Thursday, March 19, 2026

ਖਾਲਸਾ ਸੰਸਥਾਵਾਂ ਨੇ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ‘ਤੇ ਸਜਾਇਆ ਨਗਰ ਕੀਰਤਨ

ਖ਼ਾਲਸਾ ਕਾਲਜ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਸੰਗਤਾਂ ਨੇ ਗੁਰੂ ਜਸ ਕੀਤਾ ਗਾਇਨ

ਅੰਮ੍ਰਿਤਸਰ, 29 ਨਵੰਬਰ (ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਆਉਂਦੀਆਂ ਸਮੂਹ ਵਿੱਦਿਅਕ ਸੰਸਥਾਵਾਂ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਗੁਰਪੁਰਬ ਦੇ ਸਬੰਧ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਅੱਜ ਨਗਰ ਕੀਰਤਨ ਸਜਾਇਆ ਗਿਆ।ਨਗਰ ਕੀਰਤਨ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪਲਾਜ਼ਾ ’ਤੇ ਪੁੱਜਣ ਮੌਕੇ ਸ਼੍ਰੋਮਣੀ ਕਮੇਟੀ ਤੋਂ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਸਵਾਗਤ ਕਰਦਿਆਂ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਤੇ ਹੋਰ ਅਹੁਦੇਦਾਰਾਂ ਨੂੰ ਸਿਰੋਪਾਓ ਭੇਟ ਕੀਤਾ ਗਿਆ।ਹਰ ਸਾਲ ਕਰੀਬ 30,000 ਸਟਾਫ਼ ਤੇ ਵਿਦਿਆਰਥੀਆਂ ਵਲੋਂ ਇਸ ਨਗਰ ਕੀਰਤਨ ’ਚ ਹਾਜ਼ਰੀ ਲਗਵਾਈ ਜਾਂਦੀ ਸੀ, ਪਰ ਕੋਵਿਡ-19 ਮਹਾਮਾਰੀ ਦੇ ਕਾਰਨ ਇਸ ਸਾਲ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਸ਼ਮੂਲੀਅਤ ਘੱਟ ਰਹੀ।
              ਕੇ.ਸੀ.ਜੀ.ਸੀ ਦੀ ਸਦੀ ਪੁਰਾਣੀ ਪ੍ਰਥਾ ਅਨੁਸਾਰ ਇਸ ਸਾਲ ਗੁਰਪੁਰਬ ਮਨਾਉਣ ਲਈ ਅਧਿਆਪਨ, ਗੈਰਅਧਿਆਪਨ ਅਤੇ ਚੋਣਵੇਂ ਸੀਨੀਅਰ ਕਲਾਸਾਂ ਦੇ ਵਿਦਿਆਰਥੀਆਂ ਨੇ ਨਗਰ ਕੀਰਤਨ ’ਚ ਹਿੱਸਾ ਲਿਆ।ਇਹ ਨਗਰ ਕੀਰਤਨ ਇਤਿਹਾਸਕ ਖਾਲਸਾ ਕਾਲਜ ਤੋਂ ਆਰੰਭ ਹੋ ਕੇ ਪੁਤਲੀਘਰ ਚੌਂਕ, ਰੇਲਵੇ ਸਟੇਸ਼ਨ, ਭੰਡਾਰੀ ਪੁੱਲ ਅਤੇ ਹਾਲ ਗੇਟ ਤੋਂ ਹੁੰਦਾ ਹੋਇਆ ਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜਾ।ਜਿੱਥੇ ਸਮੂਹ ਸੰਗਤਾਂ ਨੇ ਅਰਦਾਸ ’ਚ ਸ਼ਾਮਿਲ ਹੋ ਕੇ ਕੋਰੋਨਾ ਮਹਾਮਾਰੀ ਦੇ ਇਸ ਯੁੱਗ ’ਚ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ।ਨਗਰ ਕੀਰਤਨ ਮੌਕੇ ਜਿੱਥੇ ਸਮਾਜਿਕ ਦੂਰੀਆਂ ਦਾ ਕੌਂਸਲ ਵਲੋਂ ਧਿਆਨ ਰੱਖਿਆ ਗਿਆ, ਉਥੇ ਪ੍ਰਸ਼ਾਸ਼ਨਿਕ ਹਦਾਇਤਾਂ ਮੁਤਾਬਕ ਜਿਨ੍ਹਾਂ ਨੇ ਮੂੰਹ ਨਹੀਂ ਢੱਕਿਆ ਉਨ੍ਹਾਂ ਨੂੰ ਮਾਸਕ ਵੰਡੇ ਅਤੇ ਸੈਨੇਟਾਈਜ਼ਰ ਦਾ ਪ੍ਰਬੰਧ ਵੀ ਕੀਤਾ ਗਿਆ।
                  ਗੁਰਪੁਰਬ ਮੌਕੇ ਦੇਸ਼-ਵਿਦੇਸ਼ ’ਚ ਵੱਸਦੀਆਂ ਸਮੂਹ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਹਾਲਾਂਕਿ ਇਹ ਸਾਲਾਨਾ ਨਗਰ ਕੀਰਤਨ ਸੀ।