ਨਵੇਂ ਸਾਲ ਦੇ ਸੂਰਜ ਜੀ,
ਲੈ ਕੇ ਆਇਓ ਖ਼ੁਸ਼ੀਆਂ ਖੇੜੇ।
ਸਾਂਝਾਂ ਪਿਆਰ ਮੁਹੱਬਤ ਦੀਆਂ,
ਇੱਥੇ ਮੁੱਕਣ ਝਗੜੇ ਝੇੜੇ।
ਨਾ ਕਿਸੇ ਦਾ ਸੁਹਾਗ ਉਜੜੇ,
ਉੱਠੇ ਨਾ ਬੱਚਿਆਂ ਦੇ ਸਿਰ ਤੋਂ ਸਾਇਆ।
ਭੈਣਾਂ ਤੋਂ ਭਾਈ ਵਿਛੜਣ ਨਾ,
ਨਾ ਵਿਛੜੇ ਕਿਸੇ ਮਾਂ ਦਾ ਜਾਇਆ।
ਸਭ ਦੇ ਸਿਰ `ਤੇ ਹੱਥ ਧਰਿਓ,
ਵੰਡਿਓ ਚਾਨਣ ਚਾਰ ਚੁਫੇਰੇ।
ਨਵੇਂ ਸਾਲ ਦੇ ਸੂਰਜ ਜੀ,
ਲੈ ਕੇ ਆਇਓ ਖ਼ੁਸ਼ੀਆਂ ਖੇੜੇ।
ਕੋਰੋਨਾ ਵਰਗੀ ਮਹਾਂਮਾਰੀ,
ਫਿਰ ਕਦੇ ਨਾ ਆਵੇ ਰੱਬ ਜੀ।
ਕੋਈ ਭੁੱਖ ਨਾਲ ਵਿਲ਼ਕੇ ਨਾ,
ਚੁੱਲ੍ਹਾ ਤਪਦਾ ਰਹੇ ਘਰ ਸਭ ਜੀ।
ਕਦੇ ਘਰਾਂ ਚ ਤਾੜੀਂ ਨਾ,
ਲੱਗਦੇ ਰਹਿਣ ਸੱਜੇ-ਖੱਬੇ ਗੇੜੇ।
ਨਵੇਂ ਸਾਲ ਦੇ ਸੂਰਜ ਜੀ,
ਲੈ ਕੇ ਆਇਓ ਖ਼ੁਸ਼ੀਆਂ ਖੇੜੇ।
ਰੁਜ਼ਗਾਰ ਮਿਲੇ ਸਭ ਨੂੰ,
ਕਰ ਦਿਓ ਦੂਰ ਬੇਰੁਜ਼ਗਾਰੀ।
ਪੜ੍ਹੀ ਵਿੱਦਿਆ ਕੰਮ ਆਵੇ,
ਨਾ ਹੋਵੇ ਖੱਜ਼ਲ ਖੁਆਰੀ।
ਸੁਖਬੀਰ ਕਰੇ ਦੁਆਵਾਂ ਜੀ,
ਰਿਸ਼ਤੇ ਕਦੇ ਨਾ ਜਾਣ ਤਰੇੜੇ।
ਨਵੇਂ ਸਾਲ ਦੇ ਸੂਰਜ ਜੀ,
ਲੈ ਕੇ ਆਇਓ ਖ਼ੁਸ਼ੀਆਂ ਖੇੜੇ।
ਸਾਂਝਾਂ ਪਿਆਰ ਮੁਹੱਬਤ ਦੀਆਂ,
ਇਥੇ ਮੁੱਕਣ ਝਗੜੇ ਝੇੜੇ। 02012021
ਸੁਖਬੀਰ ਸਿੰਘ ਖੁਰਮਣੀਆਂ
ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ
ਅੰਮ੍ਰਿਤਸਰ।