ਸ਼੍ਰੋਮਣੀ ਕਮੇਟੀ ਦੇ ਕੋਰੋਨਾ ਕੇਅਰ ਕੇਂਦਰਾਂ ’ਚੋਂ ਤੰਦਰੁਸਤ ਹੋਏ ਸੈਂਕੜੇ ਮਰੀਜ਼ – ਬੀਬੀ ਜਗੀਰ ਕੌਰ
ਅੰਮ੍ਰਿਤਸਰ, 23 ਮਈ (ਗੁਰਪ੍ਰੀਤ ਸਿੰਘ) – ਕੋਰੋਨਾ ਮਹਾਂਮਾਰੀ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਤਹਿਤ ਅੱਜ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ ਵਿਖੇ ਸੱਤਵਾਂ ਕੋਰੋਨਾ ਕੇਅਰ ਕੇਂਦਰ ਸਥਾਪਿਤ ਕੀਤਾ ਗਿਆ।ਜਿਸ ਦਾ ਉਦਘਾਟਨ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਡਾ. ਦਲਜੀਤ ਸਿੰਘ ਚੀਮਾਂ ਨੇ ਸਾਂਝੇ ਤੌਰ ’ਤੇ ਕੀਤਾ।ਇਸ ਕੋਰੋਨਾ ਕੇਅਰ ਕੇਂਦਰ ਵਿੱਚ 25 ਬੈਡ ਲਗਾਏ ਗਏ ਹਨ ਅਤੇ ਕੋਰੋਨਾ ਮਰੀਜਾਂ ਲਈ 24 ਘੰਟੇ ਕੰਨਸਨਟਰੇਟਰਾਂ ਰਾਹੀਂ ਆਕਸੀਜਨ ਦਾ ਪ੍ਰਬੰਧ ਕੀਤਾ ਗਿਆ ਹੈ।ਸ਼੍ਰੋਮਣੀ ਕਮੇਟੀ ਵੱਲੋਂ ਸਥਾਪਿਤ ਇਸ ਕੋਰੋਨਾ ਕੇਅਰ ਕੇਂਦਰ ਵਿਚ ਆਈ.ਐਮ.ਏ ਰੋਪੜ ਵੱਲੋਂ ਵੀ ਪੂਰਾ ਸਹਿਯੋਗ ਕੀਤਾ ਜਾਵੇਗਾ।
ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਗੁਰੂ ਸਾਹਿਬਾਨ ਦੇ ਸਿਧਾਂਤਾਂ ਅਨੁਸਾਰ ਹਰ ਔਖੀ ਘੜੀ ਮਨੁੱਖਤਾ ਦੇ ਨਾਲ ਖੜ੍ਹਦੀ ਹੈ ਅਤੇ ਅੱਜ ਕੋਰੋਨਾ ਦੇ ਦੌਰ ਅੰਦਰ ਵੀ ਆਪਣਾ ਫਰਜ਼ ਸਮਝਦਿਆਂ ਸੇਵਾਵਾਂ ਦੇ ਰਹੀ ਹੈ।ਹੁਣ ਤੱਕ ਸੱਤ ਕੋਰੋਨਾਂ ਕੇਅਰ ਕੇਂਦਰ ਵੱਖ-ਵੱਖ ਜਿਲ੍ਹਿਆ ਵਿੱਚ ਸਥਾਪਤ ਕੀਤੇ ਹਨ, ਜਿਥੋਂ ਹੁਣ ਤੱਕ ਸੈਂਕੜੇ ਮਰੀਜ ਤੰਦਰੁਸਤ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ।ਉਨ੍ਹਾਂ ਕਿਹਾ ਕਿ ਰੋਪੜ ਵਿਖੇ ਆਈ.ਐਮ.ਏ ਦੇ ਸਹਿਯੋਗ ਨਾਲ ਕੋਰੋਨਾ ਕੇਅਰ ਕੇਂਦਰ ਖੋਲਿਆ ਗਿਆ ਹੈ ਅਤੇ ਏਥੇ ਮਰੀਜਾਂ ਨੂੰ ਲੈਵਲ 1 ਤੇ ਲੈਵਲ 2 ਦੀਆਂ ਸੇਹਤ ਸੇਵਾਵਾਂ ਦਿੱਤੀਆਂ ਜਾਣਗੀਆਂ।ਜਿਹੜੇ ਮਰੀਜ ਸੀਰੀਅਸ ਹੋਣਗੇ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਨੇੜਲੇ ਹਸਪਤਾਲਾਂ ਤੱਕ ਲੈਜਾਇਆ ਜਾਵੇਗਾ।