Saturday, September 21, 2024

ਪੰਜਾਬ ਸਰਕਾਰ ਵਲੋਂ ਅਕਾਲ ਡਿਗਰੀ ਕਾਲਜ ਵੁਮੈਨ ਦੀ ਮੈਨੇਜਮੈਂਟ ਮੁਅੱਤਲ, ਏ.ਡੀ.ਸੀ ਨੂੰ ਲਾਇਆ ਪ੍ਰਬੰਧਕ

ਕੈਬਨਿਟ ਮੰਤਰੀ ਸਿੰਗਲਾ ਵਲੋਂ ਫੰਡਾਂ ਦੀ ਗੜਬੜੀ ਦੀ ਪਾਰਦਰਸ਼ੀ ਜਾਂਚ ਦੇ ਨਾਲ-ਨਾਲ ਕਾਲਜ ਬਚਾਉਣ ਦਾ ਭਰੋਸਾ

ਲੌਂਗੋਵਾਲ, 7 ਜੁਲਾਈ (ਪੰਜਾਬ ਪੋਸਟ – ਜਗਸੀਰ ਸਿੰਘ) – ਸਥਾਨਕ ਅਕਾਲ ਡਿਗਰੀ ਕਾਲਜ ਫਾਰ ਵੁਮੈਨ ਦੀ ਮੈਨੇਜਮੈਂਟ `ਤੇ ਫੰਡਾਂ ਦੀ ਗੜਬੜੀ ਦੇ ਗੰਭੀਰ ਇਲਜ਼ਾਮਾਂ ਦੇ ਮੱਦੇਨਜਰ ਪੰਜਾਬ ਸਰਕਾਰ ਵੱਲੋਂ ਕਾਲਜ ਦੀ ਪ੍ਰਬੰਧਕੀ ਕਮੇਟੀ ਨੂੰ ਮੁਅੱਤਲ ਕਰਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਜੇਸ਼ ਤ੍ਰਿਪਾਠੀ ਨੂੰ ਪ੍ਰਬੰਧਕ ਲਗਾ ਦਿੱਤਾ ਗਿਆ ਹੈ।
                ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਪੰਜਾਬ ਤੇ ਸੰਗਰੂਰ ਤੋਂ ਵਿਧਾਇਕ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਲਗਭਗ 40 ਕਿਲੋਮੀਟਰ ਦੇ ਘੇਰੇ `ਚ ਇਹ ਹੋਸਟਲ ਦੀ ਸੁਵਿਧਾ ਵਾਲਾ ਲੜਕੀਆਂ ਦਾ ਇਕੱਲਾ ਕਾਲਜ ਹੈ। ਕਾਲਜ ਵਲੋਂ ਬੀ.ਏ `ਚ ਦਾਖਲਾ ਬੰੰਦ ਕਰਨ ਦੇ ਐਲਾਨ ਤੋਂ ਲੈ ਕੇ ਹੁਣ ਤੱਕ ਇਸ ਸਬੰਧੀ ਸਾਰੀ ਫੀਡ ਬੈਕ ਉਹ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੱਕ ਪੁੱਜਦੀ ਕਰਦੇ ਰਹੇ ਹਨ।
               ਸਿੰਗਲਾ ਨੇ ਕਿਹਾ ਕਿ ਸਾਡੀ ਸਰਕਾਰ ਵਲੋਂ ਕਾਲਜ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਬੜੇ ਧਿਆਨ ਨਾਲ ਵਾਚਿਆ ਜਾ ਰਿਹਾ ਹੈ ਅਤੇ ਕਾਲਜ ਦੀ ਪ੍ਰਬੰਧਕੀ ਕਮੇਟੀ ਵਲੋਂ ਕੀਤੀ ਗਈ ਹਰਕਤ ਦੀ ਜਾਣਕਾਰੀ ਉਨ੍ਹਾਂ ਵਲੋਂ ਸਬੰਧਤ ਅਥਾਰਿਟੀ ਦੇ ਧਿਆਨ `ਚ ਲਿਆਂਦੀ ਗਈ ਹੈ।ਉਨ੍ਹਾਂ ਕਿਹਾ ਕਿ ਇਸ ਉਪਰੰਤ ਹੀ ਸਰਕਾਰ ਵਲੋਂ ਦਿੱਤੇ ਫੰਡਾਂ ਦੀ ਦੁਰਵਰਤੋਂ ਦੇ ਮਾਮਲੇ ਦੀ ਜਾਂਚ ਲਈ ਉੱਚ ਪਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।
                ਕੈਬਨਿਟ ਮੰਤਰੀ ਸਿੰਗਲਾ ਨੇ ਦੱਸਿਆ ਕਿ ਇਹ ਵਿਸ਼ੇਸ਼ ਕਮੇਟੀ ਕਾਲਜ ਦੀ ਪ੍ਰਬੰਧਕੀ ਕਮੇਟੀ ਵਲੋਂ ਹੁਣ ਤੱਕ ਕੀਤੀਆਂ ਗਈਆਂ ਸਾਰੀਆਂ ਕਥਿਤ ਗੜਬੜੀਆਂ ਨੂੰ ਉਜਾਗਰ ਕਰਕੇ ਸਭ ਦੇ ਸਾਹਮਣੇ ਲੈ ਕੇ ਆਵੇਗੀ।ਉਨਾਂ ਕਿਹਾ ਕਿ ਕਾਲਜ ਨੂੰ ਬਚਾਉਣ ਲਈ ਸਿਰਤੋੜ ਯਤਨ ਕੀਤੇ ਗਏ ਹਨ, ਜਿਨ੍ਹਾਂ ਸਦਕਾ ਬੀ.ਏ. ਦੀ ਪੜ੍ਹਾਈ ਬੰਦ ਕਰਨ ਲਈ ਬਜ਼ਿੱਦ ਪ੍ਰਬੰਧਕਾਂ ਨੂੰ ਅਹੁੱਦਿਆਂ ਤੋਂ ਲਾਂਭੇ ਕੀਤਾ ਗਿਆ ਹੈ।
                ਕੈਬਨਿਟ ਮੰਤਰੀ ਨੇ ਦੱਸਿਆ ਕਿ ਕੁੱਝ ਸਿਆਸੀ ਲੋਕ ਆਪਣੇ ਨਿੱਜੀ ਲਾਹੇ ਲਈ ਮਾਮਲੇ ਨੂੰ ਤੂਲ ਦੇਣ ਲਈ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ।ਉਨ੍ਹਾਂ ਸੰਗਰੂਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਲੀਡਰਾਂ ਦੀਆਂ ਗੱਲਾਂ `ਚ ਆਉਣ ਦੀ ਬਜਾਏ ਆਪਣੀ ਸਮਝ ਮੁਤਾਬਿਕ ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਚੁੱਕੇ ਗਏ ਸਾਰਥਿਕ ਕਦਮਾਂ ਦੀ ਸਮੀਖਿਆ ਕਰਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …