Thursday, May 23, 2024

ਮਾਮਲਾ ਜੰਮੂ ਕਸ਼ਮੀਰ ਦੀ ਕੁਦਰਤੀ ਕਰੋਪੀ ਦੇ ਪੀੜਤਾਂ ਦੇ ਬਚਾਅ ਅਤੇ ਸਹਾਇਤਾ ਦਾ

ਵਿਸ਼ੇਸ਼ ਰਿਪੋਰਟ

ਕੌਮ ਦਾ ਸਿਰ ਫਖਰ ਨਾਲ ਉੱਚਾ ਕਰਨ ਵਿੱਚ ਸਫਲ ਰਹੀਅਆਂ ਵਿਦੇਸ਼ੀ ਸਿੱਖ ਸੰਸਥਾਵਾਂ

 ਨਰਿੰਦਰ ਪਾਲ ਸਿੰਘ (ਅੰਮ੍ਰਿਤਸਰ)

ਮੋ : 9855313236

PPN15101424

ਜੰਮੂ ਕਸ਼ਮੀਰ ਵਿੱਚ ਵਰਤੀ ਕੁਦਰਤੀ ਕਰੋਪੀ ਦੇ ਪੀੜਤਾਂ ਦੇ ਬਚਾਅ ਅਤੇ ਸਹਾਇਤਾ ਲਈ ਜਿਸ ਤਰ੍ਹਾਂ ਦੇਸ਼ ਵਿਦੇਸ਼ ਦੀਆਂ ਸਿੱਖ ਜਥੇਬੰਦੀਆਂ ਅੱਗੇ ਆਈਆਂ ਹਨ ਉਸਨੇ ਵਿਸ਼ਵ ਭਰ ਵਿੱਚ ਸਿੱਖ ਕੌਮ ਦਾ ਸਿਰ ਫਖਰ ਨਾਲ ਉੱਚਾ ਕਰਨ ਦੇ ਨਾਲ ਨਾਲ ਇਹ ਕੁਝ ਲੋਕਾਂ ਦੇ ਅੰਦਰਲਾ ਇਹ ਭਰਮ ਵੀ ਦੂਰ ਕਰ ਦਿੱਤਾ ਹੈ ਕਿ ਸਿੱਖ,ਆਪਣੇ ਅਤੀਤ ਵਾਂਗ ਅੱਜ ਵੀ ਸਰਬੱਤ ਦੇ ਭਲੇ ਅਤੇ ਧਰਮਾਂ ਦੀ ਸਹਿਹੋਂਦ ਦੀ ਮੁੱਦਈ ਹਨ।ਜੰਮੂ ਕਸ਼ਮੀਰ ਵਿੱਚ ਆਈ ਕੁਦਰਤੀ ਆਫਤ ਬਾਅਦ  ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ ਹਵਾਈ ਸਰਵੇਖਣ ਕਰਨ ਤੀਕ ਮੋਹਰੀ ਰਹੇ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ,ਚੀਫ ਖਾਲਸਾ ਦੀਵਾਨ ,ਤਖਤ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਪ੍ਰਬੰਧਕੀ ਕਮੇਟੀ ਸਮੇਤ ਕੁਝ ਸਮਾਜ ਸੇਵੀ ਸੰਸਥਾਵਾਂ ਨੇ ਰਸਦ, ਪੀਣ ਵਾਲਾ ਪਾਣੀ, ਬਸਤਰ, ਦਵਾਈਆਂ ਤੇ ਸਿਹਤ ਸਹੂਲਤਾਂ ਦੇ ਨਾਲ ਨਾਲ ਮਾਇਕ ਮਦਦ ਵੀ ਮੁਹਈਆ ਕਰਵਾਈ।
ਉਪਰੋਕਤ ਸੰਸਥਾਵਾਂ ਦੇ ਨਾਲ ਨਾਲ ਜੰਮੂ ਕਸ਼ਮੀਰ ਦੇ ਪੀੜਤ ਲੋਕਾਂ ਦੇ ਮਨਾਂ ਵਿੱਚ ਘਰ ਕਰ ਜਾਣ ਦਾ ਕੰਮ ਕਰਨ ਵਿੱਚ ਯੂ. ਕੇ ਅਧਾਰਿਤ ਸਿੱਖ ਸਮਾਜ ਸੇਵੀ ਸੰਸਥਾ ‘ਖਾਲਸਾ ਏਡ’ਅਸਟਰੇਲੀਆ ਤੋਂ ਸਿੱਖ ਸੰਸਥਾ ‘ਆਸਟਰੇਲੀਅਨ ਸਿੱਖ ਸਪੋਰਟ’ਅਤੇ ‘ਵਾਹਿਗੁਰੂ ਅਡਵੈਂਚਰ’ਦੇ ਜਾਂਬਾਜ ਨੌਜੁਆਨ ਪੂਰੀ ਤਰ੍ਹਾਂ ਸਫਲ ਰਹੇ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਕੀ ਸਿੱਖ ਸੰਸਥਾਵਾਂ ਪਾਸ ਜਿਥੇ ਅਪਾਰ ਮਾਇਕ ਤੇ ਮਨੁਖੀ ਸਾਧਨ ਸਨ ਉਥੇ ਇਨ੍ਹਾਂ ਵਿਦੇਸ਼ੀ ਸੰਸਥਾਵਾਂ ਦੇ ਭਾਰਤੀ ਮੂਲ ਵਾਲੇ ਸਾਬਤ ਸੂਰਤ ਸਿੱਖ ਨੌਜੁਆਨਾਂ ਕੋਲ ਮਨੁਖਤਾ ਦੀ ਬੇਹਤਰੀ ਲਈ ਕੁਝ ਵੀ ਕਰ ਗੁਜਰਣ ਦਾ ਅਥਾਹ ਜਜਬਾ ਸੀ।ਗਿਣਤੀ ਵਿੱਚ ਵੀ ਥੋੜੇ ਲੇਕਿਨ ਖੁਦ ਹੀ ਕੋਈ ਕਾਰ, ਟਰੱਕ ਤੋਂ ਲੈ ਕੇ ਔਖੇ ਰਸਤਿਆਂ ਤੇ ਬੇੜੀ ਚਲਾਉਣ ਦੀ ਮੁਹਾਰਤ ਰੱਖਣ ਵਾਲੇ ਇਹ ਨੌਜੁਆਨ, ਹੜ੍ਹਾਂ ਦੇ ਪਾਣੀਆਂ ਵਿੱਚ ਘਿਰੇ ਉਨ੍ਹਾਂ ਕਸ਼ਮੀਰੀ ਲੋਕਾਂ ਤੀਕ ਵੀ ਜਾ ਪੁਜੇ ਜਿਥੇ ਕੇਵਲ ਭਾਰਤੀ ਫੌਜ ਅਤੇ ਸੀਮਾ ਸੁਰੱਖਿਆ ਬੱਲ ਦੇ ਜਵਾਨ ਹੀ ਪੁੱਜਣ ਦੀ ਜ਼ੁਰਅਤ ਕਰ ਸਕਦੇ ਸਨ ।ਇਨ੍ਹਾਂ ਸੰਸਥਾਵਾਂ ਦੇ ਨੌਜੁਆਨਾਂ ਨੇ ਕੇਵਲ ਕੁਝ ਰਾਹਤ ਕੈਂਪਾਂ ਵਿੱਚ ਬੈਠ ਕੇ ਹੀ ਰਾਹਤ ਵੰਡਣ ਤੀਕ ਖੁਦ ਨੁੰ ਸੀਮਤ ਨਹੀ ਰੱਖਿਆ ਬਲਕਿ ਦੂਰ ਦੂਰ ਤੀਕ ਪਾਣੀ ਵਿੱਚ ਘਿਰੇ ਲੋਕਾਂ ਤੀਕ ਹਰ ਬਿਖਮ ਪੈਡਾ ਤੈਅ ਕਰਕੇ ਰਾਹਤ ਪਹੁੰਚਾਈ ਹੈ ।ਖਾਲਸਾ ਏਡ ਨਾਮੀ ਸੰਸਥਾ ਦੇ ਨੌਜੁਆਨ ਜੱਦ 15 ਦਿਨਾਂ ਤੋਂ ਲਗਾਤਾਰ  ਪਾਣੀ ਵਿੱਚ ਘਿਰੀ ਇੱਕ ਬਜੁਰਗ ਕਸ਼ਮੀਰੀ ਔਰਤ ਦੇ ਘਰ ਵੀ ਜਾ ਪੁਜੇ ਤਾਂ ਉਸ ਮਾਤਾ ਦੀਆਂ ਅੱਖਾਂ ਵਿੱਚ ਸਮੁਚੀ ਸਿੱਖ ਕੌਮ ਲਈ ਅਥਾਹ ਪਿਆਰ ਤੇ ਸ਼ਰਧਾ ਝਲਕ ਪਈ।ਖਾਲਸਾ-ਏਡ ਦੇ ਹੀ ਨੌਜੁਆਨ ਨੇ ਦੱਸਿਆ ਕਿਸੇ ਤਰ੍ਹਾਂ ਤਿੰਨ ਨੌਜੁਆਨ ਇੱਕ ਦੂਸਰੇ ਦੇ ਮੋਢਿਆਂ ਤੇ ਖੜੋ ਕੇ ਪਾਣੀ ਨਾਲ ਘਿਰੇ ਮਕਾਨ ਦੀ ਆਖਰੀ ਮੰਜਲ ਤੇ ਬੈਠੀ ਬਾਰੀ ਰਾਹੀਂ ਝਾਕ ਰਹੀ ਬਜੁਰਗ ਮਾਤਾ ਪਾਸ ਜਦ ਰਾਹਤ ਸਮੱਗਰੀ ਦੇ ਪੈੇਕਟ ਥਮਾ ਰਹੇ ਸਨ ਤਾਂ ਪੁਛਿਆ ‘ਅੰਮਾ ਔਰ ਕੁਝ ਚਾਹੀਏ’ਤਾ ਮਾਤਾ ਨੇ ਮੋਹ ਵਿੱਚ ਭਿੱਜ ਕੇ ਕਿਹਾ ‘ਤੇਰੇ ਜੈਸਾ ਇੱਕ ਸਿੱਖ ਪੁੱਤਰ’।
ਇਸੇ ਤਰ੍ਹਾਂ ਅਸਟਰੇਲੀਅਨ ਸਿੱਖ ਸਪੋਰਟ ਨਾਮੀ ਸੰਸਥਾ ਦੇ ਨੌਜੁਆਨ ਜਦ ਇੱਕ ਸ਼ਾਨ ਬਗਾਤ ਨਾਮੀ ਇੱਕ ਗੁਰਦੁਆਰਾ ਸਾਹਿਬ ਦੇ ਰਲੀਫ ਕੈਂਪ ਪੁਜੇ ਤਾਂ ਤਨਦੀਪ ਕੌਰ ਨਾਮੀ ਇੱਕ ਨੌਜੁਆਨ ਭੈਣ ਨੇ ਦੱਸਿਆ ਕਿ ਉਲਟੀਆਂ  ਆਉਣ ਕਾਰਣ ਨਿਢਾਲ ਹੋਕੇ ਬੇਹੋਸ਼ ਪਈ ਇੱਕ ਗਰਭਵਤੀ ਮੁਸਲਿਮ ਔਰਤ ਨੂੰ ਡਾਕਟਰੀ ਸਹਾਇਤਾ ਦੀ ਜਰੂਰਤ ਹੈ, ਨੌਜੁਆਨਾ ਨੇ ਇਨੋਵਾ ਗੱਡੀ ਦਾ ਪ੍ਰਬੰਧ ਕੀਤਾ, ਲੇਕਿਨ ਔਰਤ ਸਰੀਰਕ ਸੰਤੁਲਨ ਖੋਹ ਚੁਕੀ ਸੀ, ਐਬੂਲੈਂਸ ਰਾਹੀ ਅਹਿਮਦੀਆ ਹਸਪਤਾਲ ਪੁਜਦਾ ਕੀਤਾ ਤਾਂ ਉਨ੍ਹਾਂ ਜਵਾਬ ਦੇ ਦਿੱਤਾ ਤੇ ਸ਼ੇਰੇ ਕਸ਼ਮੀਰ ਹਸਪਤਾਲ ਰੈਫਰ ਕਰ ਦਿੱਤਾ। ਇੱਕ ਨੌਜੁਆਨ ਪਪਲਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਹਸਪਤਾਲ ਚੰਡੀਗੜ੍ਹ ਦੇ ਪੀ.ਜੀ.ਆਈ ਵਾਂਗ ਹੈ ਲੇਕਿਨ ਇਥੇ ਵੀ ਪਹਿਲਾਂ ਡਾਕਟਰਾਂ ਨੇ ਸਾਫ ਕਹਿ ਦਿੱਤਾ ਕਿ ਅਪਰੇਸ਼ਨ ਹੋਣਾ ਹੈ, ਬੱਚਾ ਸ਼ਾਇਦ ਹੀ ਬਚਾਇਆ ਜਾ ਸਕੇ।ਉਸ ਲਾਵਰਿਸ ਔਰਤ ਦੇ ਇਲਾਜ ਲਈ ਪਪਲਪ੍ਰੀਤ ਸਿੰਘ ਨੇ ਜਿੰਮੇਵਾਰੀ ਵਾਲੀ ਫਾਈਲ ਤੇ ਦਸਤਖਤ ਕੀਤੇ, ਹਸਪਤਾਲ ਨੇ ਖੂਨ ਮੰਗਿਆਂ ਤਾਂ ਜੰਮੂ ਦੇ ਅਮਨਦੀਪ ਸਿੰਘ ਨੇ ਆਪਣਾ ਖੂੁਨ ਦਿੱਤਾ ।