ਸਿੰਘ ਸਾਹਿਬ ਨੇ ਦਿੱਤਾ ਜਲਦ ਯਤਨ ਕਰਨ ਦਾ ਭਰੋਸਾ

ਅੰਮ੍ਰਿਤਸਰ, 19 ਅਕਤੂਬਰ (ਪੰਜਾਬ ਪੋਸਟ ਬਿਊਰੋ) ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਭਾਈ ਗੁਰਬਖਸ਼ ਸਿੰਘ ਖਾਲਸਾ ਅਤੇ ਆਈ.ਐਸ.ਓ. ਦੇ ਸੀਨੀਅਰ ਆਗੂ ਕੰਵਰਬੀਰ ਸਿੰਘ ਅੰਮ੍ਰਿਤਸਰ ਵੱਲੋਂ ਅੱਜ ਜਥੇ: ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰਕੇ ਭਾਈ ਦਵਿੰਦਰਪਾਲ ਸਿੰਘ ਭੁੱਲਰ, ਭਾਈ ਲਾਲ ਸਿੰਘ, ਭਾਈ ਵਰਿਆਮ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਸਮਸ਼ੇਰ ਸਿੰਘ ਤੋਂ ਇਲਾਵਾ 101 ਹੋਰ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਦੀ ਲਿਸ਼ਟ ਜੋ ਉਨ੍ਹਾਂ ਵੱਲੋਂ ਮੰਗੀ ਗਈ ਸੀ, ਉਸ ਨੂੰ ਸੌਂਪਿਆ।ਇਸ ਮੌਕੇ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਜਥੇਦਾਰ ਨੂੰ ਕਿਹਾ ਕਿ ਉਹ ਸਿੰਘਾਂ ਦੀ ਰਿਹਾਈ ਵਿੱਚ ਤੇਜੀ ਲਿਆਉਣ।ਉਨ੍ਹਾਂ ਕਿਹਾ ਕਿ ਸੰਗਤਾਂ ਉਨ੍ਹਾਂ ਨੂੰ ਸਵਾਲ ਕਰ ਰਹੀਆਂ ਹਨ ਅਤੇ ਜਿਸ ਭਰੋਸੇ ਨਾਲ ਉਨ੍ਹਾਂ ਦੀ ਭੁੱਖ ਹੜਤਾਲ ਨੂੰ ਖਤਮ ਕਰਵਾਇਆ ਗਿਆ ਹੈ ਉਸ ਨੂੰ ਪੂਰਾ ਕੀਤਾ ਜਾਵੇ। ਭਾਈ ਖਾਲਸਾ ਨੇ ਕਿਹਾ ਕਿ ਰਿਹਾਈ ਸਬੰਧੀ ਉਨ੍ਹਾਂ ਵੱਲੋਂ ਪੰਜਾਬ ਦੇ ਗਵਰਨਰ ਸ਼ਿਵਰਾਜ ਪਾਟਿਲ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨਾਲ ਮਿਲ ਕੇ ਉਨ੍ਹਾਂ ਨੂੰ ਵੀ ਕਾਰਵਾਈ ਹਿੱਤ ਲਿਖਤੀ ਅਪੀਲ ਕੀਤੀ ਗਈ ਹੈ।
ਭਾਈ ਗੁਰਬਖਸ਼ ਸਿੰਘ ਖਾਲਸਾ ਤੇ ਕੰਵਰਬੀਰ ਸਿੰਘ (ਅੰਮ੍ਰਿਤਸਰ) ਨੇ ਸਾਂਝੇ ਤੌਰ ਤੇ ਜਥੇਦਾਰ ਨਾਲ ਖੁੱਲਾ ਵਿਚਾਰ ਵਟਾਂਦਰਾ ਕਰਦਿਆਂ ਅਪੀਲ ਕੀਤੀ ਕਿ ਉਹ ਬੰਦੀ ਸਿੰਘਾਂ ਦੀ ਸੌਂਪੀ ਗਈ ਲਿਸ਼ਟ ਮੁਤਾਬਿਕ ਸਿੰਘਾਂ ਦੀ ਰਿਹਾਈ ਲਈ ਪਹਿਲ ਕਦਮੀ ਕੀਤੀ ਜਾਵੇ।ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕੋਸ਼ਿਸ਼ ਜਾਰੀ ਹੈ ਅਤੇ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਹਰ ਸੰਭਵ ਯਤਨ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਜੋ ਲਿਸ਼ਟ ਅੱਜ ਉਨ੍ਹਾਂ ਨੂੰ ਸੌਂਪੀ ਹੈ ਇਸ ਸਬੰਧੀ ਪੰਜਾਬ ਸਰਕਾਰ ਨਾਲ ਜਲਦ ਰਾਬਤਾ ਕਾਇਮ ਕਰਕੇ ਕਾਰਵਾਈ ਹਿੱਤ ਉਨ੍ਹਾਂ ਨੂੰ ਕਹਿਣਗੇ।ਅਖੀਰ ਵਿੱਚ ਭਾਈ ਖਾਲਸਾ ਨੇ ਫੈਡਰੇਸ਼ਨ ਵੱਲੋਂ 1 ਨਵਬੰਰ ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਦੀ ਪੂਰੀ ਹਮਾਇਤ ਕਰਦਿਆਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਬੰਦ ਦਾ ਸਮਰਥਨ ਕਰਨ। ਇਸ ਮੌਕੇ ਆਈ.ਐਸ.ਓ. ਆਗੂ ਗੁਰਮਨਜੀਤ ਸਿੰਘ (ਅੰਮ੍ਰਿਤਸਰ), ਕੁਲਜੀਤ ਸਿੰਘ, ਗੁਰਪਿਆਰ ਸਿੰਘ, ਗੁਰਪ੍ਰੀਤ ਸਿੰਘ ਗੁਰੀ, ਜਸਮੀਤ ਸਿੰਘ, ਜਸਵਿੰਦਰ ਸਿੰਘ (ਬੇਟਾ ਭਾਈ ਵਰਿਆਮ ਸਿੰਘ), ਲਹਿੰਬਰ ਸਿੰਘ, ਬਿਕਰਮ ਸਿੰਘ, ਗੁਰਿੰਦਰ ਸਿੰਘ, ਮਨਬੀਰ ਸਿੰਘ, ਗੁਰਚਰਨ ਸਿੰਘ, ਕੰਵਰਦਲੀਪ ਸਿੰਘ, ਸਤਿੰਦਰ ਸਿੰਘ ਆਦਿ ਹਾਜ਼ਰ ਸਨ।