Saturday, August 9, 2025
Breaking News

ਯੁਵਾ ਪ੍ਰਵਾਰ ਸੇਵਾ ਸੰਮਤੀ ਵੱਲੋਂ ‘ਡਰੱਗ ਇਰੈਡੀਕੇਸ਼ਨ ਪ੍ਰੋਗਰਾਮ’ ਤਹਿਤ ਵਿਸ਼ਾਲ ਚੇਤਨਾ ਰੈਲੀ

PPN18101421

ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ) – ਯੁਵਾ ਪ੍ਰਵਾਰ ਸੇਵਾ ਸੰਮਤੀ ਵੱਲੋਂ ਨਸ਼ਿਆਂ ਦੇ ਖਿਲਾਫ ਵਿਸ਼ਾਲ ਚੇਤਨਾ ਰੈਲੀ ਆਯੋਜਿਤ ਕੀਤੀ ਗਈ, ਜਿਸ ਵਿੱਚ ਸੈਂਕੜੇ ਨੌਜਵਾਨ ਸ਼ਾਮਿਲ ਹੋਏ।ਕੰਪਨੀ ਬਾਗ ਤੋਂ ਚੇਤਨਾ ਰੈਲੀ ਸ਼ੁਰੂ ਕਰਕੇ ਸਮੂੰਹ ਸ਼ਹਿਰ ਵਿੱਚ ਮਾਰਚ ਕੀਤਾ ਗਿਆ।ਰੈਲੀ ਵਿੱਚ ਸ਼ਾਮਿਲ ਨੌਜਵਾਨਾਂ ਵੱਲੋਂ ਆਪਣੇ ਹੱਥਾਂ ਵਿੱਚ ਨਸ਼ਿਆਂ ਪ੍ਰਤੀ ਜਾਗਰਿਤੀ ਪੈਦਾ ਕਰਦੇ ਬੈਨਰ ਫੜ੍ਹੇ ਹੋਏ ਸਨ ਅਤੇ ਨੌਜਵਾਨਾਂ ਦੇ ਠਾਠਾਂ ਮਾਰਦੇ ਇਕੱਠ ਵੱਲ ਵੇਖ ਕੇ ਜਾਪਦਾ ਸੀ ਕਿ ਨੌਜਵਾਨ ਵਰਗ ਅੰਦਰ ਇੱਕ ਨਵੀਂ ਕ੍ਰਾਂਤੀ ਦਾ ਆਗਾਜ਼ ਹੋ ਰਿਹਾ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਨਸ਼ੇ ਵੇਚਣ ਵਾਲਿਆਂ ਨੂੰ ਪੰਜਾਬ ਤੋਂ ਆਪਣਾਂ ਬੋਰੀਆ ਬਿਸਤਰਾ ਗੋਲ ਕਰਨਾ ਹੋਵੇਗਾ।
ਅੱਜ ਦੀ ਰੈਲੀ ਤੋਂ ਬਾਅਦ ਸ੍ਰੀ ਕੁਲਵਿੰਦਰ ਸਿੰਘ ਢਿੱਲੋਂ ਨੇ ਪ੍ਰੈਸ ਦੇ ਨਾਮ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਜਥੇਬੰਦੀ ਵੱਲੋਂ ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਵਿੱਚ ਨਸ਼ਿਆਂ ਤੋਂ ਪੀੜ੍ਹਤ ਨੌਜਵਾਨਾਂ ਨੂੰ ਮੁਫਤ ਦਵਾਈਆਂ ਅਤੇ ਮੁਫਤ ਜਾਂਚ ਦੀ ਸਹੂਲਤ ਦਿੱਤੀ ਜਾ ਰਹੀ ਹੈ, ਜਿਸ ਦਾ ਫਾਇਦਾ ਉਠਾ ਕੇ ਨਸ਼ਿਆਂ ਦੇ ਕੋਹੜ ਵਿੱਚ ਫਸੇ ਨੌਜਵਾਨ ਬਾਹਰ ਨਿਕਲ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਨੌਜਵਾਨਾਂ ਨੂੰ ਮੁਫਤ ਦਵਾਈ ਅਤੇ ਚੈਕਅੱਪ ਤੋਂ ਇਲਾਵਾ ਛੇ ਮਹੀਨੇ ਬਾਅਦ ਵਿੱਚ ਵੀ ਬਕਾਇਦਾ ਅਜਿਹੀ ਸਹੂਲਤ ਦਿੱਤੀ ਜਾਵੇਗੀ ਤਾਂ ਜੋ ਕੋਈ ਨੌਜਵਾਨ ਆਪਣੀ ਮੁਸ਼ਕਲ ਸ਼ੇਅਰ ਕਰ ਸਕੇ।
ਉਨ੍ਹਾਂ ਦੱਸਿਆ ਕਿ ਅਜਿਹੇ ਨਸ਼ਾ ਛੁਡਾਉ ਕੈਂਪਾਂ ਅਤੇ ਰੈਲੀਆਂ ਲਈ ਪੰਜਾਬ ਭਰ ਵਿੱਚ ਜੰਗੀ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਕੋਈ ਵੀ ਨੌਜਵਾਨ ਇਸਦਾ ਫਾਇਦਾ ਉਠਾਉਣ ਤੋਂ ਵਾਂਝਾ ਨਾ ਰਹਿ ਜਾਵੇ।ਇਸ ਲਈ ਸੰਸਥਾ ਦੇ ਵਾਲੰਟੀਅਰ ਅੰਮ੍ਰਿਤਸਰ ਵਿਖੇ ਘਰ-ਘਰ ਜਾ ਕੇ ਸੰਪਰਕ ਕਰ ਰਹੇ ਹਨ।ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਮਾਨਾਂਵਾਲਾ ਵਿਖੇ ਵੀ ਨਸ਼ਾ ਛੁਡਾਊ ਕੈਂਪ ਅਤੇ ਚੇਤਨਾ ਰੈਲੀ ਕੀਤੀ ਜਾਵੇਗੀ ਤਾਂ ਜੋ ਭਵਿੱਖ ਦੇ ਵਾਰਸਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਬਚਾਇਆ ਜਾ ਸਕੇ, ਕਿਉਂਕਿ ਨੌਜਵਾਨ ਹੀ ਕਿਸੇ ਸਮਾਜ ਦਾ ਅਸਲੀ ਸਰਮਾਇਆ ਹੁੰਦੇ ਹਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply