Sunday, September 8, 2024

ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਇਤਿਹਾਸਕ ਧਾਰਮਿਕ ਸਥਾਨ ਰਾਮ ਤੀਰਥ ਵਿਖੇ ਹੋਣ ਵਾਲੇ ਸਲਾਨਾ ਮੇਲੇ ਸਬੰਧੀ ਮੀਟਿੰਗ

ਮੇਲੇ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕਰਨ ਦੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼

PPN15101425

ਅੰਮ੍ਰਿਤਸਰ, 15 ਅਕਤੂਬਰ (ਸੁਖਬੀਰ ਸਿੰਘ) – ਇਤਿਹਾਸਕ ਧਾਰਮਿਕ ਅਸਥਾਨ ਸ੍ਰੀ ਰਾਮ ਤੀਰਥ ਵਿਖੇ 2 ਨਵੰਬਰ ਤੋਂ  13 ਨਵੰਬਰ 2014 ਤੱਕ ਹੋਣ ਵਾਲੇ ਸਾਲਾਨਾ ਧਾਰਮਿਕ ਮੇਲੇ ਸਮੇਂ ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਸੁਵਿਧਾ ਲਈ ਲੋੜੀਂਦੇ ਪ੍ਰਬੰਧ ਕਰਨ ਹਿੱਤ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਭੁਪਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਹੋਈ, ਜਿਸ ਵਿੱਚ ਨਗਰ ਨਿਗਮ, ਜ਼ਿਲ੍ਹਾ ਪੁਲਿਸ ਦਿਹਾਤੀ, ਸਿਹਤ, ਪਾਵਰਕਾਮ, ਪੰਜਾਬ ਰੋਡਵੇਜ਼, ਵਾਟਰ ਸਪਲਾਈ ਵਿਭਾਗ, ਪੀ.ਡਬਲਿਊ. ਡੀ, ਲੋਕ ਨਿਰਮਾਣ, ਮੰਡੀ ਬੋਰਡ, ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਆਦਿ ਦੇ ਅਧਿਕਾਰੀਆਂ ਨੇ  ਹਿੱਸਾ ਲਿਆ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਭੁਪਿੰਦਰ ਸਿੰਘ ਨੇ ਮੀਟਿੰਗ  ਵਿੱਚ ਹਾਜ਼ਰ ਅਧਿਕਾਰੀਆਂ ਨੂੰ ਕਿਹਾ ਕਿ ਸ੍ਰੀ ਰਾਮ ਤੀਰਥ ਵਿਖੇ ਹੋਣ ਵਾਲੇ ਸਾਲਾਨਾ ਇਤਿਹਾਸਕ ਧਾਰਮਿਕ ਮੇਲੇ ਸਮੇਂ ਭਾਰਤ ਤੋਂ ਹੀ ਨਹੀਂ ਸਗੋਂ ਵਿਸ਼ਵ ਭਰ ਤੋਂ ਸ਼ਰਧਾਲੂ ਭਗਵਾਨ ਸ੍ਰੀ ਵਾਲਮੀਕਿ ਜੀ, ਭਗਵਾਨ ਸ੍ਰੀ ਰਾਮ ਚੰਦਰ ਜੀ ਅਤੇ ਸੀਤਾ ਮਾਤਾ ਦੀ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਧਰਤੀ ਤੇ ਮੱਥਾ ਟੇਕਣ ਲਈ ਆਉਂਦੇ ਹਨ। ਇਸ ਲਈ ਸ਼ਰਧਾਲੂਆਂ ਦੀਆਂ ਧਾਰਮਿਕ ਆਸਥਾਵਾਂ ਨੂੰ ਮੁੱਖ ਰੱਖਦਿਆਂ ਜਿਲ੍ਹਾ ਪ੍ਰਸਾਸ਼ਨ ਦਾ ਫਰਜ਼ ਬਣਦਾ ਹੈ ਕਿ ਇਸ ਅਸਥਾਨ ਤੇ ਢੁੱਕਵੇਂ ਪ੍ਰਬੰਧ ਕੀਤੇ ਜਾਣ। ਉਨਾ ਦੱਸਿਆ ਕਿ ਸ੍ਰੀ ਅਰਵਿੰਦ ਪ੍ਰਕਾਸ ਤਹਿਸੀਲਦਾਰ ਅਜਨਾਲਾ ਨੂੰ ਮੇਲੇ ਦੇ ਪੂਰੇ ਪ੍ਰਬੰਧਾਂ ਸਬੰਧੀ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਮੇਲੇ ਦਾ ਸਾਰਾ ਪ੍ਰਬੰਧ ਆਦਿ ਦੇਖਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਮੇਲੇ ਸਮੇਂ ਸਮੁੱਚੀ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਐਸ:ਐਸ:ਪੀ ਅੰਮ੍ਰਿਤਸਰ ਦਿਹਾਤੀ ਵੱਲੋਂ ਲੋੜੀਂਦੇ ਸੁਰੱਖਿਆ ਪ੍ਰਬੰਧ ਕੀਤੇ ਜਾਣ ਤਾਂ ਜੋ ਸਮਾਜ ਵਿਰੋਧੀ ਅਨਸਰਾਂ ‘ਤੇ ਨਜ਼ਰ ਰੱਖੀ ਜਾ ਸਕੇ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਬਰਕਰਾਰ ਰੱਖੀ ਜਾ ਸਕੇ।  ਯਾਤਰੂਆਂ ਦੀ ਆਉਣ ਜਾਣ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਪੰਜਾਬ ਰੋਡਵੇਜ ਵੱਲੋਂ ਬੱਸ ਸਟੈਂਡ ਅੰਮ੍ਰਿਤਸਰ, ਲੋਹਗੜ੍ਹ ਗੇਟ ਤੇ ਰਾਮ ਤੀਰਥ ਤੋਂ ਵਿਸ਼ੇਸ਼ ਬੱਸਾਂ ਚਲਾਈਆਂ ਜਾਣਗੀਆਂ ਅਤੇ ਨਾਲ ਹੀ ਰਿਕਵਰੀ ਵੈਨ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
ਉਨ੍ਹਾਂ ਸ਼ਰਧਾਲੂਆਂ ਲਈ ਪੀਣ ਵਾਲੇ ਸਾਫ ਸੁਥਰੇ ਪਾਣੀ ਦਾ ਪ੍ਰਬੰਧ ਕਰਨ ਲਈ ਜਿਲ੍ਹਾ ਮੰਡੀ ਅਫਸਰ, ਅੰਮ੍ਰਿਤਸਰ ਨੂੰ ਹਦਾਇਤ ਕੀਤੀ ਕਿ ਸ਼ਰਧਾਲੂਆਂ ਦੀ ਪੀਣ ਦੇ ਪਾਣੀ ਦੇ ਢੁੱਕਵੇ ਅਤੇ ਮਿਆਰੀ ਪ੍ਰਬੰਧ ਯਕੀਨੀ ਬਣਾਏ ਜਾਣ। ਪਵਿੱਤਰ ਸ੍ਰੀ ਰਾਮ ਤੀਰਥ ਦੇ ਸਰੋਵਰ ਦੀ ਪ੍ਰਕਰਮਾ ਅਤੇ ਆਲੇ ਦੁਆਲੇ ਵਿੱਚ ਸਫਾਈ ਦਾ ਪ੍ਰਬੰਧ ਕਰਨ ਲਈ ਕਾਰਜਸਾਧਕ ਅਫ਼ਸਰ, ਅਜਨਾਲਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਮੇਲੇ ਦੌਰਾਨ ਰੋਸ਼ਨੀ , ਸ਼ਾਮਿਆਨੇ ਅਤੇ ਪਬਲਿਕ ਐਡਰੈਸ ਸਿਸਟਮ ਆਦਿ ਦਾ ਪ੍ਰਬੰਧ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ। ਉਨ੍ਹਾਂ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਯਾਤਰੂ ਤੇ ਸ਼ਰਧਾਲੂਆਂ ਦੀ ਵਰਤੋਂ ਲਈ ਢੁੱਕਵੀਂ ਗਿਣਤੀ ਵਿੱਚ ਆਰਜ਼ੀ ਪਾਖਾਨਿਆਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਰਾਮਤੀਰਥ ਵਿਖੇ ਬਣੇ ਸਥਾਈ ਪਖਾਨਿਆਂ ਦੀ ਸਾਫ ਸਫ਼ਾਈ ਨਿਯਮਤ ਰੂਪ ਨਾਲ ਯਕੀਨੀ ਬਣਾਈ ਜਾਵੇ। ਉਨ੍ਹਾਂ ਸ੍ਰੀ ਰਾਮਤੀਰਥ  ਨੂੰ ਜਾਂਦੀਆਂ ਸਾਰੀਆਂ ਸੜਕਾਂ ਦੀ ਲੋੜੀਂਦੀ ਮੁਰੰਮਤ ਸਮੇਂ ਸਿਰ ਕਰਵਾਉਣ ਲਈ ਵੀ ਆਦੇਸ਼ ਦਿੱਤੇ। ਮੇਲੇ ਸਮੇਂ ਯਾਤਰੂਆਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਮੈਡੀਕਲ ਕੈਂਪ ਲਗਾਉਣ ਦੇ ਨਾਲ ਨਾਲ ਐਂਬੂਲੈਂਸਾਂ ਅਤੇ ਫਸਟ ਏਡ ਪੋਸਟਾਂ ਦਾ ਪ੍ਰਬੰਧ ਕਰਨ ਲਈ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਗਈ।
ਮੇਲੇ ਦੌਰਾਨ ਲੱਗਣ ਵਾਲੇ ਝੂਲਿਆਂ ਦੀ ਮਜ਼ਬੂਤੀ  ਨੂੰ ਚੈਕ ਕਰਨ ਲਈ ਵੀ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਇਸੇ ਤਰ੍ਹਾਂ ਵੱਡੀ ਤਾਦਾਦ ਵਿੱਚ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਦੇ ਇਛੁੱਕ ਸ਼ਰਧਾਲੂਆਂ ਦੀ ਸੁਰੱਖਿਆ ਲਈ ਕਿਸ਼ਤੀਆਂ, ਮਲਾਹ ਅਤੇ ਗੋਤਾਖੋਰਾਂ ਦਾ ਪ੍ਰਬੰਧ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ।
ਉਪ ਮੰਡਲ ਮੈਜਿਸਟਰੇਟ ਨੇ ਮੇਲੇ ਵਿੱਚ 24 ਘੰਟੇ ਫਾਇਰ ਬ੍ਰਿਗੇਡ ਦੀਆਂ ਅੱਗ ਬਝਾਊ ਗੱਡੀਆਂ ਦਾ ਪ੍ਰਬੰਧ ਕਰਨ ਲਈ ਵੀ ਕਿਹਾ। ਉਨ੍ਹਾਂ ਨੇ ਬਿਜਲੀ ਵਿਭਾਗ ਤੋਂ ਆਏ ਅਧਿਕਾਰੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਅਤੇ ਸ੍ਰੀ ਰਾਮਤੀਰਥ ਦੇ ਨਜਦੀਕ ਪੈਂਦੇ ਟਰਾਂਸਫਾਰਮਰਾਂ ਅਤੇ ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਜੇਕਰ ਲੋੜ ਹੋਵੇ ਤਾਂ ਸਮੇਂ ਸਿਰ ਕਰਨ ਦੇ ਆਦੇਸ਼ ਦਿੱਤੇ।
ਇਸ ਮੋਕੇ ਸ੍ਰੀ ਜਸਬੀਰ ਸਿੰਘ ਵਧੀਕ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ, ਸ੍ਰੀ ਸੁਰਿੰਦਰ ਸਿੰਘ ਐਸ .ਡੀ.ਐਮ ਅਜਨਾਲਾ, ਮੈਡਮ ਰੋਬਨਜੀਤ ਕੋਰ ਨਾਇਬ ਤਹਿਸੀਲਦਾਰ ਰਾਮਦਾਸ, ਵੱਖ ਵੱਖ ਵਿਭਾਗਾਂ ਦੇ ਅਧਿਕਾਰੀ,  ਸ੍ਰੀ ਰਾਮਤੀਰਥ ਤੋਂ ਆਏ  ਵੱਖ ਵੱਖ ਮਹੰਤ ਅਤੇ ਪੁਲਿਸ ਅਧਿਕਾਰੀ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply