ਕਰਫ਼ਿਊ ਤੋਂ ਬਚ-ਬਚਾ ਕੇ ਮਸਾਂ ਕਈ ਦਿਨਾਂ ਬਾਅਦ ਆਪਣੀ ਡੇਰੇ ‘ਤੇ ਰਹਿੰਦੀ ਮਾਈ ਨੂੰ ਦੇਖਣ ਉਸ ਦੇ ਘਰ ਚਲਾ ਈ ਗਿਆ।ਇਹ ਉਹੀ ਮਾਤਾ ਸੀ ਜੋ ਇੱਕ ਸੱਜੀ ਬਾਂਹ ਤੋਂ ਸੱਖਣੀ ਸੱਤਰਵਿਆਂ ਦੇ ਅੰਕੜਿਆਂ ਨੂੰ ਪਾਰ ਕੀਤੀ ਕੋਰੀ ਅਨਪੜ੍ਹ ਸੀ।ਘਰ-ਬਾਹਰ ਕੋਈ ਨਾ ਹੋਣ ਕਾਰਨ ਜਵਾਈ ਦੇ ਘਰ ਪਨਾਹ ਲਈ ਬੈਠੀ ਸੀ।ਜਵਾਈ ਵੀ ਰੇੜ੍ਹਾ ਚਲਾਉਂਦਾ।ਦੁੱਖ ਤਾਂ ਇਹ ਸੀ ਕਿ ਮੇਰੇ ਪਿੰਡ ਦੇ ਵਿਦੇਸ਼ਾਂ ਵਿੱਚ ਬੈਠੇ ਚੰਗੇ-ਭਲੇ ਘਰ ਦੇ ਕਮਾਊ ਪੁੱਤਾਂ ਦੀਆਂ ਮਾਵਾਂ ਵੀ ਸਰਕਾਰੀ ਪੈਨਸ਼ਨ ਲੈਂਦੀਆਂ ਪਈਆਂ ਸਨ।
ਪਰ ਇਹ ਬੁੜੀ੍ ਕਰਮਾਂ ਮਾਰੀ ਇਸ ਤੋਂ ਵੀ ਵਾਂਝੀ।ਸਰਪੰਚ ਨੂੰ ਦੋ-ਚਾਰ ਵਾਰੀ ਕਿਹਾ।ਪਰ ਡੇੇੜ-ਦੋ ਵੋਟਾਂ ਦੀ ਰਾਜਨੀਤੀ ਨੇ ਕੁੱਝ ਵੀ ਬਣਨ ਨਾ ਦਿੱਤਾ।ਮੈਂ ਆਪ ਹੀ ਸੋਚ ਕੇ ਦੋ ਜੀਆਂ ਦਾ ਖ਼ਰਚਾ ਚੁੱਕ ਬੈਠਾ।ਅਜੇ ਘਰ ਪਹੁੰਚਿਆ ਸੀ ਕਿ ਪੁੱਤ ਤੇ ਮਾਤਾ ਭੁੱਖ ਨਾਲ ਵਿਲ੍ਹਕਦੇ ਨਜ਼ਰ ਆਏ। ਮੈਨੂੰ ਦੇਖ ਕੇ ਮਾਤਾ ਝੱਟ ਜਿਹੇ ਕਹਿੰਦੀ, ‘ਪੁੱਤ ਆਹ ਮੇਰੇ ਘਰ ‘ਕੋ’ ਨਾ’ ਕਦ ਆਊ? ਕਹਿੰਦੇ ‘ਕੋ’ ਨਾ’ ਆਇਆ, ਘਰ-ਘਰ ਸਰਕਾਰ ਨੇ ਰਾਸ਼ਨ ਵੰਡ ਦਿੱਤਾ! ਆਹ ਮੇਰਾ ਘਰ ਫਿਰ ਸਰਕਾਰ ਦੇ ‘ਕੋ ’ਨਾ’ ਤੋਂ ਸੱਖਣਾ!
ਮਾਤਾ ਦੀ ਗੱਲ ਮੈਂ ਸਮਝ ਗਿਆ ਸੀ ਕਿ ਉਹ ਕੋਰੋਨਾ ਨੂੰ ਹੀ ‘ਕੋ ’ਨਾ’ ਕਹੀ ਜਾਂਦੀ।ਦੁਖੀ ਹੋਏ ਨੇ ਫੇਰ ਸਰਪੰਚ ਨੂੰ ਫ਼ੋਨ ਲਾ ਦਿੱਤਾ।‘ਸਰਪੰਚਾ! ਫੇਰ ਸਰਕਾਰ ਦਾ ਕੋਰੋਨਾ ਦੀ ਮਹਾਂਮਾਰੀ ਦਾ ਆਇਆ ਰਾਸ਼ਨ ਰੱਜ਼ੇ-ਪੁੱਜੇ ਲੋਕਾਂ ਦੇ ਘਰ ‘ਚ ਵੰਡ ਦਿੱਤਾ! ਆਹ ਭੁੱਖਿਆਂ ਨੂੰ ਕਿੰਨੇ ਪੁੱਛਣਾ? ਮਾਤਾ ਦੋ ਦਿਨਾਂ ਤੋਂ ਭੁੱਖੀ ਰਾਸ਼ਨ ਨੂੰ ਵਿਲ੍ਹਕਦੀ, ਤੂੰ ਫਿਰ ਰੱਜਿਆਂ ਨੂੰ ਈ ਰਜਾਈ ਜਾਂਦੈਂ? ਅਜੇ ਇਹ ਕਿਹਾ ਸੀ ਕਿ ਸਰਪੰਚ ਵੀ ਲੋਹਾ-ਲਾਖਾ ਹੋ ਗਿਆ।ਕਹਿੰਦਾ, ‘ਪਾੜ੍ਹਿਆ! ਤੈਨੂੰ ਕੀ ਪਤਾ ਆਹ ਰਾਜਨੀਤੀ ਕੀ ਹੁੰਦੀ? ਤੇਰੀਆਂ ਢੇਡ-ਦੋ ਵੋਟਾਂ ਨੂੰ ਮੈਂ ਸਿਰ ‘ਚ ਮਾਰਨੈਂ? ਮੇਰੇ ਕੋਲੋਂ ਵੀ ਰਿਹਾ ਨਾ ਗਿਆ। ਕਮੀਨਾ! ਕਹਿ ਕੇ ਮੈਂ ਫ਼ੋਨ ਕੱਟ ਦਿੱਤਾ।
ਦਸ-ਪੰਦਰਾਂ ਦਿਨ ਦਾ ਰਾਸ਼ਨ ਬੁੜ੍ਹੀ ਮਾਤਾ ਨੂੰ ਨੇੜੇ ਦੇ ਕਰਿਆਨੇ ਤੋਂ ਦਿਵਾ ਕੇ ਇਹ ਸੋਚਦਾ ਪਰਤ ਆਇਆ ਕਿ ਆਹ ‘ਵੋਟਾਂ’ ਆਪਣੇ ਹੱਕਾਂ ‘ਤੇ ਵੱਜ ਰਹੇ ਡਾਕੇ ਵਿਰੁੱਧ ਲਾਮਬੰਦ ਕਦ ਹੋਣਗੀਆਂ???

ਡਾ. ਪਰਮਜੀਤ ਸਿੰਘ ਕਲਸੀ
ਸਟੇਟ ਅਤੇ ਨੈਸ਼ਨਲ ਐਵਾਰਡੀ
ਊਧਨਵਾਲ, ਗੁਰਦਾਸਪੁਰ।
ਮੋ – 70689 00008
Punjab Post Daily Online Newspaper & Print Media