ਭਾਜੀ! ਕੋਰੋਨਾ ਨੇ ਬੰਦੇ ਦੀ ਔਕਾਤ ਦਿਖਾ ‘ਤੀ ਥੋੜੇ੍ਹ ਸਮੇਂ ‘ਚ ਈ!-ਲੌਕਡੌਨ ਦੇ ਇਕੱਲਤਾ ਦਾ ਸੰਤਾਪ ਹੰਡਾ ਰਹੇ ਮੇਰੇ ਪੱਤਰਕਾਰ ਮਿੱਤਰ ਜਗਸ਼ੀਰ ਨੇ ਫ਼ੋਨ ਕਰਦਿਆਂ ਮੈਨੂੰ ਕਿਹਾ।ਆਹੋ!ਇਨਸਾਨੀਅਤ ਤਾਂ ਪਹਿਲਾਂ ਈ ਸ਼ਰਮਸ਼ਾਰ ਹੋਈ ਪਈ ਸੀ! ਆਹ ਕੋਰੋਨਾ ਨੇ ਵੀ ਝੱਗਾ ਚੁੱਕ ‘ਤਾ ਬੰਦੇ ਦਾ! ਆਹ ਦਿਨਾਂ ‘ਚ ਤਾਂ ਰੱਬ ਮੌਤ ਵੀ ਕਿਸੇ ਨੂੰ ਨਾ ਦਏ! ਚਾਰ ਬੰਦੇ ਮੋਢਾ ਦੇਣ ਲਈ ਵੀ ਨਈਂ ਮਿਲ਼ਣੇ! ਲਾਸ਼ਾਂ ਦਾ ਜਲੂਸ ਕੱਢੀ ਫ਼ਿਰਦੇ ਆ ਸ਼ਰਮ ਦਾ ਝੱਗਾ ਚੁੱਕ ਕੇ!-ਦੁੱਖੀ ਮਨ ਨਾਲ ਮੈਂ ਜਗਸ਼ੀਰ ਨਾਲ ਦਿਲ ਦੀ ਗੱਲ ਕਰ ਈ ਦਿੱਤੀ। ਬੜੇ ੳੁੱਖੜੇ ਮੂਡ ‘ਚ ਗੱਲਬਾਤ ਚੱਲ ਹੀ ਰਹੀ ਸੀ ਕਿ ਪੱਤਰਕਾਰ ਭਰਾ ਨੇ ਪੱਤਰਕਾਰਾਂ ਵਾਲੀ ਗੱਲ ਕਹਿ ਕੇ ਮੇਰਾ ਭਬੱਕਾ ਜਿਹਾ ਈ ਕੱਢ ਦਿੱਤਾ।ਅਖੇ, ਮੈਂ ਇੱਕ ਨਵਾਂ ਯੂ ਟਿਊਬ ਚੈਨਲ ਅੱਜ ਦੀ ਖ਼ਬਰ ਸ਼ੁਰੂ ਕੀਤਾ।ਸਬਸਕਰਾਈਬ ਕਰ ਦਿਓ।…ਤੇ ਹੋਰਾਂ ਮਿੱਤਰਾਂ ਨੂੰ ਵੀ ਕਰਵਾ ਦੇਣਾ ਸਬਸਕਰਾਈਬ!…ਚੈਨਲ ਮੇਰਾ ਏਦਾਂ ਫ਼ੈਲਾ ਦਿਓ ਜਿਵੇਂ ਕੋਰੋਨਾ ਦਾ ਵਾਇਰਸ ਫ਼ੈਲਦਾ!!! ਇਹ ਗੱਲ ਕਹਿ ਕੇ ਜਗਸ਼ੀਰ ਫ਼ੋਨ ਕੱਟਣ ਹੀ ਲੱਗਾ ਸੀ ਕਿ ਮੈਂ ਵੀ ਮਜ਼ਾਕੀਆ ਲਹਿਜ਼ੇ ‘ਚ ਕਿਹਾ, ਜਗਸ਼ੀਰ, ਆਪਣੇ ਚੈਨਲ ਦਾ ਨਾਂ ‘ਅੱਜ ਦੀ ਖ਼ਬਰ’ ਨਾ ਰੱਖੀਂ! ਏਦਾਂ ਨਈਂਓ ਫ਼ੈਲਣਾ ਏਹ! ਚੈਨਲ ਦਾ ਨਾਂ ਈ ‘ਮੇਰਾ ਚੈਨਲ: ਕੋਰੋਨਾ’ ਰੱਖ ਲੈ! ਵੇਖੀਂ ਕਿਵੇਂ ਛੂਤ ਦੀ ਬਿਮਾਰੀ ਵਾਂਗ ਫ਼ੈਲਦਾ! ਮੇਰੇ ਬੋਲ ਸੁਣ ਕੇ ਮੇਰਾ ਪੱਤਰਕਾਰ ਮਿੱਤਰ ਸ਼ਰਮਿੰਦਗੀ ਦਾ ਹਾਸਾ ਹੱਸਦਾ ਫ਼ੋਨ ਈ ਕੱਟ ਗਿਆ।
ਡਾ. ਪਰਮਜੀਤ ਸਿੰਘ ਕਲਸੀ (ਸਟੇਟ ਅਤੇ ਨੈਸ਼ਨਲ ਐਵਾਰਡੀ),
ਲੈਕਚਰਾਰ ਪੰਜਾਬੀ, ਪਿੰਡ ਤੇ ਡਾਕਖਾਨਾ ਊਧਨਵਾਲ, ਗੁਰਦਾਸਪੁਰ।
ਮੋ – 7068900008