ ਆਪ ਜੀ ਦੇ ਮਾਤਾ ਪਿਤਾ ਵਾਰੀ ਵਾਰੀ ਅਕਾਲ ਪੁਰਖ ਦੇ ਭਾਣੇ ਅੰਦਰ ਪਰਲੋਕ ਸਿਧਾਰ ਗਏ ਤੇ ਆਪ ਜੀ ਯਤੀਮ ਹੋ ਗਏ। ਯਤੀਮ ਦੋਹਤੇ ਦਾ ਲਾਹੌਰ ਵਿਚ ਰਹਿਣਾ ਮੁਸ਼ਕਲ ਜਾਣ ਕੇ ਆਪ ਜੀ ਦੇ ਨਾਨੀ ਜੀ ਆਪਣੇ ਪਿੰਡ ਬਾਸਰਕੇ ਲੈ ਆਏ। ਦੇਵ ਨੇਤ ਹੀ ਇਹ ਪਿੰਡ ਸ੍ਰੀ ਗੁਰੂ ਅਮਰ ਦਾਸ ਜੀ ਦਾ ਆਪਣਾ ਜਨਮ ਸਥਾਨ ਦਾ ਪਿੰਡ ਸੀ। ਏਥੇ ਆ ਕੇ ਜੋ ਪੰਜਾਬ ਦੇ ਖੱਤਰੀ ਸਮਾਜ ਦਾ ਕਾਰਜ ਹੁੰਦਾ ਹੈ ਦੁਕਾਨਦਾਰੀ, ਵਾਪਾਰ ਆਦਿ ਖ਼ਾਨਦਾਨੀ ਕਿੱਤਾ, ਸਤਿਕਾਰਯੋਗ ਨਾਨੀ ਜੀ ਨੇ ਬਚਪਨ ਤੋਂ ਹੀ ਜੇਠਾ ਜੀ ਨੂੰ ਸਿਖਾਉਣਾ ਆਰੰਭ ਕਰ ਦਿੱਤਾ ਤਾਂ ਕਿ ਸਮਾ ਆਉਣ ‘ਤੇ ਬੱਚਾ ਆਰਥਿਕ ਤੌਰ ‘ਤੇ ਆਪਣੇ ਪੈਰਾਂ ਸਿਰ ਖੜ੍ਹਾ ਹੋ ਸਕੇ ਤੇ ਨਾਲੇ ਘਰ ਵਿਚ ਗ਼ਰੀਬੀ ਹੋਣ ਕਰਕੇ ਵੀ ਛੋਟੀ ਉਮਰ ਤੋਂ ਹੀ ਕੁਝ ਕਮਾਉਣ ਲੱਗ ਪਏ। ਨਾਨੀ ਜੀ ਨੇ ਛੋਲਿਆਂ ਨੂੰ ਉਬਾਲ ਕੇ ਉਹਨਾਂ ਦੀਆਂ ਘੁੰਙਣੀਆਂ ਬਣਾ ਕੇ ਇਕ ਛਾਬੇ ਵਿਚ ਸਜਾ ਕੇ ਰੋਜ਼ਾਨਾ ਬਾਲਕ ਜੇਠਾ ਜੀ ਨੂੰ ਵੇਚਣ ਲਈ ਭੇਜਣਾ। ਆਪ ਜੀ ਬਚਪਨ ਤੋਂ ਹੀ ਉਦਾਰ ਚਿੱਤ ਹੋਣ ਕਰਕੇ ਕਿਰਸੀ ਬਿਰਤੀ ਦੇ ਧਾਰਨੀ ਨਹੀਂ ਸਨ ਤੇ ਇਸ ਤਰ੍ਹਾਂ ਲੋੜਵੰਦਾਂ ਨੂੰ ਹੁਦਾਰ ਜਾਂ ਮੁਫ਼ਤ ਵੀ ਘੁੰਙਣੀਆਂ ਖਵਾ ਦੇਣੀਆਂ ਤੇ ਪੈਸਿਆਂ ਦੀ ਕੋਈ ਪਰਵਾਹ ਨਾ ਕਰਨੀ। ਇਹ ਚਾਲੇ ਵੇਖ ਕੇ ਆਪ ਦੇ ਨਾਨਾ ਜੀ ਨੇ ਸਖ਼ਤੀ ਨਾਲ ਵੀ ਦੁਨੀਆਦਾਰੀ ਦੀ ਸਮਝ ਦੇਣ ਦਾ ਯਤਨ ਕਰਨਾ।
ਬਾਸਰਕੇ ਪਿੰਡ ਦੀ ਸੰਗਤ ਸ੍ਰੀ ਗੁਰੂ ਅਮਰ ਦਾਸ ਜੀ ਦੇ ਦਰਸ਼ਨਾਂ ਲਈ ਸ੍ਰੀ ਗੋਇੰਦਵਾਲ ਸਾਹਿਬ ਜਾਇਆ ਕਰਦੀ ਸੀ। ਇਕ ਦਿਨ ਆਪ ਜੀ ਵੀ ਗੁਰੂ ਪ੍ਰੇਮ ਦੀ ਖਿੱਚ ਸਦਕਾ, ਸੰਗਤ ਦੇ ਨਾਲ ਹੀ ਤੁਰ ਪਏ ਤੇ ਗੁਰੂ ਜੀ ਦੇ ਦਰਸ਼ਨਾਂ ਉਪ੍ਰੰਤ ਪ੍ਰੇਮ ਦੇ ਖਿੱਚੇ ਹੋਏ, ਪਹਿਲੇ ਗੁਰੂ ਸਾਹਿਬਾਨ ਵਾਂਗ ਹੀ ਸਦਾ ਲਈ ਗੁਰੂ ਚਰਨਾਂ ਵਿਚ ਟਿਕ ਗਏ। ਗੁਰੂ ਦਰਬਾਰ ਵਿਚ ਰਾਤ ਦਿਨ ਨਿਸ਼ਕਾਮ ਸੇਵਾ ਦੀ ਕਰੜੀ ਘਾਲ ਕਮਾਈ ਕਰਦੇ ਹੋੇਏ ਕਬੀਰ ਜੀ ਦੇ ਸ਼ਬਦਾਂ ਵਿਚ, ਸੰਤਨ ਸੰਗਿ ਕਬੀਰਾ ਬਿਗਰਿਓ। ਸੋ ਕਬੀਰੁ ਰਾਮੈ ਹੋਇ ਨਿਬਰਿਓ। (1158) ਆਪ ਜੀ ਸੇਵਕ ਤੋਂ ਸੇਵਾ ਕਰਕੇ ਅੰਤ ਵਿਚ ਗੁਰੂ ਦਾ ਰੂਪ ਹੀ ਹੋ ਨਿੱਬੜੇ।
ਇਸ ਤਰ੍ਹਾਂ ਭਾਈ ਜੇਠਾ ਜੀ ਗੁਰੂ ਘਰ ਦੀ ਗਾਖੜੀ ਸੇਵਾ ਵਿਚ ਲੀਨ ਸਨ ਕਿ ਇਕ ਖ਼ਾਸ ਘਟਨਾ ਘਟ ਗਈ। ਤੀਜੇ ਗੁਰੂ ਜੀ ਦੇ ਮਹਿਲ ਮਾਤਾ ਰਾਮ ਕੌਰ ਜੀ ਨੇ ਇਕ ਦਿਨ ਆਪਣੇ ਪਤੀ, ਸ੍ਰੀ ਗੁਰੂ ਅਮਰ ਦਾਸ ਜੀ ਨੂੰ ਬੇਨਤੀ ਕੀਤੀ ਕਿ ਉਹਨਾਂ ਦੀ ਛੋਟੀ ਸਾਹਿਬਜ਼ਾਦੀ ਬੀਬੀ ਭਾਨੀ ਸੁਖ ਨਾਲ ਸਿਆਣੀ ਹੋ ਗਈ ਹੈ ਤੇ ਇਸ ਦੇ ਵਿਆਹ ਦਾ ਵੀ ਪ੍ਰਬੰਧ ਕਰਨਾ ਚਾਹੀਦਾ ਹੈ। ਇਹ ਹੈ ਵੀ ਠੀਕ ਕਿ ਬੱਚਿਆਂ ਦੇ ਖਾਨ, ਪਾਨ, ਵਿੱਦਿਆ, ਸੇਹਤ, ਪਰਵਰਸ਼ ਆਦਿ ਤੋਂ ਬਾਅਦ ਸਮਾ ਆਉਣ ‘ਤੇ ਉਹਨਾਂ ਦੇ ਵਿਆਹ ਦਾ ਵੀ, ਆਪਣੀ ਜੁੰਮੇਵਾਰੀ ਸਮਝ ਕੇ, ਸਿਆਣੇ ਮਾਪਿਆਂ ਨੂੰ ਫ਼ਿਕਰ ਹੁੰਦਾ ਹੈ ਤੇ ਉਹ ਇਸ ਫ਼ਰਜ਼ ਨੂੰ ਅੱਖੋਂ ਓਹਲੇ ਨਹੀਂ ਕਰਦੇ। ਬਹੁਤੀ ਵਾਰੀ ਇਉਂ ਵੀ ਹੁੰਦਾ ਹੈ ਕਿ ਪਿਤਾ ਤਾਂ ਆਪਣੀ ਪੁੱਤਰੀ ਨੂੰ ਪਹਿਲਾਂ ਵਾਂਙ ਬੱਚੀ ਹੀ ਸਮਝਦਾ ਹੈ ਤੇ ਉਸ ਦੇ ਵਿਆਹ ਦੇ ਯੋਗ ਹੋ ਜਾਣ ਬਾਰੇ ਉਸ ਨੂੰ ਕੋਈ ਖ਼ਿਆਲ ਹੀ ਨਹੀਂ ਹੁੰਦਾ ਪਰ ਸਿਆਣੀਆਂ ਮਾਵਾਂ ਸਮੇ ਸਿਰ ਸੁਚੇਤ ਹੋ ਜਾਂਦੀਆਂ ਹਨ ਤੇ ਆਪਣੀਆਂ ਬੱਚੀਆਂ ਦੀ ਸ਼ਾਦੀ ਦਾ ਪ੍ਰਬੰਧ ਕਰਨ ਲਈ ਆਪਣੇ ਪਤੀਆਂ ਨੂੰ ਸੁਚੇਤ ਕਰ ਦਿੰਦੀਆਂ ਹਨ। ਸੋ ਸਮੇ ਦੇ ਰਿਵਾਜ ਅਨੁਸਾਰ ਜਦੋਂ ਲਾਗੀ ਨੂੰ ਆਪਣੀ ਬੱਚੀ ਵਾਸਤੇ ਯੋਗ ਵਰ ਲੱਭਣ ਲਈ ਤੋਰਨ ਲੱਗੇ ਤਾਂ ਅਚਾਨਕ ਮਾਤਾ ਜੀ ਦੀ ਨਿਗਾਹ ਸਾਹਮਣੇ ਆਏ ਭਾਈ ਜੇਠਾ ਜੀ ਉਪਰ ਪੈ ਗਈ। ਮਾਤਾ ਜੀ ਦੇ ਮੂੰਹੋਂ ਅਚਾਨਕ ਬਿਨਾ ਕੁਝ ਵਿਚਾਰੇ ਦੇ ਹੀ ਨਿਕਲ ਗਿਆ, ਵਰ ਐਸ ਕਾਕੇ ਜਿਹਾ ਹੋਵੇ! ਆਪਣੇ ਮਹਿਲਾਂ ਦੇ ਮੁਖੋਂ ਇਹ ਸੁਣ ਕੇ ਗੁਰੂ ਜੀ ਨੇ ਕਿਹਾ, ਇਸ ਜੇਹਾ ਤਾਂ ਫਿਰ ਏਹੋ ਹੀ ਹੈ। ਬਿਨਾ ਭਾਈ ਜੇਠਾ ਜੀ ਦੇ ਪਰਵਾਰਕ ਪਿਛੋਕੜ ਵਿਚਾਰਨ ਦੇ ਗੁਰੂ ਜੀ ਨੇ ਆਪਣੀ ਛੋਟੀ ਬੱਚੀ ਬੀਬੀ ਭਾਨੀ ਜੀ ਦਾ ਮੰਗਣਾ ਭਾਈ ਜੇਠਾ ਜੀ ਨਾਲ ਕਰ ਦਿੱਤਾ ਤੇ ਕੁਝ ਸਮੇ ਬਾਅਦ, ਸੰਨ 1553 ਵਿਚ, ਬੀਬੀ ਭਾਨੀ ਜੀ ਤੇ ਭਾਈ ਜੇਠਾ ਜੀ ਦਾ ਵਿਆਹ ਵੀ ਕਰ ਦਿੱਤਾ ਗਿਆ।
ਵਿਆਹ ਉਪ੍ਰੰਤ ਵੀ ਭਾਈ ਜੇਠਾ ਜੀ ਨੇ ਦੁਨਿਆਵੀ ਰਿਸ਼ਤੇ ਦਾ ਕਦੀ ਕੋਈ ਮਾਣ ਨਾ ਕੀਤਾ ਤੇ ਇਕ ਸੱਚੇ ਸੇਵਕ ਵਾਂਗ ਹੀ ਗੁਰੂ ਘਰ ਵਿਚ ਰਹਿ ਕੇ ਸੇਵਾ ਕਮਾਉਂਦੇ ਰਹੇ। ਗੁਰੂ ਜੀ ਦੇ ਵੱਡੇ ਦਾਮਾਦ, ਬੀਬੀ ਦਾਨੀ ਦੇ ਪਤੀ ਭਾਈ ਰਾਮਾ ਜੀ ਵੀ ਗੁਰੂ ਦਰ ‘ਤੇ ਹੀ ਰਹਿ ਕੇ ਸੇਵਾ ਕਮਾ ਰਹੇ ਸਨ। ਏਸੇ ਸਮੇ ਦੌਰਾਨ ਹੀ ਆਪ ਜੀ ਦੇ ਘਰ ਤਿੰਨ ਸਾਹਿਬਜ਼ਾਦਿਆਂ ਨੇ ਜਨਮ ਲਿਆ: ਵੱਡੇ ਬਾਬਾ ਪ੍ਰਿਥੀ ਚੰਦ ਜੀ, ਵਿਚਕਾਰਲੇ ਬਾਬਾ ਮਹਾਂ ਦੇਵ ਜੀ ਤੇ ਛੋਟੇ ਸ੍ਰੀ ਗੁਰੂ ਅਰਜਨ ਦੇਵ ਜੀ। ਸ੍ਰੀ ਗੁਰੂ ਅਮਰ ਦਾਸ ਜੀ ਆਪ ਜੀ ਦੀ ਸੇਵਾ ‘ਤੇ ਪ੍ਰਸੰਨ ਹੋ ਕੇ ਆਪ ਜੀ ਨੂੰ ‘ਰਾਮ ਦਾਸ’ ਨਾਂ ਨਾਲ ਹੀ ਸੰਬੋਧਨ ਕਰਿਆ ਕਰਦੇ ਸਨ। ਇਹਨੀਂ ਦਿਨੀਂ ਹੀ ਲਾਹੌਰ ਤੋਂ, ਭਾਈ ਜੇਠਾ ਜੀ ਦੇ ਸ਼ਰੀਕੇ ਭਾਈਚਾਰੇ ਦੇ ਸੋਢੀ, ਹਰਿਦੁਆਰ ਜਾਂਦੇ ਹੋਏ ਸ੍ਰੀ ਗੋਇੰਦਵਾਲ ਸਾਹਿਬ ਰੁਕੇ। ਉਹਨਾਂ ਦੇ ਵਿਚਾਰ ਵਿਚ ਸੀ ਕਿ ਸਾਡਾ ਮੁੰਡਾ ਗੁਰੂ ਦਾ ਜਵਾਈ ਹੈ ਤੇ ਗੁਰੂ ਘਰ ਦੀ ਵਡਿਆਈ ਸਾਰੇ ਪ੍ਰਸਿੱਧ ਹੀ ਸੀ; ਇਸ ਲਈ ਉਹ ਸੋਚਦੇ ਸਨ ਕਿ ਓਥੇ ਸਾਡੇ ਮੁੰਡੇ ਦੀ ਬੜੀ ਪੁੱਛ ਗਿੱਛ ਹੋਵੇਗੀ। ਸਾਨੂੰ ਕੁੜਮਾਚਾਰੀ ਕਰਕੇ ਉਚੇਚਾ ਆਦਰ ਮਾਣ ਮਿਲੇਗਾ ਤੇ ਸਾਡੀ ਵਿਸ਼ੇਸ਼ ਸੇਵਾ ਹੋਵੇਗੀ ਪਰ ਗੁਰੂ ਘਰ ਵਿਚ ਤਾਂ, ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ (648) ਵਾਲਾ ਵਰਤਾਰਾ ਹੀ ਵਰਤਦਾ ਸੀ। ਜਦੋਂ ਉਹਨਾਂ ਨੇ ਵੇਖਿਆ ਕਿ ਭਾਈ ਜੇਠਾ ਜੀ ਓਥੇ ਆਮ ਸਿੱਖਾਂ ਵਾਂਗ ਹੀ ਸੇਵਾ ਕਰ ਰਹੇ ਹਨ ਤੇ ਜਵਾਈਆਂ ਭਾਈਆਂ ਵਾਲਾ ਵਰਤਾਰਾ ਕੋਈ ਨਾ ਦਿਸਿਆ ਤਾਂ ਉਹ ਗ਼ੁੱਸੇ ਵਿਚ ਬੁਰਾ ਭਲਾ ਬੋਲਣ ਲੱਗ ਪਏ। ਭਾਈ ਜੇਠਾ ਜੀ ਨੂੰ ਤਾਹਨੇ ਮਾਰਨ ਲੱਗ ਪਏ ਕਿ ਜੇ ਇਸ ਤਰ੍ਹਾਂ ਟੋਕਰੀ ਢੋ ਕੇ ਹੀ ਰੋਟੀ ਖਾਣੀ ਸੀ ਤਾਂ ਸਹੁਰਿਆਂ ਦਾ ਘਰ ਹੀ ਰਹਿ ਗਿਆ ਸੀ! ਕਿਤੇ ਹੋਰ ਮੇਹਨਤ ਮਜ਼ੂਰੀ ਕਰ ਲੈਂਦਾ! ਬੁੜ ਬੁੜ ਕਰਦੇ ਹੀ ਗੁਰੂ ਜੀ ਪਾਸ ਜਾ ਕੇ ਵੀ ਹੰਕਾਰ ਦੇ ਬਚਨ ਕਰਨ ਲੱਗ ਪਏ। ਉੇਹਨਾਂ ਨੂੰ ਉਲਾਹਮਾ ਦੇ ਕੇ ਆਖਣ ਲੱਗੇ, ਜੇ ਸਾਡੇ ਮੁੰਡੇ ਨੂੰ ਦੁਨੀਆਦਾਰੀ ਦੀ ਸਮਝ ਨਹੀਂ ਤਾਂ ਤੁਸੀਂ ਤਾਂ ਸਿਆਣੇ ਬਿਆਣੇ ਸੀ। ਤੁਸੀਂ ਘਰ ਜਵਾਈ ਨੂੰ ਇਸ ਤਰ੍ਹਾਂ ਮਜ਼ਦੂਰਾਂ ਵਾਂਗ ਟੋਕਰੀ ਢੋਣ ਲਾਇਆ ਹੋਇਆ ਹੈ। ਤੁਹਾਨੂੰ ਕੁਝ ਵੀ ਲੋਕ ਲਾਜ ਦਾ ਖ਼ਿਆਲ ਨਹੀਂ! ਗੁਰੂ ਜੀ ਨੇ ਮੁਸਕਰਾ ਕੇ ਆਖਿਆ, ਪੁਰਖਾ, ਇਹ ਟੋਕਰੀ ਨਹੀਂ, ਭਾਈ ਜੇਠਾ ਜੀ ਦੇ ਸਿਰ ‘ਤੇ ਦੀਨ ਦੁਨੀ ਦਾ ਛਤਰ ਹੈ। ਪਰ ਉਹ ਭੋਲੇ ਦੁਨਿਆਵੀ ਸੋਚ ਵਾਲੇ ਲੋਕ ਕੀ ਜਾਨਣ ਗੁਰੂ ਦੀਆਂ ਰਮਜ਼ਾਂ ਨੂੰ! ਭਾਈ ਜੇਠਾ ਜੀ ਨੇ ਹੱਥ ਜੋੜ ਕੇ ਨਿਮਰਤਾ ਸਹਿਤ ਗੁਰੂ ਜੀ ਦੀ ਸੇਵਾ ਵਿਚ ਬੇਨਤੀ ਕਰਦਿਆਂ ਆਖਿਆ ਕਿ ਉਹ ਗੁਰੂ ਦੀ ਮਹਿਮਾ ਨੂੰ ਨਹੀਂ ਜਾਣਦੇ। ਇਸ ਲਈ ਨਿੱਕੀਆਂ ਗੱਲਾਂ ਕਰਦੇ ਹਨ। ਗੁਰੂ ਜੀ ਕਿਰਪਾ ਕਰਕੇ ਉਹਨਾਂ ਨੂੰ ਮੁਆਫ਼ ਕਰ ਦੇਣ। ਭਾਈ ਜੇਠਾ ਜੀ ਦਾ ਲਾਹੌਰੀ ਸ਼ਰੀਕਾ ਰਾਤ ਰਹਿ ਕੇ ਅਗਲੇ ਦਿਨ ਅੱਗੇ ਨੂੰ ਤੁਰ ਗਿਆ।
ਗੁਰੂ ਜੀ ਜਾਣਦੇ ਹੀ ਸਨ ਕਿ ਗੁਰੂ ਨਾਨਕ ਦੀ ਗੱਦੀ ਦਾ ਅਧਿਕਾਰੀ ਅਸਲ ਵਿਚ ਕੌਣ ਹੈ ਪਰ ਸੰਗਤਾਂ ਵਿਚ ਗੁਰੂ ਜੀ ਦੇ ਦੋਵੇਂ ਦਾਮਾਦ ਹੀ ਇਕੋ ਜਿੰਨੇ ਸਤਿਕਾਰ ਦੇ ਪਾਤਰ ਸਨ ਤੇ ਕੋਈ ਨਹੀਂ ਸੀ ਜਾਣਦਾ ਕਿ ਇਹਨਾਂ ਦੋਹਾਂ ਵਿਚੋਂ ਕੌਣ ਇਹ ਮਾਣ ਪ੍ਰਾਪਤ ਕਰੇਗਾ। ਸਾਹਿਬਜ਼ਾਦਿਆਂ ਬਾਰੇ ਤਾਂ ਸੰਗਤਾਂ ਨੂੰ ਪਤਾ ਲੱਗ ਹੀ ਚੁੱਕਿਆ ਸੀ ਕਿ ਉਹਨਾਂ ਦੋਹਾਂ ਵਿਚੋਂ ਕਿਸੇ ਨੂੰ ਇਹ ਮਾਣ ਨਹੀਂ ਪ੍ਰਾਪਤ ਹੋਵੇਗਾ। ਆਪਣਾ ਅੰਤਮ ਸਮਾ ਨੇੜੇ ਜਾਣ ਕੇ ਇਕ ਦਿਨ ਗੁਰੂ ਜੀ ਨੇ ਅੰਤਮ ਪ੍ਰੀਖਿਆ ਲੈਣ ਦਾ ਵਿਚਾਰ ਬਣਾਇਆ। ਦੋਹਾਂ ਜਵਾਈਆਂ ਨੂੰ ਆਖਿਆ ਕਿ ਬਾਉਲੀ ਦੀ ਸੇਵਾ ਹੁੰਦੀ ਵੇਖਣ ਵਾਸਤੇ ਉਹਨਾਂ ਦੇ ਬੈਠਣ ਲਈ ਯੋਗ ਥੜ੍ਹਾ ਬਣਾਇਆ ਜਾਵੇ। ਪੂਰੀ ਜਾਣਕਾਰੀ ਵੀ ਦੇ ਦਿੱਤੀ ਗਈ। ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਥੜ੍ਹੇ ਬਣਾ ਦੇਣ ਤੇ ਗੁਰੂ ਜੀ ਵੇਖਣ ਉਪ੍ਰੰਤ ਉਹਨਾਂ ਨੂੰ ਢੁਹਾ ਦੇਣ। ਪੰਜ ਛੇ ਦਿਨ ਇਹ ਖੇਡ ਜਾਰੀ ਰਹੀ। ਅਖ਼ੀਰ ਭਾਈ ਰਾਮਾ ਜੀ ਤਾਂ ਅੱਕ ਕੇ ਥੜ੍ਹਾ ਬਣਾਉਣੋ ਹਟ ਗਏ ਪਰ ਭਾਈ ਜੇਠਾ ਜੀ ਆਗਿਆ ਵਿਚ ਰਹਿ ਕੇ ਬਣਾਉਣੋ ਨਾ ਹਟੇ। ਸੋ ਅੰਤਮ ਪ੍ਰੀਖਿਆ ਵਿਚ ਭਾਈ ਜੇਠਾ ਜੀ ਪਾਸ ਹੋਏ।
ਗੁਰੂ ਜੀ ਨੇ ਰਵਾਇਤ ਅਨੁਸਾਰ ਪੂਰੀ ਰਸਮ ਕਰ ਕੇ ਭਾਈ ਜੇਠਾ ਜੀ ਨੂੰ, 1 ਸਤੰਬਰ 1574 ਨੂੰ ਗੁਰਗੱਦੀ ਉਪਰ ਸੁਸ਼ੋਭਤ ਕਰ ਦਿੱਤਾ। ਗੁਰੂ ਜੀ ਦਾ ਹੁਕਮ ਮੰਨ ਕੇ ਬਾਕੀ ਪਰਵਾਰ ਤਾਂ ਛੋਟੇ ਸਾਹਿਬਜ਼ਾਦੇ ਬਾਬਾ ਮੋਹਰੀ ਜੀ ਦੀ ਅਗਵਾਈ ਹੇਠ ਸ੍ਰੀ ਗੁਰੂ ਰਾਮ ਦਾਸ ਜੀ ਦੇ ਚਰਨੀਂ ਪੈ ਗਏ ਪਰ ਵੱਡੇ ਸਾਹਿਬਜ਼ਾਦੇ ਬਾਬਾ ਮੋਹਨ ਜੀ ਨਾਰਾਜ਼ ਹੀ ਰਹੇ। ਭਾਈ ਸੁੰਦਰ ਜੀ ਨੇ ਆਪਣੀ ਬਾਣੀ ‘ਸਦੁ’ ਵਿਚ ਇਸ ਇਤਿਹਾਸਕ ਘਟਨਾ ਨੂੰ ਇਉਂ ਅੰਕਤ ਕੀਤਾ ਹੈ:
ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ। (924)
ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿਚ, ਅੰਮ੍ਰਿਤਸਰ ਵਿਚ ਜੋਤਿ ਜਗਾਵੈ ਅਨੁਸਾਰ ਅੰਤਮ ਸਮੇ ਗੁਰੂ ਜੀ ਦੀ ਆਗਿਆ ਮੰਨ ਕੇ, ਉਹਨਾਂ ਦੀ ਆਗਿਆ ਅਨੁਸਾਰ ਆਪਣੇ ਵਸਾਏ ਨਗਰ ਅੰਮ੍ਰਿਤਸਰ, ਵਿਚ ਆ ਕੇ ਗੁਰੂ ਨਾਨਕ ਦੀ ਸਿੱਖਿਆ ਦੇ ਗੱਫੇ ਵਰਤਾਉਣੇ ਆਰੰਭ ਕਰ ਦਿੱਤੇ। ਸੇਵਾ ਤੇ ਸਿਮਰਨ ਦਾ ਪ੍ਰਵਾਹ ਚਲਾ ਕੇ ਭੁੱਲੀ ਭਟਕੀ ਲੋਕਾਈ ਨੂੰ ਸ਼ਬਦ ਨਾਲ ਜੋੜਿਆ।
ਅੰਮ੍ਰਿਤਸਰ ਨਗਰ ਦੀ ਮੋਹੜੀ, ਆਪ ਜੀ ਨੇ ਸ੍ਰੀ ਗੁਰੂ ਅਮਰ ਦਾਸ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਕੁਝ ਮਹੀਨੇ ਪਹਿਲਾਂ ਉਹਨਾਂ ਦੀ ਆਗਿਆ ਅਨੁਸਾਰ, ਸੰਨ 1574 ਵਿਚ ਗੱਡੀ ਸੀ। ਗੁਰਗੱਦੀ ਦੀ ਜੁੰਮੇਵਾਰੀ ਸੰਭਾਲਣ ਉਪ੍ਰੰਤ ਆਪ ਜੀ ਨੇ ਪਰਵਾਰ ਸਮੇਤ ਏਥੇ ਵਾਸਾ ਕਰ ਲਿਆ ਤੇ ਸੰਨ 1577 ਵਿਚ ਤੁੰਗ ਪਿੰਡ ਦੇ ਜ਼ਿਮੀਦਾਰਾਂ ਪਾਸੋਂ 700 ਅਕਬਰੀ ਰੁਪਏ ਤਾਰ ਕੇ ਪੰਜ ਸੌ ਵਿਘੇ ਜ਼ਮੀਨ ਖ਼ਰੀਦ ਕੇ ਸ਼ਹਿਰ ਵਸਾਉਣਾ ਸ਼ੁਰੂ ਕੀਤਾ। ਤੀਜੇ ਗੁਰੂ ਜੀ ਦੇ ਨਕਸ਼ਿ-ਕਦਮ ‘ਤੇ ਚੱਲਦਿਆਂ ਹੋਇਆਂ ਆਪ ਜੀ ਨੇ ਇਸ ਸ਼ਹਿਰ ਨੂੰ ਹਰ ਪੱਖ ਤੋਂ ਸੰਪੂਰਨ ਬਣਾਉਣ ਲਈ ਉਦਮ ਆਰੰਭਿਆ। ਜੀਵਾਂ ਦੀ ਹਰ ਪ੍ਰਕਾਰ ਦੀ ਜਲ ਦੀ ਲੋੜ ਪੂਰੀ ਕਰਨ ਲਈ ਸਰੋਵਰਾਂ ਦੀ ਖੁਦਾਈ ਕਰਵਾਈ। ਗੁਰੂ ਪਰਵਾਰ ਤੇ ਸਿੱਖ ਸੰਗਤਾਂ ਦੀ ਰਿਹਾਇਸ਼ ਵਾਸਤੇ ਭਵਨਾਂ ਦੀ ਉਸਾਰੀ ਆਰੰਭੀ। ਹਰ ਪ੍ਰਕਾਰ ਦੇ ਵਾਪਾਰ, ਕਾਰੀਗਰੀ, ਦਸਤਕਾਰੀ ਆਦਿ ਨੂੰ ਉਤਸ਼ਾਹਤ ਕੀਤਾ। ਸਿੱਖ ਇਤਿਹਾਸ ਅਨੁਸਾਰ 52 ਕਿੱਤਿਆਂ ਦੇ ਲੋਕਾਂ ਨੂੰ ਦੂਰ ਦੁਰਾਡੇ ਇਲਾਕਿਆਂ ਤੋਂ ਪ੍ਰੇਰ ਕੇ ਏਥੇ ਵਸਾਇਆ। ਗੁਰੂ ਕਾ ਬਾਜ਼ਾਰ, ਗੁਰੂ ਕੇ ਮਹਿਲ ਆਦਿ ਦੀ ਉਸਾਰੀ ਕਰਵਾਈ। ਨਵੇਂ ਵੱਸਣ ਵਾਲੇ ਵਿਅਕਤੀਆਂ ਨੂੰ ਬਿਨਾ ਮਜ਼ਹਬ, ਇਲਾਕਾ, ਜਾਤ, ਬੋਲੀ ਆਦਿ ਦੇ ਵਿਤਕਰੇ ਤੋਂ ਹਰ ਸੰਭਵ ਸਹੂਲਤ ਉਸ ਦੇ ਵੱਸਣ ਵਾਸਤੇ ਦਿੱਤੀ ਗਈ। ਦੁਨੀਆ ਸਮਝਦੀ ਹੋਵੇਗੀ ਕਿ ਸ਼ਹਿਰ ਅੰਮ੍ਰਿਤਸਰ ਸਿੱਖਾਂ ਦਾ ਧਾਰਮਿਕ, ਵਿਦਿਅਕ, ਸਮਾਜਕ ਆਦਿ ਪਹਿਲੂਆਂ ਦਾ ਕੇਂਦਰ ਹੋਣ ਕਰਕੇ ਸ਼ਾਇਦ ਏਥੇ ਵੱਸਣ ਵਾਲੇ ਵੀ ਸਾਰੇ ਲੋਕ ਸਿੱਖ ਹੀ ਹੋਣਗੇ, ਪਰ ਹੈਰਾਨੀ ਹੋਵੇਗੀ ਸ਼ਾਇਦ ਪਾਠਕਾਂ ਨੂੰ ਇਹ ਜਾਣ ਕੇ ਕਿ ਸੰਨ 1947 ਤੋਂ ਪਹਿਲਾਂ ਇਸ ਸ਼ਹਿਰ ਵਿਚ ਮੁਸਲਮਾਨਾਂ ਦੀ ਗਿਣਤੀ ਵਧ ਸੀ ਤੇ ਉਸ ਤੋਂ ਪਿੱਛੋਂ ਵੀ ਏਥੇ ਸਿੱਖ ਘੱਟ-ਗਿਣਤੀ ਵਿਚ ਹੀ ਹਨ ਜਿਸ ਦਾ ਸਬੂਤ ਮੈਂ ਸੰਨ 1957 ਤੋਂ ਵੇਖ ਰਿਹਾ ਹਾਂ ਕਿ ਸ਼ਹਿਰ ਦੀਆਂ ਚਾਰ ਅਸੈਂਬਲੀ ਸੀਟਾਂ ਵਿਚੋਂ ਸਿਰਫ਼ ਇਕ ‘ਤੇ ਹੀ ਸਿੱਖ ਜਿੱਤਦਾ ਹੈ।
ਗੁਰੂ ਘਰ ਤੇ ਸਿੱਖ ਸੰਗਤਾਂ ਦੀ ਵਿਸ਼ਾਲਤਾ ਕਾਰਨ ਗੁਰੂ ਜੀ ਨੇ ਸ੍ਰੀ ਗੁਰੂ ਅਮਰ ਦਾਸ ਜੀ ਵਾਂਙ ਜਿਵੇਂ ਉਹਨਾਂ ਨੇ ਮੰਜੀਆਂ ਤੇ ਪੀਹੜੀਆਂ ਦੇ ਰੂਪ ਵਿਚ ਯੋਗ ਗੁਰਸਿੱਖਾਂ ਦੀ ਨਿਯੁਕਤੀ ਕੀਤੀ ਸੀ, ਇਸ ਤਰ੍ਹਾਂ ਹੀ ਸ੍ਰੀ ਗੁਰੂ ਰਾਮ ਦਾਸ ਜੀ ਨੇ ਮਸੰਦ ਪ੍ਰਥਾ ਦੀ ਸਥਾਪਨਾ ਕਰ ਕੇ, ਉਹਨਾਂ ਨੂੰ ਦੂਰ ਦੁਰਾਡੇ ਵੱਸ ਰਹੀਆਂ ਸੰਗਤਾਂ ਦੇ ਮੁਖੀਆਂ ਵਜੋਂ ਥਾਪਿਆ ਤਾਂ ਕਿ ਉਹਨਾਂ ਰਾਹੀਂ ਦੂਰ ਦੀਆਂ ਸੰਗਤਾਂ ਨੂੰ ਗੁਰੂ-ਕੇਂਦਰ ਨਾਲ ਜੋੜਨ ਵਿਚ ਸਹੂਲਤ ਰਹੇ। ਮਸੰਦਾਂ ਦਾ ਕਾਰਜ ਹੁੰਦਾ ਸੀ ਕਿ ਆਪਣੇ ਇਲਾਕੇ ਦੀਆਂ ਸੰਗਤਾਂ ਦੀ ਧਾਰਮਿਕ ਅਗਵਾਈ ਕਰਨੀ, ਉਹਨਾਂ ਨੂੰ ਗੁਰੂ ਦਾ ਉਪਦੇਸ਼ ਦ੍ਰਿੜ੍ਹ ਕਰਵਾਉਣਾ, ਗੁਰੂ ਦੇ ਨਮਿਤ ਕਾਰ ਭੇਟ ਪ੍ਰਾਪਤ ਕਰ ਕੇ ਗੁਰੂ ਦਰਬਾਰ ਵਿਚ ਪੁਚਾਉਣੀ, ਵੈਸਾਖੀ ਤੇ ਦੀਵਾਲੀ ਦੇ ਛਿਮਾਹੀ ਪੁਰਬਾਂ ਸਮੇ ਸੰਗਤਾਂ ਨੂੰ ਗੁਰੂ ਦਰਬਾਰ ਵਿਚ ਲੈ ਕੇ ਆਉਣਾ। ਇਹ ਬਹੁਤ ਹੀ ਯੋਗ ਤੇ ਸ਼ਰਧਾਵਾਨ ਸਿੱਖ ਹੋਇਆ ਕਰਦੇ ਸਨ ਜੋ ਕਿ ਸੰਗਤਾਂ ਦੀ ਸਰਬ ਪੱਖੀ ਅਗਵਾਈ ਕਰਿਆ ਕਰਦੇ ਸਨ ਪਰ ਬਹੁਤ ਸਮਾ ਪਿੱਛੋਂ ਜਾ ਕੇ ਇਸ ਸੰਸਥਾ ਵਿਚ ਖ਼ਰਾਬੀਆਂ ਆ ਜਾਣ ਕਰਕੇ ਦਸਵੇਂ ਗੁਰੂ ਜੀ ਨੇ ਇਸ ਸੰਸਥਾ ਨੂੰ ਬੰਦ ਕਰ ਦਿੱਤਾ।
ਬਹੁਤ ਹੀ ਮਹੱਤਵਪੂਰਨ ਵਾਕਿਆ ਇਕ ਇਹਨਾਂ ਦੇ ਸਮੇ ਇਹ ਹੋਇਆ ਕਿ ਪਹਿਲੇ ਗੁਰੂ ਜੀ ਦੇ ਸਮੇ ਤੋਂ ਗੁਰੂ ਘਰ ਨਾਲੋਂ ਵਿਛੜ ਚੁੱਕੇ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ, ਸਿੱਧ ਪੁਰਸ਼, ਬਾਬਾ ਸ੍ਰੀ ਚੰਦ ਜੀ ਗੁਰੂ ਦਰਬਾਰ ਨਾਲ ਜੁੜ ਗਏ। ਇਹ ਵਾਕਿਆ ਸਿੱਖ ਇਤਿਹਾਸ ਵਿਚ ਇਉਂ ਵਰਨਣ ਕੀਤਾ ਗਿਆ ਹੈ:
ਇਕ ਦਿਨ ਬਾਬਾ ਸ੍ਰੀ ਚੰਦ ਜੀ ਗੁਰੂ ਕੇ ਚੱਕ (ਅੰਮ੍ਰਿਤਸਰ) ਵਿਖੇ ਸ੍ਰੀ ਗੁਰੂ ਰਾਮ ਦਾਸ ਜੀ ਨੂੰ ਮਿਲਣ ਵਾਸਤੇ ਆਏ। ਪ੍ਰਥਮ ਗੁਰੂ ਜੀ ਦੇ ਸਤਿਕਾਰ ਯੋਗ ਸਾਹਿਬਜ਼ਾਦੇ ਜਾਣ ਕੇ ਗੁਰੂ ਜੀ ਨੇ ਬਣਦਾ ਸਤਿਕਾਰ ਦਿੱਤਾ। ਉਚੇ ਆਸਣ ‘ਤੇ ਬਿਰਾਜਮਾਨ ਕਰਵਾਇਆ। ਬਾਬਾ ਜੀ ਗੁਰੂ ਘਰ ਦੀ ਮਹਿਮਾ ਵੇਖ ਕੇ, ਕੀਰਤਨ ਸੁਣ ਕੇ, ਗੁਰੂ ਜੀ ਵੱਲੋਂ ਮਿਲੇ ਸਤਿਕਾਰ ਸਦਕਾ, ਬੜੇ ਪ੍ਰਸੰਨ ਹੋਏ। ਸ੍ਰੀ ਗੁਰੂ ਰਾਮ ਦਾਸ ਜੀ ਦਾ ਦਾਹੜਾ ਬਹੁਤ ਸੁੰਦਰ, ਪ੍ਰਭਾਵਸ਼ਾਲੀ ਤੇ ਵਿਸ਼ਾਲ ਸੀ। ਬਾਬਾ ਜੀ ਗੁਰੂ ਜੀ ਦੇ ਦਾਹੜੇ ਵੱਲ ਵੇਖ ਕੇ ਮੌਜ ਵਿਚ ਆ ਕੇ ਆਖਣ ਲੱਗੇ, ਪੁਰਖਾ, ਆਹ ਦਾਹੜਾ ਕਿਉਂ ਏਨਾ ਵਧਾਇਆ ਹੋਇਆ ਹੈ! ਇਹ ਸੁਣ ਕੇ ਗੁਰੂ ਜੀ ਨੇ ਫ਼ਰਮਾਇਆ, ਆਪ ਜੀ ਵਰਗੇ ਮਹਾਂ ਪੁਰਸ਼ਾਂ ਦੇ ਚਰਨ ਝਾੜਨ ਲਈ। ਗੁਰੂ ਜੀ ਦੀ ਅਜਿਹੀ ਨਿਮਰਤਾ ਵੇਖ ਕੇ ਬਾਬਾ ਜੀ ਨੇ ਆਪਣਾ ਚਰਨ ਪਿਛਾਂਹ ਹਟਾਉਂਦਿਆਂ ਆਖਿਆ, ਧੰਨ ਹੋ ਆਪ, ਧੰਨ ਹੋ! ਤੁਸੀਂ ਪਿਤਾ ਜੀ ਦੀ ਗੁਰਗੱਦੀ ਦੇ ਠੀਕ ਹੀ ਅਧਿਕਾਰੀ ਹੋ। ਇਹਨਾਂ ਗੁਣਾਂ ਕਰਕੇ ਹੀ ਪਹਿਲਾਂ ਗੁਰੂ ਅੰਗਦ ਜੀ ਨੇ ਤੇ ਫਿਰ ਗੁਰੂ ਅਮਰ ਦਾਸ ਜੀ ਨੇ ਗੁਰਿਆਈ ਪ੍ਰਾਪਤ ਕੀਤੀ ਸੀ। ਆਪ ਧੰਨ ਹੋ। ਆਪ ਦੀ ਸਿੱਖੀ ਧੰਨ ਹੈ।
ਸਤਿਗੁਰੂ ਰਾਮ ਦਾਸ ਜੀ ਨੇ ਉਹਨਾਂ ਦੀ ਬਜ਼ੁਰਗੀ ਤੇ ਆਦਿ ਸਤਿਗੁਰੂ ਜੀ ਦੇ ਸਤਿਕਾਰਤ ਸਾਹਿਬਜ਼ਾਦੇ ਹੋਣ ਕਰਕੇ ਬਣਦਾ ਸਤਿਕਾਰ ਕੀਤਾ ਤੇ ਵਿਦਾਇਗੀ ਸਮੇ ਪੰਜ ਸੌ ਰੁਪਏ ਤੇ ਇਕ ਸੁੰਦਰ ਘੋੜਾ ਆਪ ਜੀ ਦੀ ਭੇਟਾ ਕੀਤਾ।
ਆਪ ਜੀ ਨੇ ਆਪਣੇ ਗੁਰਿਆਈ ਕਾਲ ਸਮੇ ਸਿੱਖ ਸਮਾਜ ਦੀ ਸਰਬਪੱਖੀ ਉਨਤੀ ਕਰਨ ਵਿਚ ਭਰਪੂਰ ਹਿੱਸਾ ਪਾਇਆ। ਵੱਖ ਵੱਖ ਸਮੇ ‘ਤੇ ਨਿਰੰਕਾਰੀ ਤੇ ਸੰਸਾਰੀ ਪਹਿਲੂਆਂ ਬਾਰੇ ਆਪ ਜੀ ਨੇ ਬਾਣੀ ਉਚਾਰ ਕੇ ਸੰਗਤਾਂ ਵਾਸਤੇ ਸਿੱਖਿਆ ਬਖ਼ਸ਼ੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਥਾਂ ਪਰ ਥਾਂ ਪੰਜਵੇਂ ਗੁਰੂ ਜੀ ਦੁਆਰਾ ਸਾਡੀ ਅਗਵਾਈ ਹਿਤ ਅੰਕਤ ਕੀਤੀ ਗਈ ਸ਼ੋਭਾ ਪਾ ਰਹੀ ਹੈ।
ਆਪ ਜੀ ਦੇ ਤਿੰਨਾਂ ਸਾਹਿਬਜ਼ਾਦਿਆਂ ਦੇ ਵਿਚਾਰ ਬਿਲਕੁਲ ਵੱਖੋ ਵੱਖਰੇ ਸਨ। ਬਾਬਾ ਪ੍ਰਿਥੀ ਚੰਦ ਜੀ ਮੁਕੰਮਲ ਤੌਰ ‘ਤੇ ਸੰਸਾਰੀ ਪੁਰਸ਼ ਸਨ ਤੇ ਰਾਤ ਦਿਨ ਸੰਸਾਰਕ ਪ੍ਰਾਪਤੀਆਂ ਕਰਨਾ ਹੀ ਉਹਨਾਂ ਦਾ ਇਕ ਮਾਤਰ ਉਦੇਸ਼ ਸੀ। ਦੂਜੇ ਬੰਨੇ, ਵਿਚਕਾਰਲੇ ਬਾਬਾ ਮਹਾਂ ਦੇਵ ਜੀ, ਬਿਲਕੁਲ ਹੀ ਸਭ ਕਾਸੇ ਤੋਂ ਉਪਰਾਮ ਹੋ ਕੇ ਵਿਚਰਦੇ ਸਨ। ਸਭ ਤੋਂ ਛੋਟੇ ਸ੍ਰੀ ਗੁਰੂ ਅਰਜਨ ਦੇਵ ਜੀ ਹੁਕਮਿ ਮੰਨਿਐ ਹੋਵੈ ਪਰਵਾਣੁ ਦੇ ਸੁਨਹਿਰੀ ਅਸੂਲ ਦੇ ਧਾਰਨੀ ਸਨ ਤੇ ਪਿਤਾ ਗੁਰੂ ਜੀ ਦੀ ਆਗਿਆ ਵਿਚ ਰਹਿੰਦੇ ਸਨ।
ਸ੍ਰੀ ਗੁਰੂ ਰਾਮ ਦਾਸ ਜੀ ਨੇ ਆਪਣਾ ਅੰਤਮ ਸਮਾ ਨੇੜੇ ਜਾਣ ਕੇ ਤੇ ਹਰ ਪ੍ਰਕਾਰ ਦੀ ਪ੍ਰੀਖਿਆ ਉਪ੍ਰੰਤ, ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਯੋਗ ਜਾਣ ਕੇ ਗੁਰਗੱਦੀ ਦੇਣ ਦਾ ਫ਼ੈਸਲਾ ਕਰ ਲਿਆ। ਇਹ ਪਤਾ ਲੱਗਣ ‘ਤੇ ਵੱਡੇ ਸਾਹਿਬਜ਼ਾਦੇ ਬਾਬਾ ਪ੍ਰਿਥੀ ਚੰਦ ਜੀ ਨੇ ਬਹੁਤ ਭਾਰੀ ਵਿਰੋਧ ਕੀਤਾ। ਪਿਤਾ ਗੁਰੂ ਜੀ ਦੇ ਸਮਝਾਉਣ ‘ਤੇ ਵੀ ਉਹ ਨਾ ਰੁਕਿਆ। ਝਗੜਾ ਟਾਲਣ ਲਈ ਸ੍ਰੀ ਗੁਰੂ ਰਾਮ ਦਾਸ ਜੀ ਅੰਮ੍ਰਿਤਸਰੋਂ ਗੋਇੰਦਵਾਲ ਚਲੇ ਗਏ ਤੇ ਓਥੇ ਹੀ, ਇਕ ਸਤੰਬਰ ਸੰਨ 1581 ਨੂੰ, ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਉਪਰ ਸੁਸ਼ੋਭਤ ਕਰ ਕੇ ਆਪ ਜੀ ਜੋਤੀ ਜੋਤਿ ਸਮਾ ਗਏ।
ਇਹਨਾਂ ਦੇ ਸਮੇ ਖ਼ਾਸ ਹੀ ਮਹੱਤਵਪੂਰਣ ਵਰਤਾਰੇ ਵਰਤੇ। ਉਹ ਇਹ ਕਿ ਆਦਿ ਗੁਰੂ ਜੀ ਦੇ ਸਮੇ ਤੋਂ ਗੁਰੂ ਘਰ ਨਾਲੋਂ ਵਿਛੜ ਕੇ ਮਨਮੁਖ ਹੋ ਗਏ ਵਿਅਕਤੀਆਂ ਨੂੰ ਵੀ, ਸ੍ਰੀ ਗੁਰੂ ਰਾਮ ਦਾਸ ਜੀ ਦੇ ਸਮੇ, ਮੁੜ ਗੁਰੂ ਘਰ ਨਾਲ ਜੋੜਿਆ ਗਿਆ। ਇਸ ਪ੍ਰਥਾਇ ਇਤਿਹਾਸਕ ਵਾਕਿਆਤ ਨੂੰ, ਸ੍ਰੀ ਗੁਰੂ ਰਾਮ ਦਾਸ ਜੀ ਦੀ ਆਪਣੀ ਰਸਨਾ ਨਾਲ ਵਰਨਣ ਕੀਤਾ ਗਿਆ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਸ ਪ੍ਰਕਾਰ ਅੰਕਤ ਹੈ:
ਸਲੋਕ ਮ: 4॥ ਧੁਰਿ ਮਾਰੇ ਪੂਰੈ ਸਤਿਗੁਰੂ ਸੇਈ ਹੁਣਿ ਸਤਿਗੁਰਿ ਮਾਰੇ॥
ਜੇ ਮੇਲਣ ਨੋ ਬਹੁਤੇਰਾ ਲੋਚੀਐ ਨ ਦੇਈ ਮਿਲਣ ਕਰਤਾਰੇ॥
ਸਤਸੰਗਤਿ ਢੋਈ ਨਾ ਲਹਨਿ ਵਿਚਿ ਸੰਗਤਿ ਗੁਰਿ ਵੀਚਾਰੇ॥
ਕੋਈ ਜਾਇ ਮਿਲੈ ਹੁਣਿ ਓਨਾ ਨੋ ਤਿਸੁ ਮਾਰੇ ਜਮੁ ਜੰਦਾਰੇ॥
ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ॥
ਗੁਰਿ ਤੀਜੀ ਪੀੜੀ ਵੀਚਾਰਿਆ ਕਿਆ ਹਥਿ ਏਨਾ ਵੇਚਾਰੇ॥
ਗੁਰੁ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ॥
ਕੋਈ ਪੁਤੁ ਸਿਖੁ ਸੇਵਾ ਕਰੇ ਸਤਿਗੁਰੂ ਕੀ ਤਿਸੁ ਕਾਰਜ ਸਭਿ ਸਵਾਰੇ॥
ਜੋ ਇਛੈ ਸੋ ਫਲੁ ਪਾਇਸੀ ਪੁਤੁ ਧਨੁ ਲਖਮੀ ਖੜਿ ਮੇਲੇ ਹਰਿ ਨਿਸਤਾਰੇ॥
ਸਭਿ ਨਿਧਾਨ ਸਤਿਗੁਰੂ ਵਿਚਿ ਜਿਸੁ ਅੰਦਰਿ ਹਰਿ ਉਰ ਧਾਰੇ॥
ਸੋ ਪਾਏ ਪੂਰਾ ਸਤਿਗੁਰੂ ਜਿਸੁ ਲਿਖਿਆ ਲਿਖਤੁ ਲਿਲਾਰੇ॥
ਜਨੁ ਨਾਨਕੁ ਮਾਗੈ ਧੂੜਿ ਤਿਨ ਜੋ ਗੁਰਸਿਖ ਮਿਤ ਪਿਆਰੇ॥1॥ (307)
ਸਿਡਨੀ, ਆਸਟ੍ਰੇਲੀਆ
+61 435 060 970
Punjab Post Daily Online Newspaper & Print Media