ਰਾਤ 11.40 ਤੇ ਕਰੀਮਾ ਨਾਮ ਦੀ ਇਸ ਔਰਤ ਨੇ ਇੱਕ ਲੜਕੇ ਨੂੰ ਜਨਮ ਦਿੱਤਾ ।ਦੋ ਦਿਨ ਬਾਅਦ ਔਰਤ ਹੋਸ਼ ਵਿੱਚ ਆਈ ਤਾਂ ਆਸਟਰੇਲੀਆ ਸਿੱਖ ਸਪੋਰਟ ਦੇ ਨੋਜੁਆਨਾਂ ਨੂੰ ਮਾਣ ਦਿੱਤਾ ਕਿ ‘ਬੱਚੇ ਕਾ ਨਾਮ ਆਪ ਰਖੋ’।ਯੁਗਰਾਜ ਸਿੰਘ ਨਾਮ ਦਾ ਇਹ ਛੋਟਾ ਲੜਕਾ ਤੇ ਉਸਦੀ ਮਾਤਾ ਕਰੀਮਾ ਦੀ  ਸੰਭਾਲ ਲਈ ਸੰਸਥਾ ਵਲੋਂ ਗੁਰਮਤਿ ਟਰਸੱਟ ਦੇ ਭਾਈ ਸੁਖਬੀਰ ਸਿੰਘ ਅੱਜ ਵੀ ਤਤਪਰ ਹਨ।
ਇਹ ਵੀ ਜਗ ਜਾਹਿਰ ਹੈ ਕਿ ਬਾਰਿਸ਼ ਦੀ ਤਬਾਹੀ ਕਰਾਣ ਮਾਰੇ ਗਏ ਲੋਕਾਂ ਅਤੇ ਪਾਣੀ ਵਿੱਚ ਤੈਰਦੀਆਂ ਮਨੁਖੀ ਅਤੇ ਪਸ਼ੂਆਂ ਦੀਆਂ ਲਾਸ਼ਾਂ ਦਾ ਦਾਹ ਸਸਕਾਰ ਕਰਨ ਵਿੱਚ ਇਨ੍ਹਾਂ ਨੌਜੁਆਨਾ ਦੀ ਅਹਿਮ ਭੂਮਿਕਾ ਹੈ।ਵਿਸ਼ਵ ਭਰ ਦੇ ਲੋਕਾਂ ਦਾ ਦੁਖ ਹਰਨ ਲਈ ਹਮੇਸ਼ਾਂ ਤਤਪਰ ਰਹਿਣ ਵਾਲੀਆਂ ਇਹ ਵਿਦੇਸ਼ੀ ਮੂਲ ਦੀਆਂ ਸਿੱਖ ਸੰਸਥਾਵਾਂ, ਬੀਤੇ ਸਮੇਂ ਦੌਰਾਨ ਵੱਖ ਵੱਖ ਦੇਸ਼ਾਂ ਵਿੱਚ ਆਈਆਂ ਕੁਦਰਤੀ ਆਫਤਾਂ ਦੇ ਪੀੜਤਾਂ ਦੀ ਸਾਰ ਲੈਣ ਵਿੱਚ ਸਫਲ ਰਹੀਆਂ ਹਨ, ਭਾਰਤ ਵਿੱਚ ਉਨ੍ਹਾਂ ਲਈ ਇਹ ਪਹਿਲਾ ਮੌਕਾ ਹੈ ਜਿਥੇ ਕਸ਼ਮੀਰੀ ਲੋਕਾਂ ਦਾ ਸਹਾਰਾ ਬਣਦਿਆਂ ,ਵੱਖ ਵੱਖ ਸਿੱਖ ਸੰਸਥਾਵਾਂ ਵਾਂਗ ਯਤਨਸੀਲ ਹੋਕੇ ਸਿੱਖ ਕੌਮ ਦਾ ਸਿਰ ਫਖਰ ਨਾਲ ਉੱਚਾ ਕਰਨ ਦੇ ਨਾਲ ਨਾਲ ਸਪਸ਼ਟ ਸੰਕੇਤ ਦਿੱਤਾ ਹੈ  ਕਿ ਸਿੱਖ ਅੱਜ ਵੀ ਸਰਬੱਤ ਦੇ ਭਲੇ ਦੇ ਮੁੱਦਈ ਹਨ।

Check Also

ਬੁਜ਼ਦਿਲ

ਬੁਜ਼ਦਿਲ ਪਿੱਠ `ਤੇ ਵਾਰ ਕਰ ਗਏ ਹੱਦਾਂ ਸਭ ਹੀ ਪਾਰ ਕਰ ਗਏ। ਨਾਲ ਲਹੂ ਦੇ …

Leave a Reply