ਅੰਮ੍ਰਿਤਸਰ, ੪ ਨਵੰਬਰ (ਦੀਪ ਦਵਿੰਦਰ)- ਸਰਹੱਦੀ ਸਾਹਿਤ ਸਭਾ ਅੰਮ੍ਰਿਤਸਰ ਵੱਲੋਂ ਉੱਘੇ ਲੇਖਕ ਅਤੇ ਪੱਤਰਕਾਰ ,ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨਾਲ ਰੂ ਬ ਰੂ ਪ੍ਰੋਗਰਾਮ ਤਹਿਤ ਸੰਵਾਦ ਰਚਾਇਆ ਗਿਆ। ਇਸ ਸੰਖੇਪ ਪਰ ਭਾਵ ਪੂਰਤ ਸਮਾਰੋਹ ਦੀ ਪ੍ਰਧਾਨਗੀ ਨਾਮਵਰ ਸਾਹਿਤਕਾਰ ਸ਼੍ਰੀ ਨਿਰਮਲ ਅਰਪਣ ,ਕੇਧਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਦੀਪ ਦੇਵਿੰਦਰ ਸਿੰਘ ,ਕਿਹਾਣੀ ਮੰਚ ਅੰਮ੍ਰਿਤਸਰ ਦੇ ਕਨਵੀਨਰ ਮਨਮੋਹਣ ਸਿੰਘ ਬਾਸਰਕੇ ਅਤੇ ਸਭਾ ਦੇ ਜਨਰਲ ਸਕੱਤਰ ਪ੍ਰਤਾਪ ਕਠਾਨੀਆਂ ਨੇ ਸਾਂਝੇ ਤੌਰ ਤੇ ਕੀਤੀ ।
ਸਭ ਤੋਂ ਪਹਿਲਾਂ ਧਰਵਿੰਦਰ ਔਲਖ ਨੇ ਆਪਣੀ ਕਹਾਣੀ ਅਰਜਨ ਦੀ ਮੌਤ ਪੜੀ, ਜਿਸ ਬਾਰੇ ਵੱਖ ਵੱਖ ਲੇਖਕਾਂ ਨੇ ਉਸਾਰੂ ਵਿਚਾਰ ਪੇਸ਼ ਕੀਤੇ ।ਹਾਜ਼ਰ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਵੱਲੋਂ ਕੀਤੇ ਗਏ ਸੰਜੀਦਾ ਸਵਾਲਾਂ ਦੇ ਜਵਾਬ ਗੰਭੀਰਤਾ ਨਾਲ ਦਿੰਦਿਆਂ ਕਿਹਾ ਕਿ ਉਹਨਾਂ ਨੇ ੧੯੯੦ ਵਿੱਚ ਪੰਜਾਬੀ ਸਾਹਿਤ ਸਭਾ ਚੋਗਾਵਾਂ ਦੀ ਸਥਾਪਨਾ ਕੀਤੀ ਸੀ, ਜਿਸ ਦੇ ਪਹਿਲੇ ਜਨਰਲ ਸਕੱਤਰ ਉਹ ਬਣੇ ਸਨ।ਸਭਾ ਵਿੱਚ ਰਹਿ ਕੇ ਵੱਖ ਵੱਖ ਮਹੱਤਵ ਪੂਰਨ ਅਹੁਦਿਆਂ ਤੇ ਕੰਮ ਕਰਦੇ ਹੋਏ ਉਹ ਪਿਛਲੇ ੧੬ ਸਾਲਾਂ ਤੋਂ ਲਗਾਤਾਰ ਸਭਾ ਦੀ ਪ੍ਰਧਾਨਗੀ ਦੇ ਫਰਜ ਨਿਭਾਉਣ ਤੋਂ ਇਲਾਵਾ ਜਲੰਧਰ ਤੋਂ ਛੱਪਦੀ ਇੱਕ ਪੰਜਾਬੀ ਅਖਬਾਰ ਦੇ ਪੱਤਰਕਾਰ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ।ਉਹਨਾਂ ਦੱਸਿਆ ਕਿ ਪਿਛਲੇ ਢਾਈ ਦਹਾਕਿਆ ਤੋਂ ਜਿੱਥੇ ਉਹਨਾਂ ਦੀਆਂ ਰਚਨਾਵਾਂ ਚਰਚਿਤ ਪੰਜਾਬੀ ਅਖਬਾਰਾਂ ਤੇ ਮੈਗਜ਼ੀਨਾਂ ਚ ਲਗਾਤਾਰ ਪ੍ਰਕਾਸ਼ਿਤ ਹੋ ਰਹੀਆਂ ਹਨ ਉਥੇ ਨਾਲ ਹੀ ਉਹ ਸਾਹਿਤ ਸਭਾ ਵੱਲੋਂ ਪ੍ਰਕਾਸ਼ਿਤ ਕੀਤੇ ਜਾ ਰਹੇ ਮੈਗਜ਼ੀਨ ਨਵੀਂ ਰੌਸ਼ਨੀ ਅਤੇ ਇਤਿਹਾਸ ਬੋਲਦਾ ਹੈ ਮੈਗਜ਼ੀਨ ਦੇ ਸੰਪਾਦਕ ਵਜੋਂ ਵੀ ਆਪਣੇ ਫਰਜ਼ ਨਿਭਾ ਰਹੇ ਹਨ।