ਸੇਵਾਵਾਂ ਹਾਸਲ ਕਰਨ ਲਈ ਅਗੇਤੀ ਪ੍ਰਵਾਨਗੀ ਲੈਣੀ ਲਾਜ਼ਮੀ
ਨਵਾਂਸ਼ਹਿਰ, 23 ਮਈ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਸੇਵਾ ਕੇਂਦਰਾਂ ਵੱਲੋਂ ਕੋਰੋਨਾ ਮਹਾਮਾਰੀ ਦੌਰਾਨ ਵੀ ਨਾਗਰਿਕਾਂ ਨੂੰ ਬਿਹਤਰ ਤੇ ਸੁਰੱਖਿਅਤ ਵਾਤਾਵਰਨ ਵਿਚ ਨਿਰਵਿਘਨ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਚੱਲ ਰਹੇ ਸੇਵਾ ਕੇਂਦਰਾਂ ਨੇ ਕੋਰੋਨਾ ਕਾਲ ਦੌਰਾਨ ਇਕ ਸਾਲ ਦੇ ਸਮੇਂ ਵਿਚ 91246 ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਹਨ।21 ਮਈ 2020 ਤੋਂ 20 ਮਈ 2021 ਦੇ ਇਕ ਸਾਲ ਦੇ ਸਮੇਂ ਦੌਰਾਨ ਸੇਵਾ ਕੇਂਦਰਾਂ ਵਿਚ ਵੱਖ-ਵੱਖ ਸੇਵਾਵਾਂ ਹਾਸਲ ਕਰਨ ਲਈ 93326 ਅਰਜ਼ੀਆਂ ਆਈਆਂ, ਜਿਨ੍ਹਾਂ ਵਿਚੋਂ 91246 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ, ਜਦਕਿ ਬਾਕੀ ਵਿਚਾਰ ਅਧੀਨ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਇਸ ਵੇਲੇ 17 ਸੇਵਾ ਕੇਂਦਰਾਂ ਵੱਲੋਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਇੱਕ ਟਾਈਪ-1, ਚਾਰ ਟਾਈਪ-2 ਅਤੇ 12 ਟਾਈਪ-3 ਸੇਵਾ ਕੇਂਦਰ ਸ਼ਾਮਲ ਹਨ।ਉਨ੍ਹਾਂ ਦੱਸਿਆ ਕਿ ਕੋਰੋਨਾ ਕਾਲ ਵਿਚ ਵੀ ਲੋਕਾਂ ਦੀ ਸੁਵਿਧਾ ਨੂੰ ਮੁੱਖ ਰੱਖਦਿਆਂ ਸੇਵਾ ਕੇਂਦਰ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਵੱਖ-ਵੱਖ ਸੇਵਾਵਾਂ ਪ੍ਰਦਾਨ ਕਰ ਰਹੇ ਹਨ।ਕੋਵਿਡ ਕਾਰਨ ਹੁਣ ਸੇਵਾ ਕੇਂਦਰਾਂ ਦੇ ਸਟਾਫ ਅਤੇ ਕੰਮਕਾਜ਼ ਲਈ ਆਉਣ ਵਾਲੇ ਨਾਗਰਿਕਾਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸੇਵਾ ਕੇਂਦਰਾਂ ਵਿਚ ਕੀਤੀ ਜਾਂਦੀ ਫੀਸ ਦੀ ਅਦਾਇਗੀ ਵੀ ਡਿਜ਼ੀਟਲ ਮੋਡ ਅਤੇ ਪੀ.ਓ.ਐਸ ਮਸ਼ੀਨਾਂ ਰਾਹੀਂ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਵਿਚੋਂ ਕੋਈ ਵੀ ਸੇਵਾ ਲੈਣ ਲਈ ਹੁਣ ਅਗੇਤੀ ਪ੍ਰਵਾਨਗੀ ਲੈਣੀ ਲਾਜ਼ਮੀ ਕੀਤੀ ਗਈ ਹੈ ਅਤੇ ਅਗੇਤੀ ਪ੍ਰਵਾਨਗੀ ਤੋਂ ਬਿਨ੍ਹਾਂ ਕਿਸੇ ਵੀ ਬਿਨੈਕਾਰ ਨੂੰ ਸੇਵਾ ਪ੍ਰਦਾਨ ਨਹੀਂ ਕੀਤੀ ਜਾ ਰਹੀ।ਉਨ੍ਹਾਂ ਦੱਸਿਆ ਕਿ ਅਗੇਤੀ ਪ੍ਰਵਾਨਗੀ ਮੋਬਾਈਲ ਐਪ ‘ਐਮ-ਸੇਵਾ’, ‘ਕੋਵਾ’, ਸੇਵਾ ਕੇਂਦਰਾਂ ਦੀ ਵੈਬਸਾਈਟ ਜਾਂ ਮੋਬਾਈਲ ਨੰਬਰ 8968593812 ਅਤੇ 8968593813 ‘ਤੇ ਸੰਪਰਕ ਕਰਕੇ ਲਈ ਜਾ ਸਕਦੀ ਹੈ।ਸੇਵਾ ਕੇਂਦਰਾਂ ਅੰਦਰ ਸਟਾਫ ਅਤੇ ਨਾਗਰਿਕਾਂ ਲਈ ਮਾਸਕ ਪਾਉਣਾ ਅਤਿ ਲਾਜ਼ਮੀ ਹੈ ਅਤੇ ਸੇਵਾ ਕੇਂਦਰਾਂ ਦੇ ਅੰਦਰ ਸੇਵਾ ਕਾਊਂਟਰਾਂ ਦੀ ਗਿਣਤੀ ਅਨੁਸਾਰ ਹੀ ਪ੍ਰਾਰਥੀ ਜਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ ਵੱਲੋਂ ਸਪੀਡ ਪੋਸਟ ਅਤੇ ਕੋਰੀਅਰ ਸੇਵਾ ਰਾਹੀਂ ਨਾਗਰਿਕਾਂ ਨੂੰ ਉਨ੍ਹਾਂ ਦੇ ਦਸਤਾਵੇਜ਼ ਘਰ ਬੈਠਿਆਂ ਹੀ ਪਹੰੁਚਾਉਣ ਦਾ ਉਪਰਾਲਾ ਵੀ ਕੀਤਾ ਗਿਆ ਹੈ।