ਬੀਬੀ ਜਗੀਰ ਕੌਰ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਲੋੜ ਪੈਣ ’ਤੇ ਸ਼੍ਰੋਮਣੀ ਕਮੇਟੀ ਦੇ ਕੋਰੋਨਾ ਕੇਅਰ ਕੇਂਦਰਾਂ ਵਿਚ ਪਹੁੰਚਣ ਜਿਥੇ ਉਨ੍ਹਾਂ ਨੂੰ ਬੇਹਤਰ ਇਲਾਜ਼ ਦੇ ਨਾਲ-ਨਾਲ ਦਵਾਈਆਂ ਅਤੇ ਲੰਗਰ ਦੀ ਸਹੂਲਤ ਵੀ ਦਿੱਤੀ ਜਾਵੇਗੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਸੂਬੇ ਅੰਦਰ ਬਣੇ ਹਲਾਤਾਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ, ਜਦਕਿ ਸਿੱਖ ਸੰਸਥਾ ਸ੍ਰੋਮਣੀ ਕਮੇਟੀ ਨੇ ਕੋਰੋਨਾ ਮਰੀਜਾਂ ਦੀ ਸੇਵਾ ਕਰਕੇ ਮਿਸਾਲ ਕਾਇਮ ਕੀਤੀ ਹੈ।ਉਨ੍ਹਾਂ ਰੋਪੜ ਵਿਖੇ ਖੋਲੇ ਗਏ ਕੋਰੋਨਾ ਵਾਰਡ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੇ ਨਾਲ ਨਾਲ ਸਹਿਯੋਗ ਲਈ ਡਾ. ਦਲਜੀਤ ਸਿੰਘ ਚੀਮਾਂ ਅਤੇ ਆਈ.ਐਮ.ਏ ਰੋਪੜ ਦੇ ਨੁਮਾਇੰਦਿਆ ਦਾ ਧੰਨਵਾਦ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਅੰਤ੍ਰਿੰਗ ਮੈਂਬਰ ਅਜਮੇਰ ਸਿੰਘ ਖੇੜਾ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ, ਚਰਨਜੀਤ ਸਿੰਘ ਕਾਲੇਵਾਲ, ਪਰਮਜੀਤ ਸਿੰਘ ਲੱਖੇਵਾਲ, ਜਰਨੈਲ ਸਿੰਘ ਡੋਗਰਾਂਵਾਲਾ, ਜਰਨੈਲ ਸਿੰਘ ਕਰਤਾਰਪੁਰ, ਸੁਰਿੰਦਰ ਸਿੰਘ ਗੋਗੀ ਜ਼ਿਲ੍ਹਾ ਪ੍ਰਧਾਨ ਰੋਪੜ, ਵਧੀਕ ਸਕੱਤਰ ਇੰਜ: ਸੁਖਮਿੰਦਰ ਸਿੰਘ, ਓ.ਐਸ.ਡੀ ਡਾ. ਅਮਰੀਕ ਸਿੰਘ ਤੇ ਡਾ. ਸੁਖਬੀਰ ਸਿੰਘ, ਇੰਦਰਪਾਲ ਸਿੰਘ ਚੱਢਾ, ਪਰਮਜੀਤ ਸਿੰਘ ਮੱਕੜ, ਹਰਮੋਹਣ ਸਿੰਘ, ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੇ ਮੈਨੇਜਰ ਅਮਰਜੀਤ ਸਿੰਘ ਜਿੰਦਵੜ੍ਹੀ, ਨੱਥਾ ਸਿੰਘ ਮੈਨੇਜਰ ਸਮੇਤ ਹੋਰ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …