Friday, March 28, 2025

ਖ਼ਾਲਸਾ ਕਾਲਜ ਵਿੱਚ 3 ਰੋਜ਼ਾ ‘ਦੀਵਾਲੀ ਟੂਰਨਾਮੈਂਟ’ ਦਾ ਪ੍ਰਧਾਨ ਸੱਤਿਆਜੀਤ ਮਜੀਠੀਆ ਵਲੋਂ ਆਗਾਜ਼

ਹਾਕੀ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧੀ ਦਿਵਾਉਣਾ ਸਮੇਂ ਦੀ ਮੁੱਖ ਲੋੜ – ਮਜੀਠੀਆ

PPN11101414
ਅੰਮ੍ਰਿਤਸਰ, 11 ਅਕਤੂਬਰ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਵਿੱਚ ਦੀਵਾਲੀ ਤਿਉਹਾਰ ਨੂੰ ਸਮਰਪਿਤ ਹਾਕੀ ਅਤੇ ਹੈਂਡਬਾਲ ਦੇ 3 ਰੋਜ਼ਾ ਵਿਸ਼ੇਸ਼ ਮੁਕਾਬਲੇ ਦਾ ਅੱਜ ਆਗਾਜ਼ ਹੋਇਆ, ਜਿਸਦਾ ਉਦਘਾਟਨ ਮੁੱਖ ਮਹਿਮਾਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਨੇ ਕੀਤਾ। ਇਸ ਦੌਰਾਨ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਡਾਇਰੈਕਟਰ ਡਾ. ਐੱਚ. ਐੱਸ. ਰੰਧਾਵਾ, ਸਾਬਕਾ ਅੰਤਰਰਾਸ਼ਟਰੀ ਖਿਡਾਰੀ ਬ੍ਰਿਗੇਡੀਅਰ ਹਰਚਰਨ ਸਿੰਘ, ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ, ਸ: ਬਲਜੀਤ ਸਿੰਘ ਰੰਧਾਵਾ ਅਤੇ ਬਲਬੀਰ ਸਿੰਘ ਰੰਧਾਵਾ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ, ਜਿਨ੍ਹਾਂ ਦਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸਵਾਗਤ ਕੀਤਾ। ਟੂਰਨਾਮੈਂਟ ਦਾ ਅਗਾਜ ਸ: ਮਜੀਠੀਆ ਨੇ ਆਸਮਾਨ ਵਿੱਚ ਗੁਬਾਰੇ ਤੇ ਸ਼ਾਂਤੀ ਦਾ ਪ੍ਰਤੀਕ ਕਬੂਤਰ ਛੱਡ ਕੇ ਕੀਤਾ। ਇਸਦੇ ਬਾਅਦ ਉਨ੍ਹਾਂ ਖਿਡਾਰੀਆਂ ਨਾਲ ਜਾਣ-ਪਹਿਚਾਨ ਵੀ ਕੀਤੀ।ਇਸ ਟੂਰਨਾਮੈਂਟ ਵਿੱਚ ਪੰਜਾਬ ਭਰ ਤੋਂ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਕਲੱਬਾਂ ਦੇ ਲਗਭਗ 200 ਤੋਂ ਵਧੇਰੇ ਖਿਡਾਰੀ ਹਿੱਸਾ ਲੈ ਰਹੇ ਹਨ, ਜਿਸਦਾ ਮਨੋਰਥ ਖਿਡਾਰੀਆਂ ਵਿੱਚ ਖੇਡ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਨਾ ਹੈ।

ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਸ: ਸੱਤਿਆਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਹਾਕੀ ਸਾਡੇ ਦੇਸ਼ ਦੀ ਰਾਸ਼ਟਰੀ ਖੇਡ ਹੈ ਅਤੇ ਇਸ ਖੇਡ ਨੂੰ ਉਤਸ਼ਾਹਿਤ ਕਰਨਾ ਅੱਜ ਸਮੇਂ ਦੀ ਮੁੱਖ ਜਰੂਰਤ ਹੈ, ਕਿਉਂਕਿ ਅੱਜ ਇਸ ਤਰ੍ਹਾਂ ਦੂਸਰੀਆਂ ਖੇਡਾਂ ਪ੍ਰਤੀ ਖਿਡਾਰੀਆਂ ਅਤੇ ਦਰਸ਼ਕਾਂ ਵਿੱਚ ਪੂਰਾ ਉਤਸ਼ਾਹ ਨਜ਼ਰ ਆਉਂਦਾ ਹੈ, ਉਹੀ ਜੋਸ਼ ਹਾਕੀ ਵਿੱਚ ਨਹੀਂ ਵਿਖਾਈ ਦਿੰਦਾ, ਇਸ ਲਈ ਸਾਨੂੰ ਹਾਕੀ ਦੇ ਪ੍ਰਤੀ ਨੌਜਵਾਨਾਂ ਵਿੱਚ ਜ਼ਜ਼ਬਾ ਅਤੇ ਜਨੂੰਨ ਭਰਨ ਦੀ ਭਰਪੂਰ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਇਹ ਖੇਡ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧੀ ਹਾਸਲ ਕਰ ਸਕੇ। ਉਨ੍ਹਾਂ ਨੇ ਖਿਡਾਰੀਆਂ ਨੂੰ ਪੂਰੇ ਮਨ ਨਾਲ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

ਸ: ਛੀਨਾ ਨੇ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਲਾਂ ਬਾਅਦ ਅੱਜ ਦੀਵਾਲੀ ਟੂਰਨਾਮੈਂਟ ਦੁਬਾਰਾ ਸ਼ੁਰੂ ਕੀਤਾ ਗਿਆ ਹੈ ਜਿਹੜੀ ਕਿ ਬੜੀ ਖੁਸ਼ੀ ਦੀ ਗੱਲ ਹੈ। ਉਨ੍ਹਾਂ ਨੇ ਖਿਡਾਰੀਆਂ ਨੂੰ ਪੂਰੇ ਜੋਸ਼ ਨਾਲ ਇਸ ਖੇਡ ਵਿੱਚ ਭਾਗ ਲੈ ਕੇ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਨ ਲਈ ਕਿਹਾ। ਇਸ ਮੌਕੇ ‘ਤੇ ਕਾਲਜ ਵੱਲੋਂ ਸ: ਡਾ. ਮਹਿਲ ਸਿੰਘ ਨੇ ਸ: ਮਜੀਠੀਆ, ਸ: ਛੀਨਾ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।

ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਯੂਨੀਵਰਸਿਟੀ ਦੇ ਸਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਡਾ. ਸੁਖਦੇਵ ਸਿੰਘ, ਕੌਂਸਲ ਮੈਂਬਰ ਐੱਸ. ਐੱਸ. ਸੋਢੀ, ਸ਼ਿਵਦੇਵ ਸਿੰਘ, ਡਾ. ਐੱਮ. ਐੱਸ. ਗਿੱਲ, ਗੁਰਮਹਿੰਦਰ ਸਿੰਘ ਅਤੇ ਪ੍ਰਿੰ: ਡਾ. ਸੁਖਬੀਰ ਕੌਰ ਮਾਹਲ, ਪ੍ਰਿੰ: ਨਿਰਮਲ ਸਿੰਘ ਭੰਗੂ, ਕਾਲਜ ਦੇ ਸਰੀਰਿਕ ਸਿੱਖਿਆ ਦੇ ਮੁੱਖੀ ਡਾ. ਦਲਜੀਤ ਸਿੰਘ, ਪ੍ਰੋ: ਸੁਖਬੀਰ ਸਿੰਘ, ਜਗਬਿੰਦਰ ਕੌਰ, ਡਾ. ਅਵਤਾਰ ਸਿੰਘ, ਡਾ. ਜੇ. ਐੱਸ. ਅਰੋੜਾ, ਡਾ. ਆਤਮ ਸਿੰਘ ਰੰਧਾਵਾ, ਪ੍ਰੋ: ਸਤਨਾਮ ਸਿੰਘ, ਪ੍ਰੋ: ਗੁਰਦੇਵ ਸਿੰਘ, ਪ੍ਰੋ: ਰਣਧੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜ਼ੂਦ ਸਨ। ਇਸ ਦੌਰਾਨ ਸਟੇਜ ਸੰਚਾਲਨ ਦੀ ਭੂਮਿਕਾ ਡਾ. ਪਰਮਿੰਦਰ ਸਿੰਘ ਅਤੇ ਡਾ. ਮਲਕਿੰਦਰ ਸਿੰਘ ਨੇ ਬਾਖੂਬੀ ਨਿਭਾਈ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …

Leave a Reply