ਉਹਨਾਂ ਦੱਸਿਆ ਕਿ ਉਹ ਇਸ ਵੇਲੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਵਿਸ਼ੇਸ਼ ਨਿਮੰਤਰਤ ਮੈਂਬਰ, ਤਰਕਸ਼ੀਲ ਸੋਸਾਇਟੀ ਪੰਜਾਬ, ਇਕਾਈ ਅੰਮ੍ਰਿਤਸਰ ਦੇ ਮੀਡੀਆ ਇੰਚਾਰਜ ,ਸਰਹੱਦੀ ਪੱਤਰਕਾਰ ਮੰਚ ਜਿਲਾ ਅੰਮ੍ਰਿਤਸਰ ਦੇ ਪ੍ਰਧਾਨ, ਸਾਂਈ ਮੀਆਂ ਮੀਰ ਇੰਟਰਨੈਸ਼ਨਲ ਫਾਊਡੇਂਸਨ ਪੰਜਾਬ ਦੇ ਮੀਡੀਆ ਸਲਾਹਕਾਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਹਾਲੀ ਦੀ ਮੈਨੇਜਮੈਂਟ ਕਮੇਟੀ ਦੇ ਉੱਪ ਚੇਅਰਮੈਨ ਅਤੇ ਵਿਰਸਾ ਵਿਹਾਰ ਸੋਸਾਇਟੀ ਦੀ ਅਮ੍ਰਿਤਾ ਪ੍ਰੀਤਮ ਸਾਹਿਤ ਸਦਨ ਕਮੇਟੀ ਦੇ ਮੈਂਬਰ ਵਜੋਂ ਵੀ ਕਾਰਜਸ਼ੀਲ ਹਨ।
ਤ੍ਰੈ ਮਾਸਿਕ ਮੈਗਜ਼ੀਨ ਦੀਪਕ ਦੇ ਸਹਾਇਕ ਸੰਪਾਦਕ ਵਜੋਂ ਕੰਮ ਰਹੇ ਧਰਵਿੰਦਰ ਔਲਖ ਨੇ ਦੱਸਿਆ ਕਿ ਉਹਨਾਂ ਨੇ ਨਵਾਂ ਜਮਾਨਾ ਅਖਬਾਰ ਲਈ ਚਰਚਿ’ਤ ਸਾਹਿਤਕਾਰਾਂ ਦੀਆਂ ਮੁਲਾਕਾਤਾਂ ਕਰਦੇ ਰਹੇ ਹਨ ਅਤੇ ਅਜਕਲ ਉਹ ਪ੍ਰੇਮ ਗੋਰਖੀ ਅਤੇ ਇੰਦਰਜੀਤ ਪੁਰੇਵਾਲ ਦੀ ਸੰਪਾਦਨਾ ਹੇਠ ਛੱਪ ਰਹੇ ਵੱਡ ਅਕਾਰੀ ਮੈਗਜ਼ੀਨ ਕੁੰਭ ਲਈ ਵੀ ਲੜੀਵਾਰ ਲੇਖਕਾਂ ਦੀਆਂ ਮੁਲਾਕਾਤਾਂ ਕਰ ਰਹੇ ਹਨ।ਉਹਨਾਂ ਦੱਸਿਆ ਕਿ ਰੁਜਗਾਰ ਵਜੋਂ ਉਹ ਐਲ. ਆਈ. ਸੀ ਕੰਪਨੀ ਦੇ ਏਜੰਟ ਤੋਂ ਸ਼ੁਰੂ ਕਰਕੇ ਚੀਫ ਲਾਈਫ ਇੰਸ਼ੋਰੰਸ ਅਡਵਾਈਜਰ ਤੱਕ ਦਾ ਸਫਰ ਤਹਿ ਕਰ ਚੁੱਕੇ ਹਨ।ਉਹਨਾਂ ਕਿਹਾ ਕਿ ਜਿਥੇ ਉਹਨਾਂ ਨੂੰ ਪਾਠਕਾਂ ਦਾ ਨਿੱਘਾ ਪਿਆਰ ਮਿਲ ਰਿਹਾ ਹੈ ਉਥੇ ਬਹੁਤ ਸਾਰੀਆਂ ਸਾਹਿਤਕ, ਸਭਿਆਚਾਰਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਵੀੌ ਉਹਨਾਂ ਨੂੰ ਅਨੇਕਾਂ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ।ਇਸ ਰੂ ਬ ਰੂ ਸਮਾਗਮ ਸਮੇ ਸਰਹੱਦੀ ਸਾਹਿਤ ਸਭਾ ਅੰਮ੍ਰਿਤਸਰ ਵੱਲੋਂ ਧਰਵਿੰਦਰ ਔਲਖ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਸਭਾ ਦੇ ਪ੍ਰਧਾਨ ਮਹਿੰਦਰਪਾਲ ਬਾਵਾ,ਪ੍ਰਿੰ ਗੁਰਬਾਜ ਸਿੰਘ ਤੋਲਾ ਨੰਗਲ, ਸਤਨਾਮ ਸਿੰਘ ਮੂਧਲ, ਗਿਆਨੀ ਪਿਆਰਾ ਸਿੰਘ ਜਾਚਕ, ਅਮਰੀਕ ਸਿੰਘ ਸ਼ੇਰਗਿਲ, ਹਰਜਸ ਦਿਲਬਰ, ਅਜੀਤ ਨਬੀਪੁਰੀ, ਰਜਿੰਦਰ ਸਿੰਘ ਧੰਜੂ, ਰੇਖਾ ਸ਼ੇਰਗਿਲ, ਗੁਰਬਖਸ਼ ਨੰਦਾ, ਸੁਰਿੰਦਰ ਪਾਸੀ, ਜਸਵਿੰਦਰ ਕਲਾਨੌਰੀਆ ਆਦਿ ਲੇਖਕ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …