ਨਵੀਂ ਦਿੱਲੀ, 31 ਅਕਤੂਬਰ (ਅੰਮ੍ਰਿਤ ਲਾਲ ਮੰਨਣ) -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਮੂ-ਕਸ਼ਮੀਰ ਵਿੱਚ ਆਏ ਹੜ੍ਹ ਦੌਰਾਨ ਪ੍ਰਭਾਵਿਤ ਹੋਏ ਲੋਕਾਂ ਤੱਕ ਕਮੇਟੀ ਵੱਲੋਂ ਭੇਜੀ ਗਈ ਮਾਲੀ ਸਹਾਇਤਾ, ਰਸਦ ਅਤੇ ਹੋਰ ਸਹਾਇਤਾ ਬਾਰੇ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਕੀਤੀ ਜਾ ਹਰੀ ਬਿਆਨਬਾਜ਼ੀ ਨੂੰ ਤਥਿਆਂ ਤੋਂ ਪਰ੍ਹੇ ਅਤੇ ਨਿਰਾਸ਼ਾ ਵਿੱਚ ਕੀਤੀ ਜਾ ਰਹੀ ਮਾੜੀ ਸਿਆਸਤ ਦੱਸਿਆ ਹੈ। ਕਮੇਟੀ ਦੇ ਮੀਤ ਪ੍ਰਧਾਨ ਤਨਵੰਤ ਸਿੰਘ ਨੇ ਕਮੇਟੀ ਵੱਲੋਂ ਕਸ਼ਮੀਰ ਵਿੱਚ ਕਰੋੜਾਂ ਰੁਪਏ ਦੀ ਰਾਹਤ ਸਾਮਗ੍ਰੀ ਭੇਜਣ ਦਾ ਦਾਅਵਾ ਕਰਦੇ ਹੋਏ ਸਰਨਾ ਭਰਾਵਾਂ ਨੂੰ ਝੁਠ ਅਤੇ ਕੁਫਰ ਦੀ ਰਾਜਨੀਤੀ ਤੋਂ ਗੁਰੇਜ ਕਰਨ ਦੀ ਵੀ ਬੇਨਤੀ ਕੀਤੀ ਹੈ।
ਕਸ਼ਮੀਰ ਵਿੱਚ ਹੜ੍ਹ ਕਾਰਣ ਪ੍ਰਭਾਵਿਤ ਹੋਏ 124 ਸਿੱਖ ਪਰਿਵਾਰਾਂ ਨੂੰ ਪ੍ਰਤਿ ਪਰਿਵਾਰ 25,000 ਦੀ ਸਹਾਇਤਾ ਰਾਸ਼ੀ, ਪ੍ਰਭਾਵਿਤ 10 ਗੁਰਦੁਆਰਿਆਂ ਨੂੰ 1 ਲੱਖ ਰੁਪਏ ਪ੍ਰਤਿ ਗੁਰਦੁਆਰਾ ਅਤੇ ਮਾਰੇ ਗਏ ਪੰਜ ਸਿੱਖਾਂ ਨੂੰ 50,000 ਪ੍ਰਤਿ ਵਿਅਕਤੀ ਸਹਾਇਤਾ ਰਾਸ਼ੀ ਦਿੱਲੀ ਕਮੇਟੀ ਵੱਲੋਂ ਚੈਕਾਂ ਰਾਹੀਂ ਘਰੋ-ਘਰੀ ਜਾ ਕੇ ਵੰਢਣ ਦੀ ਜਾਣਕਾਰੀ ਦਿੰਦੇ ਹੋਏ ਤਨਵੰਤ ਸਿੰਘ ਨੇ ਕਿਹਾ ਕਿ ਅਸੀ ਕਮੇਟੀ ਵੱਲੋਂ ਜਿੱਥੇ ਸਿੱਖ ਪਰਿਵਾਰਾਂ ਦੀ ਮਾਲੀ ਮਦਦ ਕੀਤੀ ਹੈ ਉਥੇ ਹੀ ਗੈਰ ਸਿੰਖਾਂ ਨੂੰ ਵੀ ਰਾਸ਼ਨ, ਦਵਾਈਆਂ ਅਤੇ ਜ਼ਰੂਰਤ ਦਾ ਸਮਾਨ ਮੁਹਇਆ ਕਰਵਾਇਆ ਹੈ। 43.5 ਲੱਖ ਦੀ ਰਾਸ਼ੀ ਦੇ ਚੈਕ ਹੜ੍ਹ ਪ੍ਰਭਾਵਿਤਾਂ ਨੂੰ ਸ਼੍ਰੋਮਣੀ ਕਮੇਟੀ ਤੋਂ ਵੀ ਪਹਿਲੇ ਦੇਣ ਦੀ ਗੱਲ ਕਰਦੇ ਹੋਏ ਤਨਵੰਤ ਸਿੰਘ ਨੇ ਹੁਰੀਅਤ ਕਨਫਰੰਸ ਦੇ ਚੇਅਰਮੈਨ ਸਈਅਦ ਅਲੀ ਗਿਲਾਨੀ ਵੱਲੋਂ ਕਸ਼ਮੀਰੀ ਮੀਡੀਆ ਵਿੱਚ ਦਿੱਲੀ ਕਮੇਟੀ ਦੀ ਹੜ੍ਹਾਂ ਦੌਰਾਨ ਨਿਭਾਈ ਗਈ ਉਸਾਰੂ ਭੁੂਮਿਕਾ ਦੀ ਤਾਰੀਫ ਕਰਨ ਦਾ ਵੀ ਹਵਾਲਾ ਦਿੱਤਾ।
ਉਨ੍ਹਾਂ ਕਿਹਾ ਕਿ ਇਕ ਪਾਸੇ ਕਸ਼ਮੀਰ ਦੇ ਵਸਨੀਕ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਗਏ ਰਾਹਤ ਕਾਰਜਾਂ ਦੀ ਸ਼ਲਾਘਾ ਕਰਦੇ ਨਹੀਂ ਥੱਕਦੇ ਤੇ ਦੂਜੇ ਪਾਸੇ ਸਰਨਾ ਭਰਾਂ ਬਿਨਾ ਤੱਥਿਆਂ ਦੇ ਦਿੱਲੀ ਕਮੇਟੀ ਤੇ ਦੋਸ਼ ਲਗਾਕੇ ਆਪਣੀ ਸਿਆਸੀ ਕਿੜ ਕੱਢਣ ਦਾ ਕੋਈ ਮੌਕਾ ਆਪਣੇ ਹੱਥੋ ਨਹੀਂ ਖੂਜਾਂਦੇ। ਸਰਨਾ ਵੱਲੋਂ ਹੜ੍ਹਾਂ ਦੌਰਾਨ ਕਮੇਟੀ ਪ੍ਰਬੰਧਕਾਂ ਤੇ ਚਾਰਟਡ ਪਲੇਨ ਰਾਹੀਂ ਹਵਾਈ ਯਾਤਰਾ ਕਰਨ ਦੇ ਲਗਾਏ ਗਏ ਦੋਸ਼ ਨੂੰ ਵੀ ਗਲਤ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਜਿਸ ਚਾਰਟਡ ਪਲੇਨ ਰਾਹੀਂ ਲਗਭਗ 25 ਟਨ ਰਾਹਤ ਸਾਮਗਰੀ ਅਤੇ ਕਿਸ਼ਤੀਆਂ ਗਈਆਂ ਸਨ ਉਹ ਭਾਰਤ ਸਰਕਾਰ ਵੱਲੋਂ ਕਮੇਟੀ ਨੂੰ ਮੁਹਇਆ ਕਰਵਾਇਆ ਗਿਆ ਸੀ।
Check Also
ਵਿਸ਼ਵ ਚੈਂਪੀਅਨ ਗੁਕੇਸ਼ ਲਈ ਸ਼ਤਰੰਜ ਬਣਾਉਣ ਵਾਲੇ ਕਾਰੀਗਰਾਂ ਨੂੰ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨਿਤ
ਅੰਮ੍ਰਿਤਸਰ ਦੀ ਸ਼ਤਰੰਜ ਕਲਾ ਨੂੰ ਵਿਸ਼ਵ ਭਰ ਵਿੱਚ ਪ੍ਰਮੋਟ ਕਰਨ ਦੇ ਕੀਤੇ ਜਾਣਗੇ ਯਤਨ ਅੰਮ੍ਰਿਤਸਰ, …