ਹਲਕਾ ਪੂਰਬੀ ਤੇ ਉਤਰੀ ਜੋਨ ਦੇ ਐਮ.ਟੀ.ਪੀ ਅਤੇ ਬਿਲਡਿੰਗ ਅਧਿਕਾਰੀਆਂ ਨਾਲ ਬੈਠਕ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਬਣ ਰਹੇ ਗ਼ੈਰਕਾਨੂੰਨੀ ਨਿਰਮਾਣਾਂ ‘ਤੇ ਨਗਰ ਨਿਗਮ ਦੀ ਤਿੱਖੀ ਨਜ਼ਰ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ।ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਨਿਗਮ ਕਮਿਸ਼ਨਰ ਕੋਮਲ ਮਿੱਤਲ ਨੇ ਹਲਕਾ ਪੂਰਬੀ ਅਤੇ ਉਤਰੀ ‘ਚ ਬਣੀਆਂ ਗ਼ੈਰਕਾਨੂੰਨੀ ਇਮਾਰਤਾਂ ਦੀ ਲਿਸਟ ਐਮ.ਟੀ.ਪੀ ਵਿਭਾਗ ਵਲੋਂ ਮੰਗ ਲਈ ਗਈ ਹੈ।
ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਨਿਗਮ ਕਮਿਸ਼ਨਰ ਕੋਮਲ ਮਿੱਤਲ ਦੀ ਪ੍ਰਧਾਨਗੀ ‘ਚ ਅੱਜ ਹੋਈ ਐਮ.ਟੀ.ਪੀ ਵਿਭਾਗ ਦੀ ਮੀਟਿੰਗ ਵਿੱਚ ਹਲਕਾ ਪੂਰਬੀ ਅਤੇ ਉਤਰੀ ਦੇ ਐਮ.ਟੀ.ਪੀ ਵਿਭਾਗ ਦੇ ਬਿਲਡਿੰਗ ਇੰਸਪੈਕਟਰਾਂ ਨੇ ਹਿੱਸਾ ਲਿਆ।
ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਜੋ ਲੋਕ ਬਿਲਡਿੰਗ ਨਿਯਮਾਂ ਨੂੰ ਅਣਡਿੱਠਾ ਕਰਕੇ ਗ਼ੈਰਕਾਨੂੰਨੀ ਉਸਾਰੀ ਕਰ ਰਹੇ ਹਨ।ਉਹ ਇਹ ਸਮਝ ਲੈਣ ਕਿ ਨਗਰ ਨਿਗਮ ਕਿਸੇ ਵੀ ਕੀਮਤ ‘ਤੇ ਇਹ ਬਰਦਾਸ਼ਤ ਨਹੀਂ ਕਰੇਗਾ।ਉਨ੍ਹਾਂ ਨੇ ਇਹ ਸਪੱਸ਼ਟ ਕੀਤਾ ਕਿ ਜੋ ਲੋਕ ਗ਼ੈਰਕਾਨੂੰਨੀ ਉਸਾਰੀ ਕਰਵਾਉਣਾ ਸੋਚ ਰਹੇ ਹਨ, ਉਹ ਅਜਿਹਾ ਨਾ ਕਰਕੇ ਨਗਰ ਨਿਗਮ ਵਲੋਂ ਆਪਣਾ ਨਕਸ਼ਾ ਪਾਸ ਕਰਵਾ ਕੇ ਨਿਯਮਿਤ ਰੂਪ ‘ਚ ਆਪਣੀ ਬਿਲਡਿੰਗ ਦੀ ਉਸਾਰੀ ਕਰਵਾਉਣ।ਜਿਸ ਨਾਲ ਉਨ੍ਹਾਂ ਦੀ ਬਿਲਡਿੰਗ ਨੂੰ ਕਿਸੇ ਵੀ ਕਾਨੂੰਨੀ ਪ੍ਰਕਿਰਿਆ ‘ਚੋਂ ਨਿਕਲਣਾ ਨਹੀਂ ਪਵੇਗਾ ਅਤੇ ਦੂਜਾ ਨਗਰ ਨਿਗਮ ਨੂੰ ਨਕਸ਼ਾ ਪਾਸ ਕਰਵਾਉਣ ਲਈ ਰੱਖੀ ਗਈ ਫੀਸ ਪ੍ਰਾਪਤ ਹੋਣ ਨਾਲ ਨਿਗਮ ਦੀ ਆਮਦਨੀ ਵਧੇਗੀ।
ਉਨ੍ਹਾਂ ਨੇ ਹਾਜ਼ਰ ਅਧਿਕਾਰੀਆਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਆਪਣਾ ਨਕਸ਼ਾ ਪਾਸ ਕਰਵਾ ਕੇ ਇਮਾਰਤ ਬਣਾਉਣ ਲਈ ਪ੍ਰੇਰਿਤ ਕਰਨ।ਉਨਾਂ ਨੇ ਵਿਭਾਗ ਵਲੋਂ ਗ਼ੈਰਕਾਨੂੰਨੀ ਨਿਰਮਾਣਾਂ ‘ਤੇ ਨੁਕੇਲ ਪਾਉਣ ਲਈ ਕੀਤੇ ਗਏ ਕੰਮਾਂ ਦੀ ਪ੍ਰਸ਼ੰਸਾ ਕੀਤੀ।ਇਸ ਦੇ ਨਾਲ ਹੀ ਇਹ ਚੇਤਾਵਨੀ ਵੀ ਦਿੱਤੀ ਕਿ ਕਰਮਚਾਰੀ ਦਾ ਨਾਮ ਗ਼ੈਰਕਾਨੂੰਨੀ ਉਸਾਰੀ ‘ਚ ਨਹੀਂ ਆਉਣਾ ਚਾਹੀਦਾ ਹੈ।ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਮੇਅਰ ਰਿੰਟੂ ਨੇ ਕਿਹਾ ਕਿ ਨਗਰ ਨਿਗਮ ਗ਼ੈਰਕਾਨੂੰਨੀ ਨਿਰਮਾਣਾਂ ਨੂੰ ਹਟਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗਾ।
ਇਸ ਮੌਕੇ ਐਡੀਸ਼ਨਲ ਕਮਿਸ਼ਨਰ ਸੰਦੀਪ ਰਿਸ਼ੀ, ਐਮ.ਟੀ.ਪੀ ਨਰੇਂਦਰ ਸ਼ਰਮਾ, ਐਮ.ਟੀ.ਪੀ ਪਰਮਿੰਦਰ ਸਿੰਘ, ਹਰਕਿਰਣ ਕੌਰ, ਬਿਲਡਿੰਗ ਇੰਸਪੈਕਟਰ ਪਰਮਜੀਤ, ਅੰਗਦ ਸਿੰਘ, ਰਜਤ ਖੰਨਾ, ਰਣਦੀਪ ਕੌਰ ਆਦਿ ਮੌਜੂਦ ਸਨ।