ਪਰ ਇਸ ਦੀ ਵਿਸ਼ੇਸ਼ਤਾ ਇਹ ਸੀ ਕਿ ਇਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੂਰੀ ਲੋਕਾਈ ਨੂੰ ਸਮਾਜਿਕ ਕੁਰੀਤੀਆ ’ਚੋਂ ਕੱਢਦਿਆਂ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਉਪਦੇਸ਼ ਦਿੱਤਾ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਭਨਾਂ ਦੇ ਸਾਂਝੇ ਗੁਰੂ ਹਨ, ਜਿਨ੍ਹਾਂ ਕਲਯੁੱਗ ’ਚ ਅਵਤਾਰ ਧਾਰ ਕੇ ਲੋਕਾਂ ਨੂੰ ਸੱਚ ਦੇ ਮਾਰਗ ’ਤੇ ਚੱਲਣ ਤੋਂ ਇਲਾਵਾ ਸੱਚੇ ਪ੍ਰਮੇਸ਼ਵਰ ਦਾ ਨਾਮ ਸਿਮਰਨ ਲਈ ਪ੍ਰੇਰਿਤ ਕੀਤਾ।ਸ:ਸ: ਛੀਨਾ ਨੇ ਵੱਖ-ਵੱਖ ਸੰਸਥਾਵਾਂ ਵੱਲੋਂ ਨਗਰ ਕੀਰਤਨ ਦੇ ਸਵਾਗਤ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
                ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਅਤੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਸੁਰੱਖਿਆ ਸਬੰਧੀ ਪੁਲਿਸ ਦੇ ਕੀਤੇ ਗਏ ਕਰੜੇ ਪ੍ਰਬੰਧਾਂ ਹੇਠ ਕਾਲਜ ਵਲੋਂ ਆਰੰਭ ਹੋਏ ਨਗਰ ਕੀਰਤਨ ਦਾ ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਅਤੇ ਦੀਵਾਨ ਦੇ ਹੋਰ ਅਹੁਦੇਦਾਰ ਸਵਿੰਦਰ ਸਿੰਘ ਕੱਥੂਨੰਗਲ, ਪ੍ਰਦੀਪ ਸਿੰਘ ਵਾਲੀਆ, ਪਿ੍ਰੰਸੀਪਲ ਧਰਮਵੀਰ ਸਿੰਘ, ਹਰਮਿੰਦਰ ਸਿੰਘ ਫਰੀਡਮ, ਰਜਿੰਦਰ ਸਿੰਘ ਮਰਵਾਹ ਅਤੇ ਅਮਨਦੀਪ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਜੀ. ਟੀ ਰੋਡ ਵਿਖੇ ਨਗਰ ਕੀਰਤਨ ਦਾ ਖਾਸ ਸਵਾਗਤ ਕਰਦਿਆਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ।
                        ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਨਗਰ ਕੀਰਤਨ ’ਚ ਸਾਫ਼-ਸਫ਼ਾਈ ਦੀ ਵਿਵਸਥਾ ਨੂੰ ਦਰੁਸਤ ਰੱਖਣ ਸਬੰਧੀ ਜਿੱਥੇ ਖਾਸ ਧਿਆਨ ਰੱਖਿਆ ਗਿਆ ਉਥੇ ਕੋਰੋਨਾ ਮਹਾਮਾਰੀ ਸਬੰਧੀ ਨਿਯਮਾਂ ਦਾ ਪੂਰਨ ਤੌਰ ’ਤੇ ਖਿਆਲ ਰੱਖਿਆ ਸੀ।
                         ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਅਜਮੇਰ ਸਿੰਘ ਹੇਰ, ਸਰਦੂਲ ਸਿੰਘ ਮੰਨਨ, ਰਾਜਬੀਰ ਸਿੰਘ, ਮੈਂਬਰ ਲਖਵਿੰਦਰ ਸਿੰਘ ਢਿੱਲੋਂ, ਸੁਖਦੇਵ ਸਿੰਘ ਅਬਦਾਲ, ਗੁਰਪ੍ਰੀਤ ਸਿੰਘ ਗਿੱਲ, ਪ੍ਰਿੰ: ਡਾ. ਆਰ.ਕੇ ਧਵਨ, ਪ੍ਰਿੰ: ਡਾ. ਮੰਜ਼ੂ ਬਾਲਾ, ਪ੍ਰਿੰ: ਡਾ. ਸੁਰਿੰਦਰਪਾਲ ਕੌਰ ਢਿੱਲੋਂ, ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਪ੍ਰਿੰ: ਡਾ. ਕਮਲਜੀਤ ਕੌਰ, ਪ੍ਰਿੰ: ਡਾ. ਐਚ.ਬੀ ਸਿੰਘ, ਪ੍ਰਿੰ: (ਡਾ.) ਜਸਪਾਲ ਸਿੰਘ, ਪ੍ਰਿੰ: ਡਾ. ਮਨਪ੍ਰੀਤ ਕੌਰ, ਪ੍ਰਿੰ: (ਡਾ.) ਇੰਦਰਜੀਤ ਸਿੰਘ ਗੋਗੋਆਣੀ, ਪ੍ਰਿੰ: ਨਾਨਕ ਸਿੰਘ, ਪ੍ਰਿੰ: ਕਵਲਜੀਤ ਸਿੰਘ, ਪ੍ਰਿੰ: ਏ. ਐਸ ਗਿੱਲ, ਪ੍ਰਿੰ:ਪੁਨੀਤ ਕੌਰ ਨਾਗਪਾਲ, ਪ੍ਰਿੰ: ਨਿਰਮਲ ਕੌਰ, ਪ੍ਰਿੰ: ਗੁਰਿੰਦਰਜੀਤ ਕੌਰ, ਅੰਡਰ ਸੈਕਟਰੀ ਡੀ.ਐਸ ਰਟੌਲ, ਸਾਬਕਾ ਅਰਦਾਸੀਏ ਸੁਰਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਰਣਧੀਰ ਸਿੰਘ ਇੰਨਫ਼ਾਰਮੇਸ਼ਨ ਆਫ਼ਿਸਰ, ਨਿਸ਼ਾਨ ਸਿੰਘ ਮੀਤ ਮੈਨੇਜ਼ਰ ਸ੍ਰੀ ਦਰਬਾਰ ਸਾਹਿਬ ਆਦਿ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …