ਭਰ ਜਵਾਨੀ ਤੁਰ ਗਏ ਪੁੱਤਰ ਮਾਵਾਂ ਦੇ,
ਦੱਸ ਕਿਵੇਂ ਜਗਾਈਏ ਦੀਵੇ ਅਸੀਂ ਇਛਾਵਾਂ ਦੇ।
ਹੱਥਾਂ ਦੀ ਮਹਿੰਦੀ ਦਾ ਰੰਗ ਵੀ ਲੱਥਾ ਨਾਂ,
ਦਿਨ ਹੀ ਤੇਰਾਂ ਹੋਏ ਨੇ ਹਜੇ ਲਾਵਾਂ ਦੇ।
ਮਾਤਮ ਵੀ ਨਾਂ ਸੋਗ ਵੈਣ ਨਾਂ ਦੁੱਖ ਵੰਡੇ।
ਸੱਜਣਾਂ ਲਈ ਵੀ ਬੰਦ ਨੇ ਬੂਹੇ ਰਾਹਵਾਂ ਦੇ।
ਆਤਿਸ਼ਬਾਜ਼ੀਆਂ ਵਿਚ ਅਸਮਾਨੇ ਗੂੰਜ਼ਦੀਆਂ ,
ਦੱਸ ਕੀ ਸਿਰਨਾਵੇਂ ਦੇਵਾਂ ਹੋਰ ਬਲਾਵਾਂ ਦੇ।
ਹੁਣ ਤੇਰੇ ਦਰ ‘ਤੇ ਕੌਣ ਕਰੂਗਾ ਅਰਦਾਸਾਂ,
ਮੈਨੂੰ ਤਾਂ ਸਭ ਭਗਤ ਨੇ ਲੱਗਦੇ ਗਾਵਾਂ ਦੇ।
ਹਊਕੇ ਹਾਵੇ ਮਨ ਦੀ ਪੀੜਾ ਮਨ ਜਾਣੇ,
ਵਕਤ ਬੁਰੇ ‘ਤੇ ਬਦਲੇ ਮਨ ਭਰਾਵਾਂ ਦੇ।
ਖਾਲੀ ਭਾਂਡੇ ਬਿਨ ਰਾਸ਼ਨ ਤੋਂ ਖੜਕ ਰਹੇ ।
ਹਾਕਮ ਕਹਿੰਦੇ ਵਾਇਰਸ ਮਾਰ ਮੁਕਾਵਾਂਗੇ।
‘ਲੋਹਟ’ ਜੇ ਭੁੱਖ ਦੀ ਆਫ਼ਤ ਵਿੱਚ ਬਚ ਗਏ ,
ਫਿਰ ਵੋਟਾਂ ਵੇਲੇ ਚੰਗਾ ਰੰਗ ਦਿਖਾਵਾਂਗੇੇ।
ਕੁਲਦੀਪ ਸਿੰਘ ਲੋਹਟ
ਮੋ – 9876492410