ਮੁੱਖ ਮੰਤਰੀ ਵਲੋਂ ਆਨਲਾਇਨ ਤਰੀਕੇ ਵਿਕਾਸ ਕੰਮਾਂ ਦੀ ਸ਼ੁਰੂਆਤ
ਕਪੂਰਥਲਾ, 25 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ `ਪੰਜਾਬ ਸ਼ਹਿਰੀ ਵਾਤਾਵਰਣ ਸੁਧਾਰ` ਤਹਿਤ ਸ਼ਹਿਰੀ ਖੇਤਰਾਂ ਅੰਦਰ ਸੀਵਰੇਜ਼, ਐਲ.ਈ.ਡੀ ਲਾਇਟਾਂ, ਪੀਣ ਵਾਲੇ ਪਾਣੀ ਤੇ ਸੋਲਿਡ ਵੇਸਟ ਮੈਨੇਜ਼ਮੈਂਟ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਅੱਜ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ।
ਇਸ ਸਬੰਧੀ ਜਿਲੇ ‘ਚ 33 ਕਰੋੜ ਰੁਪੈ ਦੇ ਵਿਕਾਸ ਕੰਮਾਂ ਦੀ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਨਲਾਇਨ ਤਰੀਕੇ ਰਾਹੀਂ ਸ਼ੁਰੂਆਤ ਕੀਤੀ ਗਈ।ਸਥਾਨਕ ਜਿਲਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ `ਵਰਚੁਅਲ ਉਦਘਾਟਨ` ਵਿਚ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ, ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਤਰਫੋਂ ਵਿਸ਼ਾਲ ਸੋਨੀ ਤੇ ਜਿਲਾ ਯੂਥ ਕਾਂਗਰਸ ਦੇ ਪ੍ਰਧਾਨ ਸੌਰਵ ਖੁੱਲਰ ਤੇ ਹੋਰ ਵਿਅਕਤੀਆਂ ਨੇ ਸ਼ਿਰਕਤ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਵਲੋਂ ਜਿਲੇ ਅੰਦਰ 33 ਕਰੋੜ ਰੁਪੈ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਿਚੋਂ 12-12 ਕਰੋੜ ਰੁਪੈ ਦੇ ਵਿਕਾਸ ਪ੍ਰਾਜੈਕਟ ਕਪੂਰਥਲਾ ਤੇ ਫਗਵਾੜਾ ਨਗਰ ਨਿਗਮਾਂ ਵਿਚ ਜਦਕਿ ਸੁਲਤਾਨਪੁਰ ਲੋਧੀ ਨਗਰ ਕੌਂਸਲ ਅੰਦਰ 5 ਕਰੋੜ ਰੁਪੈ ਦੇ ਵਿਕਾਸ ਕੰਮ ਆਰੰਭ ਕੀਤੇ ਗਏ ਹਨ।
ਉਨਾਂ ਦੱਸਿਆ ਕਿ ਨਗਰ ਨਿਗਮਾਂ ਤੋਂ ਇਲਾਵਾ ਭੁਲੱਥ, ਢਿਲਵਾਂ, ਨਡਾਲਾ ਤੇ ਬੇਗੋਵਾਲ ਨਗਰ ਪੰਚਾਇਤਾਂ ਦੇ ਅਧਿਕਾਰ ਖੇਤਰ ਅੰਦਰ ਵੀ ਇੱਕ-ਇੱਕ ਕਰੋੜ ਰੁਪੈ ਦੇ ਵਿਕਾਸ ਕੰਮਾਂ ਦਾ ਆਰੰਭ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ `ਪੰਜਾਬ ਸ਼ਹਿਰੀ ਵਾਤਾਵਰਣ ਸੁਧਾਰ` ਪ੍ਰੋਗਰਾਮ ਦੇ ਦੂਜੇ ਪੜਾਅ ਤਹਿਤ 100 ਫੀਸਦੀ ਅਬਾਦੀ ਨੂੰ ਪੀਣ ਵਾਲਾ ਪਾਣੀ, ਸੀਵਰੇਜ਼ ਤੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਦੀ ਸਹੂਲਤ ਦੇਣਾ ਲਾਜ਼ਮੀ ਕੀਤਾ ਗਿਆ ਹੈ।ਉਨਾਂ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਵਿਕਾਸ ਕੰਮਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਖੁਦ ਨਿਗਰਾਨ ਦੀ ਭੂਮਿਕਾ ਨਿਭਾਉਣ ਤਾਂ ਜੋ ਗੁਣਵਤਾ ਬਰਕਰਾਰ ਰੱਖਣ ਦੇ ਨਾਲ-ਨਾਲ ਕੰਮ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕੀਤੇ ਜਾ ਸਕਣ।
ਇਸ ਮੌਕੇ ਸੁਪਰਡੈਂਟ ਸਾਹਿਲ ਉਬਰਾਏ, ਨਗਰ ਨਿਗਮ ਦੇ ਕਾਰਜਸਾਧਕ ਅਫਸਰ ਆਦਰਸ਼ ਕੁਮਾਰ ਆਦਿ ਹਾਜ਼ਰ ਸਨ।