Monday, December 23, 2024

ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਅਹਿਮ ਫੈਸਲਿਆਂ ’ਤੇ ਮੋਹਰ

ਸ੍ਰੀ ਹਰਿਮੰਦਰ ਸਾਹਿਬ ਦੇ ਤੋਸ਼ਾਖਾਨਾ ਦੀਆਂ ਵਸਤਾਂ ਦੀ ਵੀਡੀਓ ਤੇ ਫੋਟੋਗ੍ਰਾਫੀ ਹੋਵੇਗੀ-ਬੀਬੀ ਜਗੀਰ ਕੌਰ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਤੋਸ਼ਾਖਾਨਾ ਦੀਆਂ ਬੇਸ਼ਕੀਮਤੀ ਇਤਿਹਾਸਕ ਵਸਤਾਂ ਦੀ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਕਰਕੇ ਸੰਭਾਲਣ ਦਾ ਫੈਸਲਾ ਕੀਤਾ ਹੈ।ਇਸ ਦੇ ਨਾਲ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬਾਨ ਦੀਆਂ ਰਿਹਾਇਸ਼ਾਂ ਵੀ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾਂ ਦੇ ਉੱਪਰ ਵਾਲੇ ਕਮਰਿਆਂ ਦੀ ਥਾਂ ਆਟਾ ਮੰਡੀ ਦਰਵਾਜ਼ੇ ਦੇ ਸਾਹਮਣੇ ਬਣਾਈਆਂ ਜਾਣਗੀਆਂ।ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਵਿਚ ਅੱਜ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਇਹ ਫੈਸਲਾ ਲਿਆ ਗਿਆ ਹੈ।
                      ਇਕੱਤਰਤਾ ਮਗਰੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਗੁਰਪੁਰਬਾਂ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਜਾਂਦੇ ਜਲੌ ਦੀਆਂ ਇਤਿਹਾਸਕ ਵਸਤਾਂ ਜੋ ਤੋਸ਼ਾਖਾਨਾ ਵਿਚ ਸੁਰੱਖਿਅਤ ਹਨ, ਦੀ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਕਰ ਕੇ ਸੰਭਾਲੀ ਜਾਵੇਗੀ।ਇਸ ਤੋਂ ਇਲਾਵਾ ਤੋਸ਼ਾਖਾਨਾ ਨੂੰ ਵੀ ਆਧੁਨਿਕ ਤਕਨੀਕ ਨਾਲ ਨਵਿਆਇਆ ਜਾਵੇਗਾ।ਬੀਬੀ ਜਗੀਰ ਕੌਰ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਗ੍ਰੰਥੀ ਸਿੰਘ ਸਾਹਿਬਾਨ ਦੀਆਂ ਰਿਹਾਇਸ਼ਾਂ ਪ੍ਰੀਕਰਮਾ ਤੋਂ ਬਾਹਰ ਕਰਨ ਲਈ ਵਿਸ਼ੇਸ਼ ਕੁਆਰਟਰ ਤਿਆਰ ਦਾ ਵੀ ਫੈਸਲਾ ਕੀਤਾ ਹੈ।ਇਸ ਲਈ ਆਟਾ ਮੰਡੀ ਦਰਵਾਜ਼ੇ ਦੇ ਸਾਹਮਣੇ ਵਾਲੀ ਜਗ੍ਹਾ ਦੀ ਵਰਤੋਂ ਕੀਤੀ ਜਾਵੇਗੀ।
                       ਬੀਬੀ ਜਗੀਰ ਕੌਰ ਨੇ ਦੱਸਿਆ ਕਿ ਗੁਰਦੁਆਰਾ ਸਾਹਿਬਾਨ ਦੀਆਂ ਸਰਾਵਾਂ ਦੇ ਸੇਵਾਦਾਰਾਂ ਅਤੇ ਹੋਰ ਕਰਮਚਾਰੀਆਂ ਨੂੰ ਸੇਵਾ ਸੰਭਾਲ ਲਈ ਟ੍ਰੇਨਿੰਗ ਦਿੱਤੀ ਜਾਵੇਗੀ।ਇਸ ਲਈ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਕੈਟਰਿੰਗ ਤੇ ਨਿਊਟ੍ਰੇਸ਼ਨ ਗੁਰਦਾਸਪੁਰ ਦਾ ਸਹਿਯੋਗ ਲਿਆ ਜਾਵੇਗਾ।ਇਸ ਸੰਸਥਾ ਵਿਚ ਵਾਰੀ ਸਿਰ ਸੇਵਾਦਾਰਾਂ ਨੂੰ ਭੇਜਿਆ ਜਾਵੇਗਾ, ਜਿਥੇ ਉਹ ਟ੍ਰੇਨਿੰਗ ਪ੍ਰਾਪਤ ਕਰਨਗੇ।ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਆਉਂਦੇ ਸ਼ਰਧਾਲੂਆਂ ਲਈ ਨਵੀਆਂ ਸਰਾਵਾਂ ਵੀ ਜਲਦ ਸ਼ੁਰੂ ਕੀਤੀਆਂ ਜਾਣਗੀਆਂ।
                   ਇਸ ਦੇ ਨਾਲ ਹੀ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦੇ ਇਤਿਹਾਸਕ ਖੂਹ ਦੀ ਸਾਫ਼ ਸਫਾਈ ਅਤੇ ਲੋੜ ਅਨੁਸਾਰ ਮੁਰੰਮਤ ਕੀਤੀ ਜਾਵੇਗੀ।ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬਾਨ, ਧਰਮ ਪ੍ਰਚਾਰ ਕਮੇਟੀ ਅਤੇ ਹੋਰ ਅਦਾਰਿਆਂ ਦੀਆਂ ਜ਼ਮੀਨਾਂ ਦੇ ਮੁਲਾਂਕਣ ਲਈ ਰੈਵੀਨਿਊ ਕਮੇਟੀ ਬਣਾਈ ਗਈ ਹੈ, ਜੋ ਜਾਇਦਾਦਾਂ ਦੇ ਮਾਮਲਿਆਂ ਦਾ ਸਰਲੀਕਰਨ ਕਰਨ ਲਈ ਆਪਣੀ ਰਿਪੋਰਟ ਦੇਵੇਗੀ।ਬੀਬੀ ਜਗੀਰ ਕੌਰ ਨੇ ਲੰਗਰ ਸ੍ਰੀ ਗੁਰੂ ਰਾਮਦਾਸ ਲਈ ਸੋਲਰ ਸਿਸਟਮ ਲਗਾਉਣ ਲਈ ਯੂਨਾਈਟਡ ਸਿੱਖ ਮਿਸ਼ਨ ਅਮਰੀਕਾ ਦਾ ਧੰਨਵਾਦ ਕੀਤਾ ਅਤੇ ਜਲਦ ਹੀ ਭਾਫ਼ ਵਿਧੀ ਰਾਹੀਂ ਰਸੋਈ ਤਿਆਰ ਕਰਨ ਦੀ ਵਚਨਬੱਧਤਾ ਪ੍ਰਗਟਾਈ।ਬੀਬੀ ਜਗੀਰ ਕੌਰ ਨੇ ਇਹ ਵੀ ਦੱਸਿਆ ਕਿ ਕੋਰੋਨਾ ਵੈਕਸੀਨ ਲਈ ਸ਼੍ਰੋਮਣੀ ਕਮੇਟੀ ਨਿਰੰਤਰ ਆਪਣੀ ਸੇਵਾ ਨਿਭਾਅ ਰਹੀ ਹੈ ਅਤੇ ਇਸੇ ਤਹਿਤ ਭਲਕੇ 19 ਜੂਨ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੋਰੋਨਾ ਵੈਕਸੀਨ ਕੈਂਪ ਸ਼ੁਰੂ ਕੀਤਾ ਜਾਵੇਗਾ।ਇਸੇ ਦੌਰਾਨ ਅੰਤ੍ਰਿੰਗ ਕਮੇਟੀ ਵੱਲੋਂ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਸਾਬਕਾ ਹੈਡ ਗ੍ਰੰਥੀ ਗਿਆਨੀ ਭਗਵਾਨ ਸਿੰਘ ਦੇ ਅਕਾਲ ਚਲਾਣੇ ’ਤੇ ਸ਼ੋਕ ਮਤੇ ਪੜ੍ਹੇ ਗਏ ਅਤੇ ਵਿਛੜੀਆਂ ਰੂਹਾਂ ਨੂੰ ਮੂਲਮੰਤਰ ਦਾ ਪਾਠ ਕਰਕੇ ਸ਼ਰਧਾਜ਼ਲੀ ਦਿੱਤੀ ਗਈ।ਇਸ ਦੇ ਨਾਲ ਹੀ ਬੀਤੇ ਸਮੇਂ ਚਲਾਣਾ ਕਰ ਗਏ ਸ਼੍ਰੋਮਣੀ ਕਮੇਟੀ ਮੈਂਬਰ ਸੰਤ ਦਲਬਾਰ ਸਿੰਘ ਛੀਨੀਵਾਲ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਨੂੰ ਵੀ ਪ੍ਰਵਾਨ ਕੀਤਾ ਗਿਆ।
                  ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਅੰਤ੍ਰਿੰਗ ਕਮੇਟੀ ਨੇ ਐਸ.ਐਸ ਕੋਹਲੀ ਐਸੋਸੀਏਟ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦਾ ਵੀ ਫੈਸਲਾ ਲਿਆ ਹੈ।ਉਨ੍ਹਾਂ ਕਿਹਾ ਕਿ ਸੀ.ਏ ਕੋਹਲੀ ਨੇ ਸੰਸਥਾ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ, ਜਿਸ ਦੇ ਚੱਲਦਿਆਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੇ ਨਾਲ-ਨਾਲ ਉਸ ਦਾ ਲਾਇਸੈਂਸ ਰੱਦ ਕਰਵਾਉਣ ਲਈ ਕਾਰਵਾਈ ਕੀਤੀ ਜਾਵੇਗੀ।ਇਸ ਦੌਰਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੈਕਸ਼ਨ 87 ਦੇ 35 ਗੁਰਦੁਆਰੇ ਸੈਕਸ਼ਨ 85 ਵਿਚ ਲਿਆਉਣ ਲਈ ਭਾਰਤ ਸਰਕਾਰ ਨੂੰ ਲਿਖਿਆ ਗਿਆ ਸੀ, ਪਰੰਤੂ ਸਰਕਾਰ ਨੇ ਅਜੇ ਤੀਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ।ਸ਼੍ਰੋਮਣੀ ਕਮੇਟੀ ਵੱਲੋਂ ਭਾਰਤ ਦੇ ਗ੍ਰਹਿ ਮੰਤਰਾਲੇ ਨੂੰ ਮੁੜ ਲਿਖਿਆ ਜਾਵੇਗਾ, ਤਾਂ ਜੋ ਇਨ੍ਹਾਂ ਗੁਰਦੁਆਰਿਆਂ ਦੀ ਸੇਵਾ-ਸੰਭਾਲ ਸ਼੍ਰੋਮਣੀ ਕਮੇਟੀ ਵੱਲੋਂ ਸਿੱਧੇ ਤੌਰ ’ਤੇ ਕੀਤੀ ਜਾ ਸਕੇ।
                   ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵਡ, ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਮੈਂਬਰ ਨਵਤੇਜ ਸਿੰਘ ਕਾਉਣੀ, ਬਲਦੇਵ ਸਿੰਘ ਚੂੰਘਾਂ, ਸਤਵਿੰਦਰ ਸਿੰਘ ਟੌਹੜਾ, ਅਜਮੇਰ ਸਿੰਘ ਖੇੜਾ, ਭੁਪਿੰਦਰ ਸਿੰਘ ਭਲਵਾਨ, ਬਾਬਾ ਚਰਨਜੀਤ ਸਿੰਘ ਜੱਸੋਵਾਲ, ਹਰਭਜਨ ਸਿੰਘ ਮਸਾਣਾਂ, ਮਿੱਠੂ ਸਿੰਘ ਕਾਹਨੇਕੇ, ਅਮਰੀਕ ਸਿੰਘ ਸ਼ਾਹਪੁਰ, ਸਕੱਤਰ ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ, ਪ੍ਰਤਾਪ ਸਿੰਘ, ਸੁਖਮਿੰਦਰ ਸਿੰਘ, ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਤੇਜਿੰਦਰ ਸਿੰਘ ਪੱਡਾ, ਬਲਵਿੰਦਰ ਸਿੰਘ ਕਾਹਲਵਾਂ, ਮਲਕੀਤ ਸਿੰਘ ਬਹਿੜਵਾਲ, ਓਐਸਡੀ ਸਤਬੀਰ ਸਿੰਘ ਧਾਮੀ, ਡਾ. ਅਮਰੀਕ ਸਿੰਘ ਲਤੀਫਪੁਰ, ਡਾ. ਸੁਖਬੀਰ ਸਿੰਘ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …