ਸਵੱਛ ਭਾਰਤ ਮੁਹਿੰਮ ਨੂੰ ਲੋਕ ਲਹਿਰ ਵੱਜੋਂ ਚਲਾਉਣ ਦੀ ਅਪੀਲ
ਫਾਜਿਲਕਾ, 15 ਅਕਤੂਬਰ (ਵਿਨੀਤ ਅਰੋੜਾ) – ਜ਼ਿਲ੍ਹੇ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਹੋਰ ਤੇਜੀ ਲਿਆਂਦੀ ਜਾਵੇ ਅਤੇ ਸਾਰੇ ਪ੍ਰਾਜੈਕਟਾਂ ਨੂੰ ਮਿਥੇ ਸਮੇਂ ਵਿਚ ਪੁਰਾ ਕੀਤਾ ਜਾਵੇ। ਇਹ ਆਦੇਸ਼ ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ ਬਰਾੜ ਨੇ ਜਿਲ੍ਹਾ ਪੱਧਰੀ ਵਿਕਾਸ ਕਮੇਟੀ ਦੀ ਮੀਟਿੰਗ ਵਿਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿੱਤੇ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰ ਵੱਲੋਂ ਜ਼ਿਲ੍ਹੇ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ, ਵਿਕਾਸ ਕਾਰਜਾਂ ਅਤੇ ਸੇਵਾਵਾਂ ਦਾ ਲਾਭ ਹੇਠਲੇ ਪੱਧਰ ਤੇ ਪਹੁੰਚਣਾ ਚਾਹੀਦਾ ਹੈ ਤਾਂ ਜੋ ਇਸ ਦਾ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਮਿਲ ਸਕੇ । ਇਸ ਮੌਕੇ ਉਨ੍ਹਾਂ ਬਾਰਡਰ ਏਰੀਆ ਵਿਕਾਸ ਪ੍ਰਾਜੈਕਟ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾਂ, ਸਵਰਨ ਜਯੰਤੀ ਗ੍ਰਾਮ ਯੋਜਨਾ, ਇੰਦਰਾ ਅਵਾਸ ਯੋਜਨਾ ਸਮੇਤ ਵੱਖ ਵੱਖ ਯੋਜਨਾਵਾਂ ਸਬੰਧੀ ਜਾਣਕਾਰੀ ਹਾਸਲ ਕੀਤੀ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿਚ ਸੜਕਾਂ,ਮੰਡੀਆਂ, ਸੜਕਾਂ ਦੀ ਸਪੈਸ਼ਲ ਰਿਪੇਅਰ, ਪਿੰਡਾਂ ਵਿਚ ਸੋ ਪ੍ਰਤੀਸ਼ਤ ਸੀ.ਸੀ. ਫਲੋਰਿੰਗ ਦੇ ਨਿਰਮਾਣ ਕਾਰਜਾਂ, ਫਾਜਿਲਕਾ ਵਿਖੇ ਬਣ ਰਹੇ ਆਡੀਟੋਰੀਅਮ ਦੀ ਉਸਾਰੀ, ਜਨ ਸਿਹਤ, ਸੀਵਰੇਜ, ਆਰ.ਓ.ਪਲਾਂਟ, ਨਬਾਰਡ ਦੇ ਪ੍ਰਾਜੈਕਟਾਂ, ਸ਼ਗਨ ਸਕੀਮ, ਪੈਨਸ਼ਨ ਸਕੀਮਾਂ ਆਦਿ ਦਾ ਵੀ ਜਾਇਜ਼ਾ ਲਿਆ। ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਫਾਜਿਲਕਾ ਜਿਲ੍ਹੇ ਵਿਚ 194 ਏਕੜ ਨਵਾਂ ਰਕਬਾ ਮੱਛੀ ਪਾਲਣ ਅਧੀਨ ਲਿਆਂਦਾ ਗਿਆ ਹੈ ਜਦਕਿ 925 ਏਕੜ ਵਿਚ ਪਹਿਲਾਂ ਮੱਛੀ ਪਾਲਣ ਦਾ ਕੰਮ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ 106 ਲੋਕਾਂ ਨੂੰ ਮੱਛੀ ਪਾਲਣ ਦਾ ਧੰਦਾ ਸ਼ੁਰੂ ਕਰਨ ਦੀ ਟ੍ਰੇਨਿੰਗ ਦਿੱਤੀ ਗਈ ਹੈ ਜਿਨ੍ਹਾਂ ਨੂੰ ਬੈਂਕ ਤੋਂ ਕਰਜ਼ੇ ਦਵਾ ਕੇ ਕੰਮ ਸ਼ੁਰੂ ਕਰਵਾਈਆਂ ਜਾਵੇਗਾ।ਉਨ੍ਹਾਂ ਦੱਸਿਆ ਕਿ ਮੱਛੀ ਪਾਲਣ ਦਾ ਧੰਦਾ ਸ਼ੁਰੂ ਕਰਨ ਲਈ ਨੈਸ਼ਨਲ ਮਿਸ਼ਨ ਫਾਰ ਪ੍ਰੋਟੀਨ ਤਹਿਤ 40 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ।ਡੇਅਰੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਵੱਲੋਂ ਮਹਿਲਾ ਸਸ਼ਕਤੀਕਰਨ ਤਹਿਤ ਔਰਤਾਂ ਲਈ ਡੇਅਰੀ ਯੂਨਿਟ ਸਥਾਪਿਤ ਕਰਨ ਲਈ 50 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਂਦੀ ਹੈ ਅਤੇ ਇਸ ਸਕੀਮ ਤਹਿਤ ਫਾਜਿਲਕਾ ਜਿਲ੍ਹੇ ਵਿਚ 9 ਡੇਅਰੀ ਯੂਨਿਟ ਚੱਲ ਰਹੇ ਹਨ ਅਤੇ 10 ਹੋਰ ਡੇਅਰੀ ਯੂਨਿਟ ਸਥਾਪਿਤ ਕਰਨ ਲਈ ਔਰਤਾਂ ਨੂੰ ਸਿਖਲਾਈ ਦਿੱਤੀ ਜਾਵੇਗੀ । ਪz%ਲ.ਾਂ ਸਮੂੰਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਮੁਹੱਈਆ ਕਰਵਾਉਣ। ਉਨ੍ਹਾਂ ਅਧਿਕਾਰੀਆਂ ਨੂੂੰ ਹਦਾਇਤ ਕੀਤੀ ਕਿ ਹੋ ਚੁੱਕੇ ਕੰਮਾਂ ਦੇ ਵਰਤੋਂ ਸਰਟੀਫਿਕੇਟ ਤੁਰੰਤ ਜਮਾਂ ਕਰਵਾਏ ਜਾਣ ਅਤੇ ਚੱਲ ਰਹੇ ਕੰਮਾਂ ਦੀ ਪ੍ਰਗਤੀ ਰਿਪੋਰਟ ਉਨ੍ਹਾਂ ਨੂੰ ਲਗਾਤਾਰ ਭੇਜੀ ਜਾਵੇ।
ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਇਸ ਮੌਕੇ ਸਵੱਛ ਭਾਰਤ ਅਭਿਆਨ ਤਹਿਤ ਜਿਲ੍ਹੇ ਅੰਦਰ ਵੱਖ ਵੱਖ ਵਿਭਾਗਾਂ, ਸੰਸਥਾਂਵਾ ਵੱਲੋਂ ਕੀਤੀ ਜਾ ਰਹੀ ਸਫਾਈ ਮੁਹਿੰਮ ਦਾ ਜਾਇਜ਼ਾ ਲਿਆ।ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਮੁਹਿੰਮ ਨੂੰ ਲੋਕ ਲਹਿਰ ਵੱਜੋਂ ਚਲਾਇਆ ਜਾਵੇ ਅਤੇ ਮੁਹਿੰਮ ਦੀ ਸਫਲਤਾ ਲਈ ਸਾਰੇ ਵਰਗਾਂ ਦਾ ਸਹਿਯੋਗ ਲਿਆ ਜਾਵੇ ਤਾਂ ਜੋ ਜਿਲ੍ਹੇ ਨੂੰ ਸਾਫ ਸੁਥਰਾ ਰੱਖਿਆ ਜਾ ਸਕੇ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਗੰਦਗੀ ਤੋਂ ਹੋਣ ਵਾਲੇ ਨੁਕਸਾਨਾਂ ਤੇ ਫੈਲਣ ਵਾਲੀਆਂ ਬਿਮਾਰੀਆਂ ਬਾਰੇ ਵੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ।
ਇਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ, ਸ਼੍ਰੀ ਸੁਭਾਸ਼ ਖਟਕ ਐਸ.ਡੀ.ਐਮ. ਫਾਜਿਲਕਾ, ਸ.ਗੁਰਜੀਤ ਸਿੰਘ ਐਸ.ਡੀ.ਐਮ ਜਲਾਲਾਬਾਦ, ਸ੍ਰੀ ਰਾਜਪਾਲ ਸਿੰਘ ਐਸ.ਡੀ.ਐਮ. ਅਬੋਹਰ, ਸ. ਕੁਲਪ੍ਰੀਤ ਸਿੰਘ ਸਹਾਇਕ ਕਮਿਸ਼ਨਰ(ਜ), ਸ. ਪਰਮਜੀਤ ਸਿੰਘ ਸਹੋਤਾ ਜਿਲ੍ਹਾ ਮਾਲ ਅਫਸਰ, ਸ. ਜਤਿੰਦਰ ਸਿੰਘ ਬਰਾੜ ਡੀ.ਡੀ.ਪੀ.ਓ. ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।